ਛੜਿਆਂ ਦੀ ਜੂਨ ਬੁਰੀ


-ਫਤਿਹ ਪ੍ਰਭਾਕਰ
ਪੰਜਾਬੀ ਲੋਕ ਗੀਤ ਦੇ ਇਨ੍ਹਾਂ ਬੋਲਾਂ ਤੋਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਸਾਡੇ ਸਮਾਜ ਵਿੱਚ ‘ਛੜਾ’ ਕਿਸ ਨੂੰ ਕਿਹਾ ਜਾਂਦਾ ਹੈ। ਭਰ ਜਵਾਨੀ ਦੀ ਦਹਿਲੀਜ਼ ਤੋਂ ਬੁਢਾਪੇ ਵੱਲ ਨੂੰ ਵਧ ਰਹੇ ਵਿਅਕਤੀ, ਜਿਸ ਨੂੰ ਗ੍ਰਹਿਸਥੀ ਜੀਵਨ ਚਲਾਉਣ ਲਈ ਆਪਣੀ ਜੀਵਨ ਸਾਥਣ ਨਾ ਲੱਭੀ ਹੋਵੇ, ਨੂੰ ਪੰਜਾਬੀ ਭਸ਼ਾ ਵਿੱਚ ‘ਛੜਾ’ ਕਿਹਾ ਜਾਂਦਾ ਹੈ।
ਪਿੰਡਾਂ ਵਿੱਚ ਥੋੜ੍ਹੀ ਆਬਾਦੀ ਹੋਣ ਕਾਰਨ ਲੋਕ ਇੱਕ ਦੂਸਰੇ ਤੋਂ ਚੰਗੀ ਤਰ੍ਹਾਂ ਵਾਕਫ ਹੁੰਦੇ ਹਨ। ਜਿਸ ਪਰਵਾਰ ਦਾ ਕੋਈ ਮੁੰਡਾ 24-25 ਵਰ੍ਹਿਆਂ ਦਾ ਹੋਵੇ ਤਾਂ ਉਸ ਬਾਰੇ ਗੱਲਾਂ ਹੋਣ ਲੱਗ ਪੈਂਦੀਆਂ ਹਨ ਕਿ ਉਸ ਦਾ ਹੁਣ ਰਿਸ਼ਤਾ ਨਹੀਂ ਹੁੰਦਾ। 30-35 ਤੱਕ ਸਾਲ ਉਸ ਦੀ ਵਿਆਹ ਹੋਣ ਦੀ ਇੱਛਾ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਅਜਿਹੀ ਹਾਲਤ ਵਿੱਚ ਗ੍ਰਹਿਸਥ ਦੇ ਰੱਥ ਨੂੰ ਚਲਾਉਣ ਲਈ ਦੂਸਰੇ ਪਹੀਏ ਦੀ ਪੂਰਤੀ ਨਾ ਹੋਣ ਨਾਲ ਉਸ ਵਿਅਕਤੀ ਦੇ ਵਿਆਹ ਦੇ ਚਾਅ, ਅਰਮਾਨ ਸਭ ਵਿੱਚੇ ਰਹਿ ਜਾਂਦੇ ਹਨ। ਪੰਜਾਬੀ ਸਭਿਆਚਾਰ ‘ਚ ਲੋਕ ਵਿਆਹ ਕਰਾਉਣ ਨੂੰ ਬੂਰ ਦਾ ਲੱਡੂ ਖਾਣ ਦੇ ਬਰਾਬਰ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਨੇ ਖਾਧਾ, ਉਹ ਵੀ ਪਛਤਾਉਂਦਾ ਹੈ ਤੇ ਜਿਸ ਨੇ ਨਹੀਂ ਖਾਧਾ, ਉਹ ਵੀ। ਲੋਕ ਵਿਆਹ ਤੋਂ ਰਹਿ ਗਏ ਬੰਦੇ ਨੂੰ ਛੜਾ ਕਹਿਣ ਲੱਗ ਜਾਂਦੇ ਹਨ। ਉਹ ਜੀਵਨ ਇਕੱਲੇ ਤੌਰ ‘ਤੇ ਜਾਂ ਛੋਟੇ ਵਿਆਹੇ ਭਰਾਵਾਂ ਦੇ ਸੰਗ ਰਲ-ਮਿਲ ਕੇ ਗੁਜ਼ਾਰਦਾ ਹੈ। ਕਈ ਵਾਰੀ ਉਹ ਇਕੱਲਾ ਜੀਵਨ ਜਿਉਂਦਾ ਹੈ। ਅਜਿਹੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸਾਡਾ ਸਮਾਜ ਵਿਆਹੇ ਵਿਅਕਤੀਆਂ ਦੇ ਮੁਕਾਬਲੇ ਕੁਝ ਵੱਖਰੇ ਢੰਗ ਨਾਲ ਦੇਖਦਾ ਹੈ।
ਅਸਲ ਵਿੱਚ ਗ੍ਰਹਿਸਥੀ ਜੀਵਨ ਨੂੰ ਚਲਾਉਣ ਤੇ ਘਰ ਨੂੰ ਸਜਾਉਣ-ਸੰਵਾਰਨ, ਚੁੱਲ੍ਹਾ-ਚੌਂਕਾ ਕਰਨ, ਡੰਗਰ-ਪਸ਼ੂਆਂ ਦੀ ਸਾਂਭ-ਸੰਭਾਲ ਆਦਿ ਦੇ ਕੰਮ ਔਰਤਾਂ ਠੀਕ ਢੰਗ ਨਾਲ ਕਰ ਸਕਦੀਆਂ ਹਨ। ਇਕੱਲਾ ਪੁਰਸ਼ ਔਰਤ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦਾ ਤੇ ਉਸ ਦਾ ਕਿਹੋ ਜਿਹਾ ਹਾਲ ਹੁੰਦਾ ਹੈ, ਇਸ ਦਾ ਵਰਣਨ ਲੋਕ ਗੀਤਾਂ ਵਿੱਚ ਇੰਝ ਕੀਤਾ ਗਿਆ ਹੈ-
ਰੱਬਾ ਸਾਡੀ ਵੀ ਬਣਾ ਦੇ ਕੋਈ ਰਾਣੀ,
ਛੜਿਆਂ ਦੀ ਜੂਨ ਬੁਰੀ,
ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ
ਛੜਿਆਂ ਦੀ ਜੂਨ ਬੁਰੀ।
ਰਹਿਣ-ਸਹਿਣ ਦੇ ਮਾਮਲੇ ਵਿੱਚ ਛੜੇ ਦਾ ਹਾਲ ਵਿਆਹੇ ਨਾਲੋਂ ਵਧੀਆ ਨਹੀਂ ਹੁੰਦਾ, ਇਸ ਬਾਰੇ ਵੀ ਲੋਕ ਗੀਤਾਂ ਵਿੱਚ ਜ਼ਿਕਰ ਕੀਤਾ ਹੈ-
ਛੜਿਆਂ ਦੀ ਮੁੰਜ ਦੀ ਮੰਜੀ
ਰੰਨਾਂ ਵਾਲਿਆਂ ਦੇ ਪਲੰਘ ਨਵਾਰੀ।
ਚੁੱਲ੍ਹੇ-ਚੌਂਕੇ ਦੇ ਮਾਮਲੇ ਵਿੱਚ ਇਕੱਲਾ ਪੁਰਸ਼ ਔਰਤਾਂ ਦੇ ਮੁਕਾਬਲੇ ਪਛੜ ਜਾਂਦਾ ਹੈ। ਆਪਣੀ ਮਰਜ਼ੀ ਭਾਵੇਂ ਦੇਸੀ ਘਿਓ ਦੇ ਤੜਕੇ ਲਗਾ ਕੇ ਖਾਂਦਾ ਹੋਵੇ, ਪਰ ਇਸ ਲੋਕ ਗੀਤ ਵਿੱਚ ਛੜੇ ਬਾਰੇ ਵਰਣਨ ਇੰਜ ਕੀਤਾ ਗਿਆ ਹੈ-
ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ,
ਛੜਿਆਂ ਦੀ ਅੱਗ ਨਾ ਬਲੇ।
ਛੜਿਆਂ ਨੂੰ ਸਾਡਾ ਸਮਾਜ ਸਨਮਾਨਯੋਗ ਸਥਾਨ ਨਹੀਂ ਦਿੰਦਾ। ਪਰ ਆਂਢ-ਗੁਆਂਢ ਵਿੱਚ ਕਦੇ-ਕਦਾਰੇ ਜਦੋਂ ਛੜੇ ਨਾਲ ਵਰਤਾਰਾ ਕਰਨਾ ਪੈਂਦਾ ਹੈ ਤਾਂ ਗੁਆਂਢ ਦੀਆਂ ਔਰਤਾਂ ਝਿਜਕ ਮਹਿਸੂਸ ਕਰਦੀਆਂ ਹਨ, ਜਿਸ ਦਾ ਵਰਣਨ ਇਨ੍ਹਾਂ ਲੋਕ ਗੀਤਾਂ ਰਾਹੀਂ ਮਿਲਦਾ ਹੈ-
ਛੜਿਆਂ ਦੇ ਦੋ ਚੱਕੀਆਂ,
ਕੋਈ ਡਰਦੀ ਪੀਹਣ ਨਾ ਜਾਵੇ।
ਇੱਕ ਹੋਰ ਲੋਕ ਗੀਤ ਵਿੱਚ-
ਕੋਈ ਡਰਦੀ ਮੰਗਣ ਨਾ ਜਾਵੇ,
ਛੜਿਆਂ ਦੇ ਦੋ ਮੰਜੀਆਂ…।
ਸਾਡੇ ਸਮਾਜ ਅੰਦਰ ਦੁੱਖ-ਸੁੱਖ ਆਉਂਦਾ ਰਹਿੰਦਾ ਹੈ ਅਤੇ ਜੇ ਕਿਸੇ ਗੁਆਂਢ ਵਿੱਚ ਵਸਦੇ ਛੜ ਦੀ ਮਾਂ ਮਰ ਜਾਵੇ ਤਾਂ ਗੁਆਂਢ ਦੀਆਂ ਔਰਤਾਂ ਉਸ ਛੜੇ ਦੀ ਮਾਂ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਜਾਣ ਤੋਂ ਵੀ ਕਤਰਾਉਂਦੀਆਂ ਹਨ ਤੇ ਇਸ ਬਾਰੇ ਲੋਕ ਗੀਤ ਹੈ-
ਛੜਿਆਂ ਦੀ ਮਾਂ ਮਰਗੀ,
ਕੋਈ ਡਰਦੀ ਪਿੱਟਣ ਨਾ ਜਾਵੇ।
ਕਈ ਭਰਾਵਾਂ ਵਿੱਚੋਂ ਜਿਹੜਾ ਇੱਕ ਬਦਕਿਸਮਤੀ ਨਾਲ ਛੜਾ ਰਹਿ ਜਾਂਦਾ ਹੈ, ਉਸ ਨੂੰ ਭਰਜਾਈਆਂ ਹਮੇਸ਼ਾ ਕੰਮ-ਕਾਰ ਲਈ ਭੇਜਦੀਆਂ ਤੇ ਆਪਣੇ ਘਰ ਵਾਲਿਆਂ ਨੂੰ ਘਰ ਬਿਠਾਈ ਰੱਖਦੀਆਂ ਹਨ, ਇਸ ਬਾਰੇ ਲੋਕ ਗੀਤ ਹੈ-
ਰੰਨਾਂ ਵਾਲੇ ਘਰ ਸੌਣਗੇ,
ਛੜੇ ਜਾਣਗੇ ਮੱਕੀ ਦੀ ਰਾਖੀ।
ਸਮਾਜ ਵਿੱਚ ਛੜੇ ਜੇਠ ਤੋਂ ਛੋਟੀ ਭਰਜਾਈ ਕਤਰਾਉਂਦੀ ਹੈ ਤੇ ਇਸ ਦੇ ਉਲਟ ਦਿਓਰ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ। ਭਰਜਾਈ ਵਲੋਂ ਛੜੇ ਜੇਠ ਅਤੇ ਦਿਓਰ ਵਿਚਲੇ ਫਰਕ ਦਾ ਬਿਾਨ ਕਰਦੇ ਲੋਕ ਗੀਤ ਦੇ ਬੋਲ-
ਛੜੇ ਜੇਠ ਨੂੰ ਲੱਸੀ ਨ੍ਹੀਂ ਦੇਣੀ,
ਦਿਓਰ ਭਾਵੇਂ ਮੱਝ ਚੁੰਘ ਜਾਏ।
ਇੱਕ ਗੱਲ ਛੜਿਆਂ ਬਾਰੇ ਜ਼ਰੂਰ ਹੈ ਕਿ ਉਹ ਬਹੁਤ ਸ਼ੌਕੀਨ ਹੁੰਦੇ ਹਨ ਤੇ ਹਮੇਸ਼ਾ ਟੌਹਰ ਕੱਢ ਕੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਸ਼ੌਕ ਵੀ ਅਵੱਲੜੇ ਹੀ ਹੁੰਦੇ ਹਨ। ਉਨ੍ਹਾਂ ਦੇ ਸ਼ੌਕ ਬਾਰੇ ਲੋਕ ਗੀਤ ਬਿਆਨ ਕਰਦਾ ਹੈ-
ਕੱਟਾ ਮੁੰਨ ਕੇ ਝਾਂਜਰਾਂ ਪਾਈਆਂ,
ਛੜਿਆਂ ਦਾ ਸ਼ੌਕ ਬੁਰਾ।
ਛੜਿਆਂ ਦੇ ਘਰ ਦੀ ਵੀ ਵੱਖਰੀ ਪਛਾਣ ਹੁੰਦੀ ਹੈ, ਜਿਸ ਬਾਰੇ ਲੋਕ ਗੀਤ ਦੇ ਬੋਲ ਹਨ-
ਛੜਾ ਜੇਠ ਨਾ ਹੋਵੇ ਕਿਸੇ ਨਾਰ ਦਾ ਨੀਂ,
ਛੜਾ ਜੇਠ ਨਾ…।
ਰਹਿੰਦਾ ਲੁਕ ਲੁਕ ਝਾਤੀਆਂ ਮਾਰਦਾ ਨੀਂ,
ਛੜਾ ਜੇਠ ਨਾ…।
ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾਂਦੀ ਹੈ ਸਾਡੇ ਲੋਕ ਗੀਤਾਂ ਰਾਹੀਂ ਉਸ ਵਿਅਕਤੀ ਦੀ, ਜਿਹੜਾ ਵਿਆਹ ਦੇ ਬੰਧਨ ਵਿੱਚ ਨਹੀਂ ਬੱਝਾ ਤੇ ਜਿਸ ਨੂੰ ਸਾਡੇ ਸਮਾਜ ਨੇ ‘ਛੜੇ’ ਦਾ ਨਾਂ ਦਿੱਤਾ ਹੈ। ਪਹਿਲਾਂ ਦੇ ਮੁਕਾਬਲੇ ਆਉਣ ਵਾਲੇ ਇੱਕ ਦਹਾਕੇ ਬਾਅਦ ਛੜਿਆਂ ਦੀ ਗਿਣਤੀ ਪੰਜਾਬ ਅੰਦਰ ਹੋਰ ਵਧ ਜਾਵੇਗੀ, ਕਿਉਂਕਿ ਹਰ ਇੱਕ ਮਾਂ-ਬਾਪ ਪੁੱਤਰ ਲਾਲਸਾ ਕਾਰਨ ਲੜਕੀ ਨੂੰ ‘ਕੁੱਖ’ ਵਿੱਚ ਖਤਮ ਕਰਨ ‘ਤੇ ਤੁਲਿਆ ਹੋਇਆ ਹੈ। ਪੰਜਾਬ ਅੰਦਰ 1000 ਮੁੰਡਿਆਂ ਮਗਰ 893 ਕੁੜੀਆਂ ਹੀ ਬਚੀਆਂ ਹਨ। ਸੁਭਾਵਕ ਹੈ ਕਿ ਵਿਆਹਾਂ ਵਿੱਚ ਔਕੜਾਂ ਆਉਣਗੀਆਂ।
ਬਦਲੇ ਹੋਏ ਸਮੇਂ ਵਿੱਚ ਹੁਣ ਸ਼ਹਿਰੀਕਰਨ ਹੋ ਜਾਣ ‘ਤੇ ਛੜਿਆਂ ਨੂੰ ਉਸ ਭੈੜੀ ਨਜ਼ਰ ਨਾਲ ਨਹੀਂ ਤੱਕਿਆ ਜਾਂਦਾ, ਫੇਰ ਵੀ ਉਨ੍ਹਾਂ ਦੇ ਗੁਆਂਢ ਦੀਆਂ ਸੁਆਣੀਆਂ ਉਸ ਤਰ੍ਹਾਂ ਦਾ ਸਤਿਕਾਰ ਨਹੀਂ ਦਿੰਦੀਆਂ। ਸਾਡੇ ਸਭਿਆਚਾਰ ਅੰਦਰ ਰਹਿੰਦੇ ਉਸ ਵਿਅਕਤੀ, ਜਿਹੜਾ ਵਿਆਹ ਕਰਾਉਣ ਵਿੱਚ ਸਫਲ ਨਹੀਂ ਹੋਇਆ, ਨੂੰ ਓਨਾ ਸਨਮਾਨ ਨਹੀਂ ਮਿਲਦਾ। ਛੜੇ ਸਾਡੇ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹਨ, ਤੇ ਇਨ੍ਹਾਂ ਦੀ ਨਿਵੇਕਲੀ ਪਛਾਣ ਹੈ, ਇਸ ਲਈ ਇਨ੍ਹਾਂ ਨੂੰ ਸਮਾਜ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਛੜੇ ਤਾਂ ਆਖਰ ਛੜੇ ਹਨ ਤੇ ਛੜੇ ਰਹਿਣਾ ਉਨ੍ਹਾਂ ਦਾ ਔਗੁਣ ਨਹੀਂ, ਸਗੋਂ ਇੱਕ ਮਜਬੂਰੀ ਹੈ।