ਛੋਟੇ ਦੁਕਾਨਦਾਰ ਦੀ ਧੀ ਨੇ ਸੁਰੱਖਿਆ ਉਲੰਘ ਕੇ ਰਾਹੁਲ ਨਾਲ ਸੈਲਫੀ ਖਿਚਵਾ ਲਈ


ਭਰੂਚ, 3 ਨਵੰਬਰ, (ਪੋਸਟ ਬਿਊਰੋ)- ਗੁਜਰਾਤ ਵਿੱਚ ਰਾਹੁਲ ਗਾਂਧੀ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਗੱਡੀ ਉੱਤੇ ਚੜ੍ਹ ਕੇ ਸੈਲਫੀ ਖਿਚਵਾਉਣ ਵਾਲੀ ਲੜਕੀ ਚਰਚਾ ਵਿੱਚ ਹੈ।
ਉੱਚ ਪੱਧਰੀ ਆਗੂਆਂ ਨਾਲ ਲਾਈ ਜਾਂਦੀ ਵਿਸ਼ੇਸ਼ ਐਸ ਪੀ ਜੀ ਸੁਰੱਖਿਆ ਨੂੰ ਚਕਮਾ ਦੇ ਕੇ ਰਾਹੁਲ ਗਾਂਧੀ ਤੱਕ ਜਾ ਪੁੱਜਣ ਵਾਲੀ ਇਹ ਲੜਕੀ 10ਵੀਂ ਦੀ ਵਿਦਿਆਰਥਣ ਮੰਤਾਸ਼ਾ ਹੈ। ਉਹ ਬੁੱਧਵਾਰ ਆਪਣੀ ਕਲਾਸ ਬੰਕ ਕਰ ਕੇ ਰਾਹੁਲ ਦੀ ਰੈਲੀ ਵਿੱਚ ਸ਼ਾਮਲ ਹੋਣ ਆਈ ਸੀ। ਭਰੂਚ ਵਿੱਚ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਮੰਤਾਸ਼ਾ ਨੇ ਕਲਾਸ ਬੰਕ ਕਰਨ ਲਈ ਆਪਣੇ ਪਿਤਾ ਇਬਰਾਹੀਮ ਤੋਂ ਆਗਿਆ ਲਈ ਸੀ। ਇਬਰਾਹੀਮ ਦੀ ਭਰੂਚ ਰੇਲਵੇ ਸਟੇਸ਼ਨ ਲਾਗੇ ਦੁਕਾਨ ਹੈ, ਜਿੱਥੇ ਉਹ ਇੱਕ ਪ੍ਰਾਈਵੇਟ ਟੈਲਿਕਾਮ ਕੰਪਨੀ ਦੇ ਪ੍ਰੋਡਕਟ ਵੇਚਦੇ ਹਨ।
ਪੂਰੇ ਘਟਨਾਕ੍ਰਮ ਦਾ ਜਿ਼ਕਰ ਕਰਦੇ ਹੋਏ ਮੰਤਾਸ਼ਾ ਨੇ ਦੱਸਿਆ ਕਿ ਕਾਂਗਰਸ ਉਪ-ਪ੍ਰਧਾਨ ਦੀ ਰੈਲੀ ਜਦੋਂ ਰੇਲਵੇ ਸਟੇਸ਼ਨ ਕੋਲੋਂ ਗੁਜ਼ਰ ਰਹੀ ਸੀ ਤਾਂ ਉਨ੍ਹਾਂ ਨੇ ਮੇਰੇ ਵੱਲ ਹੱਥ ਹਿਲਾਇਆ ਸੀ। ਉਸ ਦੇ ਬਾਅਦ ਮੈਂ ਵੀ ਰੈਲੀ ਵਿੱਚ ਸ਼ਾਮਲ ਹੋ ਗਈ ਅਤੇ ਸਥਾਨਕ ਸੀਤਲ ਗੈਸਟ ਹਾਉਸ ਕੋਲ ਜਾਕੇ ਮੈਂ ਉਨ੍ਹਾਂ ਨੂੰ ਸੈਲਫੀ ਲਈ ਬੇਨਤੀ ਕੀਤੀ। ਉਹ ਮੰਨ ਗਏ ਅਤੇ ਮੈਨੂੰ ਮਿਨੀ ਵੈਨ ਉੱਤੇ ਚੜ੍ਹਨ ਵਿੱਚ ਮਦਦ ਕੀਤੀ।
ਕਾਂਗਰਸ ਸਮਰਥਕ ਪਰਿਵਾਰ ਦੀ ਧੀ ਮੰਤਾਸ਼ਾ ਨੇ ਰਾਹੁਲ ਗਾਂਧੀ ਨਾਲ ਹੋਈ ਗੱਲਬਾਤ ਦੱਸਿਆ ਕਿ ਮੈਂ ਰਾਹੁਲ ਦਾ ਧੰਨਵਾਦ ਅਦਾ ਕੀਤਾ ਕਿ ਉਨ੍ਹਾਂ ਨੇ ਸੈਲਫੀ ਲੈਣ ਦੀ ਮੇਰੀ ਮੰਗ ਮੰਨ ਲਈ। ਨਾਲ ਮੈਂ ਗੁਜਰਾਤ ਚੋਣਾਂ ਲਈ ਉਨ੍ਹਾਂ ਨੂੰ ਗੁੱਡ ਲੱਕ ਕਿਹਾ। ਮੰਤਾਸ਼ਾ ਦੇ ਕਹਿਣ ਅਨੁਸਾਰ ਨੇਤਾ ਵਜੋਂ ਮੈਂ ਰਾਹੁਲ ਗਾਂਧੀ ਨੂੰ ਪਸੰਦ ਕਰਦੀ ਹਾਂ। ਉਸ ਦੀ ਦਾਦੀ ਇੰਦਰਾ ਗਾਂਧੀ ਦੀ ਵੀ ਮੈਂ ਫੈਨ ਹਾਂ। ਇੰਦਰਾ ਉੱਤੇ ਲਿਖੀਆਂ ਕਈ ਕਿਤਾਬਾਂ ਪੜ ਚੁੱਕੀ ਹਾਂ। ਪਰਿਵਾਰ ਵਿੱਚ ਮਾਤਾ-ਪਿਤਾ ਦੇ ਤੋਂ ਬਿਨਾਂ ਮੰਤਾਸ਼ਾ ਦਾ ਤਿੰਨ ਸਾਲਾ ਛੋਟਾ ਭਰਾ ਹੈ। ਪੜ੍ਹਨ ਵਿੱਚ ਹੁਸ਼ਿਆਰ ਮੰਤਾਸ਼ਾ ਸਕੂਲ ਵਿੱਚ ਟਾਪ ਕਰਦੀ ਹੈ ਤੇ ਪਾਇਲਟ ਬਣਨਾ ਚਾਹੁੰਦੀ ਹੈ। ਧੀ ਦਾ ਨਾਮ ਸੁਰਖੀਆਂ ਵਿੱਚ ਆਉਣ ਪਿੱਛੋਂ ਉਸ ਦੇ ਪਿਤਾ ਇਬਰਾਹੀਮ ਨੇ ਕਿਹਾ, ਧੀ ਨੇ ਆਪਣਾ ਨਾਮ ਸਾਰਥਕ ਕਰ ਦਿੱਤਾ। ਮੰਤਾਸ਼ਾ ਦਾ ਮਤਲਬ ਹੈ, ਜੋ ਆਪਣੇ ਦੀ ਗੱਲ ਪੂਰੀ ਕਰ ਲਵੇ।