ਛੀਉੜੰਬਾ

ਅਮਰੀਕਾ ਦਾ ਵਿਦੇਸ਼ ਮੰਤਰੀ ਜੌਹਨ ਕੈਰੀ ਭਾਰਤ ਦੇ ਦੌਰੇ ਲਈ ਆਇਐ! ਉਸ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਚੇਚਾ ਭਿਜਵਾਇਐ! ਕਾਰਨ ਇਹ ਹੈ ਕਿ ਪੁਰਾਣੇ ਰੋਸੇ ਦੂਰ ਕਰਨੇ ਹਨ! ਬਾਰਾਂ ਸਾਲ ਪਹਿਲਾਂ ਦੇ ਗੁਜਰਾਤ ਦੇ ਦੰਗਿਆਂ ਦੇ ਬਾਅਦ ਅਮਰੀਕਾ ਵਾਲਿਆਂ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਵੀ ਦੇਣ ਤੋਂ ਨਾਂਹ ਕਰ ਦਿੱਤੀ ਸੀ! ਇਹ ਜਿ਼ਦ ਪਿਛਲੇ ਸਾਲ ਤੱਕ ਰਹੀ ਸੀ! ਜਦੋਂ ਵੇਖਿਆ ਕਿ ਉਸ ਨੇ ਜਿੱਤ ਜਾਣੈ ਤੇ ਉਸ ਦੇ ਬਾਅਦ ਵੀ ਭਾਰਤ ਨਾਲ ਹੋਰ ਕੋਈ ਸੰਬੰਧ ਹੋਣ ਜਾਂ ਨਾ ਹੋਣ, ਮਾਲ ਵੇਚਣ ਵਾਸਤੇ ਉਸ ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਤੱਕ ਪੰਜ ਸਾਲ ਏਸੇ ਦੇ ਰਾਹੀਂ ਜਾਣਾ ਪਵੇਗਾ ਤਾਂ ਅਮਰੀਕਾ ਵਾਲੇ ਅੱਗਲ-ਵਾਂਢੀ ਹੋ ਤੁਰੇ! ਉਨ੍ਹਾਂ ਦਾ ਵਿਦੇਸ਼ ਮੰਤਰੀ ਭਾਰਤ ਆਉਣ ਤੋਂ ਪਹਿਲਾਂ ਗੁਜਰਾਤ ਦੇ ਦੰਗਿਆਂ ਦੀ ਰਿਪੋਰਟ ਵਿੱਚੋਂ ਨਰਿੰਦਰ ਮੋਦੀ ਨਾਲ ਸੰਬੰਧਤ ਹਿੱਸਿਆਂ ਨੂੰ ਵੀ ਕੱਟਣ ਦੇ ਨਾਲ ਮੀਡੀਏ ਨੂੰ ਇਸ ਦੀ ਸੂਚਨਾ ਜਾਰੀ ਕਰ ਕੇ ਫਿਰ ਜਹਾਜ਼ ਵਿੱਚ ਬੈਠਿਆ ਸੀ!

ਜੌਹਨ ਕੈਰੀ ਦਿੱਲੀ ਆ ਕੇ ਕਹਿਣ ਲੱਗਾ: ‘ਨਰਿੰਦਰ ਮੋਦੀ ਦੇ ਬਾਰੇ ਪਿਛਲੀਆਂ ਅਮਰੀਕੀ ਸਰਕਾਰਾਂ ਵੇਲੇ ਕੁਝ ਕੁੜੱਤਣ ਸੀ, ਹੁਣ ਉਹ ਨਹੀਂ ਰਹੀ!’ ਬਾਰਾਂ ਸਾਲ ਹੋਏ ਨੇ ਉਸ ਘਟਨਾ ਨੂੰ! ਇਨਾਂ ਬਾਰਾਂ ਸਾਲਾਂ ਦੇ ਵਿਚਾਲੜੇ ਛੇ ਸਾਲ ਜਾਰਜ ਬੁੱਸ਼ ਦਾ ਰਾਜ ਰਿਹਾ ਤੇ ਛੇ ਸਾਲ ਬਰਾਕ ਓਬਾਮਾ ਦਾ! ਫਿਰ ਪਿਛਲੀ ਸਰਕਾਰ ਜੌਹਨ ਕੈਰੀ ਨੇ ਕਿਸ ਨੂੰ ਕਿਹਾ, ਇਸ ਦਾ ਪਤਾ ਨਹੀਂ ਲੱਗ ਸਕਿਆ! ਹੁਣ ਜੌਹਨ ਕੈਰੀ ਨੇ ਹਿੰਦੀ ਵਿੱਚ ਬੋਲ ਕੇ ਕਿਹੈ ਕਿ ਨਰਿੰਦਰ ਮੋਦੀ ਦੇ ‘ਸਬ ਕਾ ਸਾਥ, ਸਬ ਕਾ ਵਿਕਾਸ’ ਦੇ ਨਾਹਰੇ ਨੂੰ ਅਮਰੀਕਾ ਨੇ ਬੜਾ ਪਸੰਦ ਕੀਤੈ! ਇਕੱਲੇ ਅਮਰੀਕਾ ਨੇ ਇਸ ਨਾਅਰੇ ਨੂੰ ਪਸੰਦ ਨਹੀਂ ਕੀਤਾ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੇ ਦੂਤ ਨੇ ਵੀ ਕਿਹੈ ਕਿ ਉਸ ਦੀ ਸਰਕਾਰ ਨੇ ਇਸ ਨਾਅਰੇ ਨੂੰ ਬਹੁਤ ਪਸੰਦ ਕੀਤੈ! ਚੀਨ ਕਮਿਊਨਿਸਟਾਂ ਦਾ ਦੇਸ਼ ਹੈ! ਉਨ੍ਹਾਂ ਦਾ ਪ੍ਰਧਾਨ ਮੰਤਰੀ ਵੀ ਕਹਿੰਦੈ ਕਿ ਨਰਿੰਦਰ ਮੋਦੀ ਦਾ ਨਾਅਰਾ ਬੜਾ ਵਧੀਆ ਜਾਪਦੈ! ਮਾਓ ਦੇ ਦੇਸ਼ ਨੂੰ ਮੋਦੀ ਚੰਗਾ ਲੱਗਣ ਲੱਗੈ, ਵਧਾਈ ਹੋਵੇ!

ਅਸਲ ਕਹਾਣੀ ਇਹ ਨਹੀਂ ਕਿ ਇਨ੍ਹਾਂ ਸਾਰਿਆਂ ਨੂੰ ਮੋਦੀ ਜਾਂ ਉਸ ਦਾ ਨਾਅਰਾ ਪਸੰਦ ਆ ਗਿਐ! ਵਿਚਲੀ ਗੱਲ ਛੀਉੜੰਬਾ ਜਾਣਦੈ ਤੇ ਉਹ ਉਸ ਨੇ ਬਿਨਾਂ ਪੁੱਛੇ ਸੁਣਾ ਜਾਣੀ ਹੈ!

ਮਿੱਤਰ ਜੀਓ, ਜਦੋਂ ਹਾਲੇ ਪੰਜਾਬ ਦੀਆਂ ਸੜਕਾਂ ਉੱਤੇ ਟਾਂਗੇ ਚੱਲਦੇ ਹੁੰਦੇ ਸਨ, ਓਦੋਂ ਇੱਕ ਵਾਰੀ ਬੁਢਲਾਡੇ ਦੇ ਅੱਡੇ ਉੱਤੇ ਇੱਕ ਬੇਬੇ ਬੱਸ ਵਿੱਚੋਂ ਉੱਤਰੀ ਸੀ! ਇੱਕ ਟਾਂਗੇ ਵਾਲਾ ਉਸ ਬੇਬੇ ਦੀ ਬਾਂਹ ਫੜ ਕੇ ਖਿੱਚ ਕੇ ਆਪਣੇ ਨਾਲ ਲਈ ਜਾਵੇ ਤੇ ਨਾਲੇ ਕਹੀ ਜਾਵੇ: ‘ਬੇਬੇ, ਤੇਰੇ ਪਿੰਡ ਵੱਲ ਮੇਰਾ ਹੀ ਟਾਂਗਾ ਜਾਂਦੈ!’

ਬੇਬੇ ਨੇ ਕਿਹਾ: ‘ਮਰ ਜਾਣਿਆ, ਮੇਰੀ ਗੱਠੜੀ ਤੇ ਮੇਰਾ ਪੋਤਰਾ ਕਿੱਥੇ ਨੇ?’

ਪਰੇ ਦੂਰ ਤੋਂ ਦੋ ਟਾਂਗੇ ਵਾਲਿਆਂ ਦੀਆਂ ਆਵਾਜ਼ਾਂ ਇਕੱਠੀਆਂ ਆ ਗਈਆਂ, ਇੱਕ ਨੇ ਕਿਹਾ: ‘ਬੇਬੇ, ਤੂੰ ਆ ਜਾ, ਗੱਠੜੀ ਮੈਂ ਤੇਰੀ ਸੰਭਾਲ ਕੇ ਰੱਖ ਲਈ ਹੈ, ਮੇਰਾ ਟਾਂਗਾ ਪਹਿਲਾਂ ਜਾਊਗਾ!’ ਦੂਸਰੇ ਨੇ ਕਿਹਾ: ‘ਬੇਬੇ, ਜਵਾਕ ਮੇਰੇ ਕੋਲ ਹੈ, ਆਹ ਟਾਂਗੇ ਦੀ ਸੀਟ ਉੱਤੇ ਨਵਾਬ ਬਣਿਆ ਪਿਐ, ਮੇਰਾ ਟਾਂਗਾ ਤੈਨੂੰ ਪਹਿਲਾਂ ਪੁਚਾਊਗਾ!’

ਜਿਵੇਂ ਟਾਂਗਿਆਂ ਵਾਲੇ ਚਾਰ ਆਨਿਆਂ ਦੀ ਸਵਾਰੀ ਪਿੱਛੇ ਇੱਕ ਦੂਸਰੇ ਤੋਂ ਅੱਗੇ ਲੰਘਣ ਲੱਗੇ ਸਨ, ਉਵੇਂ ਹੁਣ ਦੁਨੀਆ ਦੇ ਮਾਲ ਵੇਚਣ ਵਾਲੇ ਮੁਲਕਾਂ ਦੇ ਮੁਖੀ ਵੀ ਮੋਦੀ ਅਤੇ ਉਸ ਦੇ ਨਾਅਰੇ ਨੂੰ ਪਸੰਦ ਕਰਨ ਲੱਗ ਪਏ ਨੇ!