ਛੀਉੜੰਬਾ

ਕਾਂਗਰਸ ਪਾਰਟੀ ਇਸ ਵਕਤ ਬਹੁਤ ਕਸੂਤੇ ਹਾਲਾਤ ਵਿੱਚ ਉਲਝੀ ਹੋਈ ਹੈ! ਇਹ ਪਾਰਟੀ ਹੁਣ ਤੱਕ ਭਾਰਤ ਦਾ ਰਾਜ ਸੰਭਾਲਣ ਦਾ ਸਭ ਤੋਂ ਲੰਮੇ ਸਮੇਂ ਦਾ ਰਿਕਾਰਡ ਆਪਣੇ ਨਾਂਅ ਰੱਖਦੀ ਹੈ! ਸਭ ਤੋਂ ਵੱਧ ਵਾਰੀ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਵੀ ਇਸ ਪਾਰਟੀ ਦੇ ਆਗੂਆਂ ਦਾ ਹੈ, ਸਭ ਤੋਂ ਲੰਮਾ ਸਮਾਂ ਲਗਾਤਾਰ ਰਾਜ ਕਰਨ ਦਾ ਰਿਕਾਰਡ ਵੀ ਤੇ ਸਭ ਤੋਂ ਵੱਧ ਸੀਟਾਂ ਲੈਣ ਵਾਲਾ ਰਿਕਾਰਡ ਵੀ ਇਸ ਦੇ ਲੀਡਰਾਂ ਨੇ ਬਣਾਇਆ ਹੋਇਐ! ਭਾਈਵਾਲਾਂ ਨਾਲ ਜੁੜ ਕੇ ਬਣਾਏ ਗੱਠਜੋੜ ਆਸਰੇ ਦੇਸ਼ ਦੀ ਸਰਕਾਰ ਬਣਾਉਣ ਤੇ ਲੰਮਾ ਸਮਾਂ ਚਲਾਉਣ ਦਾ ਰਿਕਾਰਡ ਵੀ ਇਸੇ ਦੇ ਲੀਡਰਾਂ ਦਾ ਹੈ! ਹੁਣ ਇਹ ਪਾਰਟੀ ਆਪਣੀ ਹੋਂਦ ਦੇ ਸਭ ਤੋਂ ਮੰਦੇ ਦੌਰ ਵਿੱਚੋਂ ਲੰਘ ਰਹੀ ਹੈ! ਲਗਾਤਾਰ ਤੀਸਰੀ ਵਾਰ ਰਾਜ ਕਰਨ ਦੀ ਝਾਕ ਲੈ ਕੇ ਇਹ ਪਾਰਟੀ ਚੋਣ ਮੈਦਾਨ ਵਿੱਚ ਨਿਕਲੀ ਤੇ ਸੀਟਾਂ ਸੌ ਵੀ ਨਹੀਂ ਬਣਾ ਸਕੀ, ਪੰਜਾਹ ਤੋਂ ਹੇਠਾਂ ਸਿਰਫ ਚੁਤਾਲੀ ਦੇ ਅੰਕੜੇ ਉੱਤੇ ਜਾ ਕੇ ਇਸ ਦੀਆਂ ਬਰੇਕਾਂ ਲੱਗ ਗਈਆਂ!

ਹੁਣ ਇਸ ਦੀ ਸਮੱਸਿਆ ਹੋਰ ਹੈ! ਪਾਰਟੀ ਇਹ ਚਾਹੁੰਦੀ ਹੈ ਕਿ ਉਸ ਨੂੰ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੀ ਆਗੂ ਦਾ ਦਰਜਾ ਮਿਲ ਜਾਵੇ! ਭਾਰਤੀ ਜਨਤਾ ਪਾਰਟੀ ਦੇ ਆਗੂ ਮੰਨਦੇ ਨਹੀਂ! ਕਾਨੂੰਨੀ ਪ੍ਰਬੰਧ ਮੁਤਾਬਕ ਉਸ ਕੋਲ ਲੋਕ ਸਭਾ ਦੇ ਮੈਂਬਰਾਂ ਦਾ ਦਸਵਾਂ ਹਿੱਸਾ ਚਾਹੀਦੈ ਤੇ ਉਹ ਚਰਵੰਜਾ ਬਣਦੇ ਹਨ, ਜਦ ਕਿ ਇਸ ਦੇ ਪੱਲੇ ਇਸ ਤੋਂ ਦਸ ਘੱਟ ਹਨ! ਇੱਕ-ਦੋ ਮੌਕੇ ਏਦਾਂ ਦੇ ਅੱਗੇ ਆਏ ਸਨ, ਜਦੋਂ ਹੋਰ ਕਿਸੇ ਪਾਰਟੀ ਕੋਲ ਦਸਵਾਂ ਹਿੱਸਾ ਨਹੀਂ ਸੀ! ਓਦੋਂ ਕਾਂਗਰਸ ਨੇ ਵੀ ਕਿਸੇ ਨੂੰ ਇਹ ਦਰਜਾ ਨਹੀਂ ਸੀ ਲੈਣ ਦਿੱਤਾ! ਹੁਣ ਕਾਂਗਰਸ ਦੇ ਲੀਡਰ ਵਾਰ-ਵਾਰ ਜਨਤਕ ਬਿਆਨ ਦੇ ਕੇ ਵੀ ਅਤੇ ਸਰਬ ਪਾਰਟੀ ਮੀਟਿੰਗਾਂ ਵਿੱਚ ਵੀ ਇਹ ਮੰਗ ਕਰੀ ਜਾਂਦੇ ਹਨ ਤੇ ਭਾਜਪਾ ਵਾਲੇ ਇਸ ਮੰਗ ਬਾਰੇ ਸੁਣ ਕੇ ਮੁਸਕਣੀਏਂ ਹੱਸੀ ਜਾਂਦੇ ਹਨ! ਜਦੋਂ ਕੋਈ ਉਨ੍ਹਾਂ ਤੋਂ ਪੁੱਛਦੈ ਕਿ ਕਾਂਗਰਸ ਦੀ ਮੰਗ ਸੁਣ ਕੇ ਹੱਸ ਕਿਉਂ ਪੈਂਦੇ ਨੇ ਤਾਂ ਕਹਿ ਦੇਂਦੇ ਹਨ ਕਿ ਇਸ ਲਈ ਹੱਸਦੇ ਹਾਂ ਕਿ ਕਾਂਗਰਸ ਵਾਲਿਆਂ ਦੀ ਗੱਲ ਦੀ ਸਮਝ ਨਹੀਂ ਆਉਂਦੀ!

ਵਿਚਾਰੀ ਕਾਂਗਰਸ! ਇਸ ਦੇ ਲੀਡਰਾਂ ਨਾਲ ਇਹ ਦੂਸਰੀ ਵਾਰੀ ਹੋ ਰਿਹੈ! ਤੁਸੀਂ ਪਹਿਲੀ ਵਾਰੀ ਦਾ ਕਿੱਸਾ ਪੁੱਛ ਸਕਦੇ ਹੋ! ਪੁੱਛਣ ਦੀ ਲੋੜ ਨਹੀਂ, ਛੀਉੜੰਬਾ ਆਪਣੇ ਆਪ ਹੀ ਦੱਸ ਦੇਵੇਗਾ!

ਮਿੱਤਰ ਜੀਓ, ਜਦੋਂ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਦੀ ਹਮਾਇਤ ਕਾਂਗਰਸ ਪਾਰਟੀ ਨੇ ਵਾਪਸ ਲਈ ਤਾਂ ਉਸ ਨੂੰ ਆਸ ਸੀ ਕਿ ਬਾਕੀ ਪਾਰਟੀਆਂ ਦੀ ਮਦਦ ਨਾਲ ਸੋਨੀਆ ਗਾਂਧੀ ਨੂੰ ਅੱਗੇ ਲਾ ਕੇ ਇੱਕ ਮੋਰਚਾ ਬਣੇਗਾ ਤੇ ਸਰਕਾਰ ਉਨ੍ਹਾਂ ਦੀ ਬਣੇਗੀ! ਇਹ ਸਰਕਾਰ ਬਣ ਨਹੀਂ ਸੀ ਸਕੀ! ਕਾਂਗਰਸ ਵਾਲੇ ਇਸ ਦਾ ਦੋਸ਼ ਸਮਾਜਵਾਦੀ ਪਾਰਟੀ ਦੇ ਆਗੂਆਂ ਨੂੰ ਦੇਂਦੇ ਸਨ! ਜਵਾਬ ਇਸ ਦਾ ਓਦੋਂ ਦੇ ਸਮਾਜਵਾਦੀ ਨੇਤਾ ਅਮਰ ਸਿੰਘ ਨੇ ਦਿੱਤਾ ਸੀ!

ਅਮਰ ਸਿੰਘ ਨੂੰ ਪੁੱਛਿਆ ਗਿਆ: ‘ਕਾਂਗਰਸ ਦੀ ਸਰਕਾਰ ਨਹੀਂ ਬਣ ਸਕੀ! ਕਿਹਾ ਜਾਂਦੈ ਕਿ ਤੁਸੀਂ ਸਾਥ ਦੇਣ ਦਾ ਵਾਅਦਾ ਕਰ ਕੇ ਫਿਰ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ!’

ਉਸ ਨੇ ਕਿਹਾ: ‘ਨਹੀਂ, ਇਹ ਗੱਲ ਨਹੀਂ ਹੋਈ, ਅਸਲ ਵਿੱਚ ਸੋਨੀਆ ਗਾਂਧੀ ਨੂੰ ਹਿੰਦੀ ਭਾਸ਼ਾ ਦੀ ਕਮਜ਼ੋਰੀ ਦੇ ਕਾਰਨ ਸਰਕਾਰ ਨਹੀਂ ਬਣ ਸਕੀ, ਸਾਡਾ ਕੋਈ ਕਸੂਰ ਨਹੀਂ!’

ਪੁੱਛਣ ਵਾਲੇ ਨੇ ਹੈਰਾਨੀ ਨਾਲ ਪੁੱਛਿਆ: ‘ਇਸ ਵਿੱਚ ਹਿੰਦੀ ਭਾਸ਼ਾ ਦੀ ਕਮਜ਼ੋਰੀ ਕਿੱਥੋਂ ਆ ਗਈ?’

ਅਮਰ ਸਿੰਘ ਨੇ ਕਿਹਾ: “ਅਸਲ ਵਿੱਚ ਜਦੋਂ ਮੁਲਾਇਮ ਸਿੰਘ ਤੇ ਮੈਂ ਸੋਨੀਆ ਗਾਂਧੀ ਨੂੰ ਮਿਲੇ ਤਾਂ ਅਸੀਂ ਕਿਹਾ ਸੀ ਕਿ ਆਪ ਕੀ ਹਮਾਇਤ ਕਰਨੇ ਕੇ ਸਵਾਲ ਪਰ ਹਮਾਰੀ ਪਾਰਟੀ ਨੇ ਅਭੀ ‘ਗਤੀਰੋਧ’ ਬਨਾ ਹੂਆ ਹੈ! ਸੋਨੀਆ ਦੀ ਹਿੰਦੀ ਭਾਸ਼ਾ ਕਮਜ਼ੋਰ ਹੈ! ਉਸ ਨੇ ‘ਗਤੀਰੋਧ’ ਤੋਂ ਇਹ ਸਮਝ ਲਿਆ ਕਿ ਸਾਡੀ ਪਾਰਟੀ ਉਸ ਦੀ ਹਮਾਇਤ ਦੇ ਲਈ ਪੂਰੀ ਗਤੀ ਨਾਲ ਦੌੜ ਰਹੀ ਹੈ! ਇਸ ਭੁਲੇਖੇ ਦੇ ਕਾਰਨ ਕੰਮ ਬਣਦਾ-ਬਣਦਾ ਰਹਿ ਗਿਐ!”

ਛੀਉੜੰਬਾ ਸਮਝਦੈ ਕਿ ਹੁਣ ਵੀ ਕਾਂਗਰਸ ਤੇ ਭਾਜਪਾ ਦੀ ਭਾਸ਼ਾ ਦਾ ਫਰਕ ਹੀ ਅੜਿੱਕਾ ਪਾਈ ਜਾ ਰਿਹੈ!