ਛੀਉੜੰਬਾ

ਭਾਰਤੀ ਰਾਜਨੀਤੀ ਨੂੰ ਜਿੰਨਾ ਵੀ ਸੁਧਾਰਨ ਦਾ ਯਤਨ ਕੀਤਾ ਜਾਂਦੈ, ਓਨੀ ਇਹ ਹੋਰ ਤੋਂ ਹੋਰ ਵਿਗੜਦੀ ਜਾਂਦੀ ਹੈ! ਹੈਰਾਨੀ ਦੀ ਗੱਲ ਇਹ ਕਿ ਜਿਹੜੀਆਂ ਪਾਰਟੀਆਂ ਇਸ ਦੇ ਵਿਗਾੜ ਦੀ ਗੱਲ ਕਰਦੀਆਂ ਨੇ, ਉਨ੍ਹਾਂ ਦੇ ਵਿੱਚ ਸਾਰੇ ਵਿਗਾੜ ਦੇ ਕੀਟਾਣੂ ਕੁਰਬਲ-ਕੁਰਬਲ ਕਰਦੇ ਫਿਰਦੇ ਨੇ! ਉਹ ਆਪਣਾ ਘਰ ਕਦੇ ਸਾਫ ਨਹੀਂ ਕਰਦੀਆਂ! ਰਾਜਨੀਤੀ ਦਾ ਸਭ ਤੋਂ ਵੱਡਾ ਰੋਗ ਇਹ ਹੈ ਕਿ ਏਥੇ ਹਰ ਕੋਈ ਦੂਸਰਿਆਂ ਦੇ ਨੁਕਸ ਕੱਢ ਸਕਦੈ, ਆਪਣੇ ਵਿਹੜੇ ਦੇ ਵਿੱਚ ਝਾਤੀ ਮਾਰਨ ਦੀ ਲੋੜ ਕੋਈ ਸਮਝਦਾ ਹੀ ਨਹੀਂ! ਸੰਤ ਸਿੰਘ ਮਸਕੀਨ ਨੇ ਕਿਹਾ ਸੀ ਕਿ ਭਾਰਤ ਦੇ ਲੋਕਾਂ ਨੇ ਅਕਲ ਨੂੰ ਕੂੜਾ ਸਮਝ ਰੱਖਿਐ, ਆਪਣੇ ਘਰ ਤਾਂ ਕੋਈ ਵੀ ਨਹੀਂ ਰੱਖਣੀ ਚਾਹੁੰਦਾ ਤੇ ਹਰ ਕੋਈ ਦੂਸਰਿਆਂ ਅੱਗੇ ਢੇਰੀ ਕਰਨ ਲੱਗਾ ਰਹਿੰਦੈ! ਭਾਰਤ ਦੀ ਰਾਜਨੀਤੀ ਦਾ ਮੁੱਖ ਲੱਛਣ ਵੀ ਇਹੋ ਜਿਹਾ ਸੁਣੀਂਦੈ! ਜਿੰਨਾ ਕੁ ਵਿਗਾੜ ਅਸੀਂ ਇਸ ਪ੍ਰਬੰਧ ਵਿੱਚ ਵੇਖ ਰਹੇ ਹਾਂ, ਇਹ ਸਾਰਾ ਸਾਡੇ ਰਾਜਸੀ ਲੀਡਰਾਂ ਦੀ ਏਸੇ ਆਦਤ ਦੇ ਕਾਰਨ ਹੈ!

ਜਦੋਂ ਕਦੀ ਸਰਕਾਰ ਬਦਲ ਜਾਂਦੀ ਹੈ, ਲੋਕ ਇਹ ਸੋਚਣ ਲੱਗ ਜਾਂਦੇ ਨੇ ਕਿ ਹੁਣ ਦੇਸ਼ ਦੀ ਰਾਜਨੀਤੀ ਵਿੱਚ ਵੀ ਵੱਡਾ ਬਦਲਾਓ ਆ ਜਾਣੈ! ਏਦਾਂ ਦਾ ਕੁਝ ਨਹੀਂ ਵਾਪਰਦਾ! ਕਾਰਨ ਇਸ ਦਾ ਇਹ ਕਿ ਕੱਲ੍ਹ ਦਾ ਕਾਂਗਰਸ ਦਾ ਲੀਡਰ ਜਗਦੰਬਿਕਾ ਪਾਲ ਅੱਜ ਓਸੇ ਭਾਜਪਾ ਦਾ ਪਾਰਲੀਮੈਂਟ ਮੈਂਬਰ ਬਣ ਜਾਂਦੈ, ਜਿਸ ਭਾਜਪਾ ਦੀ ਸਰਕਾਰ ਉਲਟਾ ਕੇ ਕਦੀ ਉਹ ਤਿੰਨ ਦਿਨਾਂ ਲਈ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ ਸੀ! ਭਾਜਪਾ ਦਾ ਗੁਜਰਾਤ ਵਿੱਚ ਮੁੱਖ ਮੰਤਰੀ ਰਹਿ ਚੁੱਕਾ ਸ਼ੰਕਰ ਸਿੰਘ ਵਘੇਲਾ ਹੁਣ ਕਾਂਗਰਸ ਦਾ ਆਗੂ ਹੈ! ਇਹ ਫਾਰਮੂਲਾ ਕਈਆਂ ਉੱਤੇ ਲਾਗੂ ਹੈ! ਪਾਰਟੀਆਂ ਛੱਡ ਕੇ ਦੂਸਰੀ ਪਾਰਟੀ ਵਿੱਚ ਜਾਣ ਦਾ ਢੰਗ ਜਿਸ ਆਗੂ ਦੀ ਅਕਲ ਵਿੱਚ ਆ ਗਿਆ, ਸਮਝ ਲਵੋ ਕਿ ਭਾਰਤੀ ਰਾਜਨੀਤੀ ਵਿੱਚ ਆਪਣੇ ਜੋਗੀ ਥਾਂ ਬਣਾ ਗਿਆ! ਕੁਝ ਲੀਡਰਾਂ ਵਿੱਚ ਇਹ ਗੁਣ ਸੱਟਾਂ ਖਾ ਕੇ ਆਉਂਦੈ, ਪਰ ਜਿਹੜਾ ਕਿਸੇ ਲੀਡਰ ਦੇ ਘਰ ਜੰਮਦੈ, ਉਹ ਬਹੁਤੀ ਵਾਰੀ ਦੁਨੀਆ ਉੱਤੇ ਆਉਣ ਲੱਗਾ ਸਾਰੇ ਗੁਣ ਨਾਲ ਹੀ ਲਿਆਉਂਦੈ!

ਗੱਲ ਫਿਰ ਗੜਬੜ ਜਿਹੀ ਹੋਈ ਜਾਂਦੀ ਹੈ ਕਿ ਕੋਈ ਲੀਡਰੀ ਦੇ ਗੁਣ ਨਾਲ ਲੈ ਕੇ ਵੀ ਪੈਦਾ ਹੋ ਸਕਦੈ! ਸਮਝ ਨਹੀਂ ਪੈਂਦੀ ਤਾਂ ਕੋਈ ਗੱਲ ਨਹੀਂ, ਛੀਉੜੰਬਾ ਸਮਝਾਉਣ ਦਾ ਯਤਨ ਕਰ ਸਕਦੈ!

ਭਾਈ ਮਿੱਤਰੋ, ਇੱਕ ਵਾਰੀ ਸਾਈਕਾਲੋਜੀ ਦੇ ਪ੍ਰੋਫੈਸਰ ਦੇ ਘਰ ਪੁੱਤਰ ਜੰਮ ਪਿਆ ਸੀ! ਉਹ ਮੁੰਡੇ ਨੂੰ ਵੇਖਣ ਲਈ ਆਇਆ ਤਾਂ ਤਿੰਨ ਪੈਕੇਟ ਨਾਲ ਲੈ ਆਇਆ! ਬੀਵੀ ਨੂੰ ਕਹਿਣ ਲੱਗਾ: ‘ਕਾਕੇ ਦੀ ਮਾਨਸਿਕਤਾ ਵੇਖਣੀ ਹੈ ਕਿ ਇਹ ਵੱਡਾ ਹੋ ਕੇ ਕੀ ਬਣੇਗਾ? ਇੱਕ ਨੋਟਾਂ ਦੀ ਗੱਠੀ ਹੈ, ਦੂਸਰੀ ਪੂਜਾ-ਪਾਠ ਦੀ ਧਾਰਮਿਕ ਕਿਤਾਬ ਅਤੇ ਤੀਸਰੀ ਪੈਕਿੰਗ ਵਿੱਚ ਸ਼ਤਰੰਜ ਦੀ ਖੇਡ ਦਾ ਸਾਮਾਨ ਹੈ! ਜੇ ਇਸ ਨੇ ਨੋਟਾਂ ਦੀ ਗੱਠੀ ਚੁੱਕੇ ਤਾਂ ਕਾਰੋਬਾਰੀ ਬਣੇਗਾ! ਪੂਜਾ-ਪਾਠ ਦੀ ਕਿਤਾਬ ਚੁੱਕ ਲਈ ਤਾਂ ਬੜਾ ਧਾਰਮਿਕ ਹੋਵੇਗਾ! ਜੇ ਇਸ ਨੇ ਸ਼ਤਰੰਜ ਦੀ ਖੇਡ ਦੇ ਸਾਮਾਨ ਦਾ ਪੈਕੇਟ ਚੁੱਕ ਲਿਆ ਤਾਂ ਸਮਝ ਲੈ ਕਿ ਤੇਰਾ ਪੁੱਤਰ ਵੱਡਾ ਹੋ ਕੇ ਬਹੁਤ ਮੰਨਿਆ ਹੋਇਆ ਵਿਦਵਾਨ ਬਣੇਗਾ!’

ਸਮਾਨ ਜਦੋਂ ਕਾਕੇ ਦੇ ਅੱਗੇ ਰੱਖਿਆ, ਉਸ ਨੇ ਹੌਲੀ ਜਿਹੀ ਬਾਂਹਾਂ ਘੁੰਮਾਈਆਂ ਤੇ ਤਿੰਨੇ ਪੈਕੇਟ ਆਪਣੇ ਵੱਲ ਨੂੰ ਖਿੱਚ ਲਏ! ਪ੍ਰੋਫੈਸਰ ਚੀਕਿਆ: ‘ਬੇੜਾ ਗਰਕ, ਤੇਰਾ ਪੁੱਤਰ ਤਾਂ ਵੱਡਾ ਹੋ ਕੇ ਸਿਆਸੀ ਆਗੂ ਬਣਨ ਵਾਲੈ!’