ਛੀਉੜੰਬਾ

 

ਮੰਗਲਵਾਰ ਦੇ ਦਿਨ ਫਿਰ ਇੱਕ ਵੱਡੇ ਅਫਸਰ ਨੇ ਸੇਵਾ ਮੁਕਤੀ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋ ਕੇ ਜੱਜ ਸਾਹਿਬ ਤੋਂ ਜ਼ਮਾਨਤ ਕਰਵਾਈ ਹੈ! ਉਹ ਸ਼੍ਰੀਮਾਨ ਇਸ ਲੜੀ ਵਿੱਚ ਇੱਕ ਹਨ, ਇੱਕੋ ਇੱਕ ਨਹੀਂ ਹਨ! ਪੰਜਾਬ ਵਿੱਚ ਕਈ ਵੱਡੇ ਅਫਸਰ ਜ਼ਮਾਨਤਾਂ ਕਰਵਾ ਕੇ ਕੇਸ ਭੁਗਤਦੇ ਫਿਰਦੇ ਹਨ! ਜਿਹੜੇ ਵੀ ਅਫਸਰ ਨੂੰ ਪੁੱਛਿਆ ਜਾਵੇ, ਆਪਣੇ ਉੱਤੇ ਬਣੇ ਕੇਸ ਨੂੰ ਉਹ ਝੂਠਾ ਕਹਿੰਦਾ ਹੈ! ਅਫਸਰ ਵੀ ਸਰਕਾਰ ਦੇ ਅਤੇ ਕੇਸ ਵੀ ਸਰਕਾਰ ਨੇ ਬਣਾਏ ਹਨ! ਇੱਕ ਤਹਿਸੀਲਦਾਰ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ ਸੀ, ਜਿਸ ਨੇ ਅੱਗੋਂ ਇਹ ਬਿਆਨ ਦੇ ਦਿੱਤਾ ਕਿ ਰੋਜ਼ ਐਨੇ ਪੈਸੇ ਆਪਣੇ ਉਤਲੇ ਅਫਸਰਾਂ ਨੂੰ ਉਹ ਦੇਂਦਾ ਹੈ, ਪਰ ਕੇਸ ਸਿਰਫ ਉਸ ਦੇ ਖਿਲਾਫ ਬਣਿਆ ਹੈ! ਇਸ ਦੇ ਬਾਅਦ ਉਸ ਦੇ ਖਿਲਾਫ ਕੇਸ ਚੱਲ ਪਿਆ! ਉਹ ਵੀ ਸਰਕਾਰ ਦੀ ਨੌਕਰੀ ਕਰੀ ਜਾਵੇ, ਉਸ ਨੂੰ ਫੜਨ ਵਾਲੇ ਵੀ ਸਰਕਾਰ ਦੇ ਅਫਸਰ! ਜਿਹੜੇ ਦੂਸਰੇ ਅਫਸਰਾਂ ਦੇ ਖਿਲਾਫ ਉਸ ਨੇ ਸਾਰਾ ਕੱਚਾ ਚਿੱਠਾ ਖੋਲ੍ਹਿਆ ਸੀ, ਉਹ ਹੋਰ ਤਰੱਕੀਆਂ ਕਰਦੇ ਗਏ!
ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦੈ! ਜਦੋਂ ਇਨ੍ਹਾਂ ਦਾ ਕੁਝ ਨਾ ਵਿਗੜਿਆ, ਬਾਕੀਆਂ ਦਾ ਡਰ ਵੀ ਲੱਥ ਗਿਆ! ਉਹ ਵੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਕਮਾਈ ਕਰਨ ਵਾਸਤੇ ਜੁੱਟ ਪਏ! ਫਿਰ ਉਨ੍ਹਾਂ ਵਿੱਚੋਂ ਇੱਕ ਡਿਪਟੀ ਕਮਿਸ਼ਨਰ ਉੱਤੇ ਇਹ ਕੇਸ ਬਣ ਗਿਆ ਕਿ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਨੂੰ ਨਿੱਜੀ ਦੱਸ ਕੇ ਵੇਚਣ ਦੀ ਖੁੱਲ੍ਹ ਦੇ ਕੇ ਉਹ ਮੋਟੀ ਕਮਾਈ ਕਰ ਗਿਐ! ਡਿਪਟੀ ਕਮਿਸ਼ਨਰ ਜੇਲ੍ਹ ਭੇਜ ਦਿੱਤਾ ਗਿਆ! ਉਸ ਦੇ ਬਾਅਦ ਵੀ ਕਾਰੋਬਾਰ ਰੁੁਕਿਆ ਨਹੀਂ ਤੇ ਜਿਵੇਂ ਅੱਗੇ ਚੱਲ ਰਿਹਾ ਸੀ, ਉਵੇਂ ਹੀ ਚੱਲਦਾ ਰਿਹਾ! ਕੁਝ ਅਫਸਰ ਰਿਟਾਇਰਮੈਂਟ ਦੇ ਬਾਅਦ ਵੀ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਫਸ ਗਏ ਤੇ ਫਿਰ ਉਨ੍ਹਾਂ ਦੇ ਖਿਲਾਫ ਕੇਸ ਪੇਸ਼ ਹੋਣ ਕਰ ਕੇ ਕਚਹਿਰੀਆਂ ਵਿੱਚ ਦਿੱਸਣ ਲੱਗ ਪਏ! ਉਨ੍ਹਾਂ ਨਾਲ ਨੇੜਤਾ ਵਾਲੇ ਅਫਸਰ ਵੀ ਮਿਲਣ ਚਲੇ ਜਾਂਦੇ ਸਨ! ਉਸ ਦੇ ਬਾਅਦ ਫਿਰ ਭ੍ਰਿਸ਼ਟ ਕੰਮ ਚੱਲਦੇ ਰਹੇ ਅਤੇ ਅਫਸਰ ਫਸਦੇ ਰਹੇ, ਕਿਉਂਕਿ ਉਹ ਇਸ ਨੂੰ ਆਪਣਾ ਸੁਭਾਅ ਬਣਾ ਚੁੱਕੇ ਸਨ!
ਸੁਭਾਅ ਬਣਾ ਚੁੱਕੇ ਹੋਣ ਵਾਲੀ ਗੱਲ ਕਈ ਲੋਕਾਂ ਨੂੰ ਸਮਝ ਨਹੀਂ ਆਉਣੀ, ਇਸ ਲਈ ਇਸ ਬਾਰੇ ਲੋੜ ਜੋਗੀ ਵਿਆਖਿਆ ਵੀ ਹੁਣ ਛੀਉੜੰਬਾ ਹੀ ਕਰ ਕੇ ਜਾਊਗਾ!
ਭਾਈ ਮਿੱਤਰੋ, ਇੱਕ ਵਾਰੀ ਇੱਕ ਪੱਬ ਵਿੱਚ ਇੱਕ ਬੰਦਾ ਗਿਆ ਤੇ ਜਾਂਦੇ ਸਾਰ ਕਾਊਂਟਰ ਸਾਹਮਣੇ ਖੜੇ ਬੰਦੇ ਨੂੰ ਕਹਿਣ ਲੱਗਾ: ‘ਲੈ ਬਈ, ਮੁਸੀਬਤ ਆਉਣ ਤੋਂ ਪਹਿਲਾਂ ਇੱਕ ਪੈੱਗ ਬਣਾ ਦੇਹ!’ ਕਾਊਂਟਰ ਵਾਲੇ ਨੇ ਪੈੱਗ ਬਣਾ ਕੇ ਦਿੱਤਾ ਤਾਂ ਉਹ ਪੀ ਗਿਆ! ਥੋੜ੍ਹੀ ਦੇਰ ਪਿੱਛੋਂ ਉਸ ਨੇ ਫਿਰ ਕਿਹਾ: ‘ਲੈ ਬਈ, ਮੁਸੀਬਤ ਆਉਣ ਤੋਂ ਪਹਿਲਾਂ ਇੱਕ ਪੈੱਗ ਹੋਰ ਬਣਾ ਦੇਹ!’ ਉਸ ਨੇ ਬਣਾ ਦਿੱਤਾ ਤਾਂ ਪੀ ਕੇ ਥੋੜ੍ਹੀ ਦੇਰ ਬਾਅਦ ਫਿਰ ਇਹੋ ਗੱਲ ਆਣ ਕਹੀ!
ਕਾਊਂਟਰ ਵਾਲੇ ਨੇ ਪੁੱਛ ਲਿਆ: ‘ਤੁਸੀਂ ਹਰ ਕਿਸੇ ਪੈੱਗ ਤੋਂ ਪਹਿਲਾਂ ਮੁਸੀਬਤ ਆਉਣ ਦੀ ਗੱਲ ਕਹਿੰਦੇ ਹੋ ਤੇ ਫਿਰ ਪੈੱਗ ਪੀ ਕੇ ਉਹੋ ਗੱਲ ਆਣ ਕਹਿੰਦੇ ਹੋ, ਇਸ ਦਾ ਕੀ ਕਾਰਨ ਹੈ, ਮੁਸੀਬਤ ਕਦੋਂ ਆਉਣੀ ਹੈ?’
ਉਸ ਬੰਦੇ ਨੇ ਹੌਲੀ ਜਿਹੀ ਪੈੱਗ ਪੀਤਾ ਤੇ ਬੋਲਿਆ: ‘ਮੁਸੀਬਤ ਓਦੋਂ ਆਉਣੀ ਹੈ, ਜਦੋਂ ਤੁਸੀ ਪੈਸੇ ਮੰਗੇ ਅਤੇ ਮੈਂ ਖਾਲੀ ਜੇਬ ਵਿਖਾ ਦਿੱਤੀ! ਮੇਰਾ ਸੁਭਾਅ ਹੈ ਕਿ ਮੈਂ ਮੁਸੀਬਤ ਆਉਣ ਤੋਂ ਪਹਿਲਾਂ ਹੀ ਕੰਮ ਸਾਰ ਲੈਂਦਾ ਹਾਂ!’