ਛੀਉੜੰਬਾ

ਸੋਨੀਆ ਗਾਂਧੀ ਅੱਜ-ਕੱਲ੍ਹ ਖੁਦ ਉਸ ਪਾਰਟੀ ਦੀ ਰਹਿੰਦ-ਖੂੰਹਦ ਸੰਭਾਲਣ ਨੂੰ ਯਤਨਸ਼ੀਲ ਹੈ, ਜਿਸ ਪਾਰਟੀ ਨੇ ਕਦੀ ਉਸ ਨੂੰ ਘਰੋਂ ਲਿਆ ਕੇ ਪ੍ਰਧਾਨ ਬਣਾਇਆ ਸੀ! ਓਦੋਂ ਵੀ ਪਾਰਟੀ ਦਾ ਭੱਠਾ ਬੈਠਾ ਪਿਆ ਸੀ, ਹੁਣ ਵੀ ਓਹੋ ਹਾਲ ਹੈ! ਬੜੇ ਲੋਕ ਆਖਦੇ ਸਨ ਕਿ ਇਹ ਬੀਬੀ ਪਾਰਟੀ ਨਹੀਂ ਸੰਭਾਲ ਸਕਦੀ! ਸੋਨੀਆ ਗਾਂਧੀ ਨੇ ਸਾਰੇ ਚੁੱਪ ਕਰਵਾ ਦਿੱਤੇ ਸਨ ਤੇ ਕਾਂਗਰਸ ਨੂੰ ਦੋਬਾਰਾ ਰਾਜ ਕਰਨ ਜੋਗੀ ਕਰ ਕੇ ਮਨਮੋਹਨ ਸਿੰਘ ਹੁਰੀਂ ਕੁਰਸੀ ਉੱਤੇ ਬਿਠਾ ਦਿੱਤੇ ਸਨ! ਅਗਲਾ ਕੰਮ ਕਾਂਗਰਸੀਆਂ ਨੇ ਕਰਨਾ ਸੀ, ਪਰ ਉਹ ਕੰਮ ਕਰਨ ਦੀ ਥਾਂ ਜੇਬਾਂ ਭਰਨ ਲੱਗੇ ਰਹੇ! ਸੋਨੀਆ ਗਾਂਧੀ ਕਿਸੇ ਦੀ ਲਗਾਮ ਇਸ ਕਰ ਕੇ ਨਹੀਂ ਸੀ ਖਿੱਚ ਸਕੀ ਕਿ ਉਸ ਦਾ ਜਵਾਈ ਰਾਬਰਟ ਵਾਡਰਾ ਸਾਰੇ ਕਾਂਗਰਸੀਆਂ ਜਿੰਨਾ ਕੰਮ ਇਕੱਲਾ ਕਰੀ ਜਾਂਦਾ ਸੀ! ਜਿਹੜੇ ਲੋਕਾਂ ਨਾਲ ਕਾਂਗਰਸ ਪਾਰਟੀ ਦਾ ਆਢਾ ਲੱਗਾ ਹੋਇਆ ਸੀ, ਰਾਬਰਟ ਵਾਡਰਾ ਉਨ੍ਹਾਂ ਦਾ ਸੁੱਟਿਆ ਹੋਇਆ ਚਾਂਦੀ ਦਾ ਚੋਗਾ ਵੀ ਬੜੇ ਚਾਅ ਨਾਲ ਚਰੀ ਜਾਂਦਾ ਸੀ!

ਫਿਰ ਗੱਲਾਂ ਬਾਹਰ ਨਿਕਲ ਆਈਆਂ ਤੇ ਕਾਂਗਰਸ ਪਾਰਟੀ ਚੋਣਾਂ ਵਿੱਚ ਹਾਰ ਗਈ! ਕੋਈ ਕਹੇ ਕਿ ਕਾਂਗਰਸੀ ਆਗੂਆਂ ਨੇ ਕੰਮ ਨਹੀਂ ਕੀਤਾ ਤੇ ਕੋਈ ਕਹੇ ਕਿ ਰਾਹੁਲ ਗਾਂਧੀ ਦੀ ਕੱਚੀ ਰਾਜਸੀ ਸਮਝ ਮਾਰ ਗਈ! ਕਾਂਗਰਸੀ ਹਾਈ ਕਮਾਨ ਵਿਚਲੇ ਕੁਝ ਆਗੂ ਇਹ ਗੱਲ ਦੱਬੀ ਜ਼ਬਾਨ ਵਿੱਚ ਕਹਿਣ ਲੱਗ ਪਏ ਕਿ ਬੀਬੀ ਆਪਣੇ ਜਵਾਈ ਨੂੰ ਕੁਝ ਨਹੀਂ ਸੀ ਕਹਿ ਸਕਦੀ, ਕਿਸੇ ਦਾ ਕਿਹਾ ਨਹੀਂ ਸੀ ਸਹਿ ਸਕਦੀ ਤੇ ਬਾਹਰ ਦੇ ਨੁਕਸ ਲੱਭਣ ਦਾ ਕੋਈ ਫਾਇਦਾ ਨਹੀਂ! ਚੋਣਾਂ ਵਿੱਚ ਜਿੰਨਾ ਜ਼ੋਰ ਜਵਾਈ ਰਾਬਰਟ ਵਾਡਰਾ ਦੇ ਖਿਲਾਫ ਲੱਗਦਾ ਰਿਹਾ, ਉਸ ਦੇ ਸਾਰੇ ਸਬੂਤ ਵਿਰੋਧੀ ਧਿਰ ਵਾਲਿਆਂ ਕੋਲ ਪਾਰਟੀ ਦੇ ਅੰਦਰਲੇ ਬੰਦਿਆਂ ਵੱਲੋਂ ਪੁਚਾਏ ਜਾਣ ਦੇ ਚਰਚੇ ਓਦੋਂ ਵੀ ਸੁਣੇ ਜਾਂਦੇ ਸਨ, ਹੁਣ ਵੀ! ਫਰਕ ਏਨਾ ਹੈ ਕਿ ਓਦੋਂ ਇਹ ਖਬਰਾਂ ਸੁਣ ਕੇ ਇੱਕ ਕਾਂਗਰਸੀ ਨੂੰ ਕਿਹਾ ਜਾਵੇ ਤਾਂ ਇੱਕੀ ਜਣੇ ਇਸ ਦਾ ਖੰਡਨ ਕਰਨ ਲਈ ਅੱਗੇ ਆ ਜਾਂਦੇ ਸਨ, ਹੁਣ ਇੱਕੀਆਂ ਨੂੰ ਕਿਹਾ ਜਾਵੇ ਤਾਂ ਇੱਕ ਜਣੇ ਦਾ ਵੀ ਉੱਠਣ ਨੂੰ ਮਨ ਨਹੀਂ ਕਰਦਾ!

ਮਾੜੇ ਹਾਲਾਤ ਵਿੱਚ ਜਿਹੜੀ ਗੱਲ ਕਹਿਣ ਤੋਂ ਹਰ ਕੋਈ ਝਿਜਕ ਜਾਵੇ, ਉਹ ਲੋਕਾਂ ਤੱਕ ਚੁਟਕੁਲੇ ਵਜੋਂ ਪਹੁੰਚ ਜਾਂਦੀ ਹੈ! ਕਾਂਗਰਸ ਬਾਰੇ ਹੁਣ ਜਿਹੜੇ ਚੁਟਕੁਲੇ ਚੱਲਦੇ ਨੇ, ਉਨ੍ਹਾਂ ਵਿੱਚੋਂ ਇੱਕ ਛੀਉੜੰਬਾ ਸੁਣਾ ਸਕਦੈ!

ਮਿੱਤਰ ਜੀਓ, ਇੱਕ ਚੁਟਕੁਲਾ ਚੱਲ ਰਿਹੈ ਕਿ ਕਾਂਗਰਸ ਦੀ ਹਾਰ ਤੋਂ ਦੁਖੀ ਹੋਈ ਸੋਨੀਆ ਗਾਂਧੀ ਨੇ ਇੱਕ ਦਿਨ ਪਾਰਟੀ ਦੇ ਵੱਕਾਰ-ਸਤਿਕਾਰ ਦੀ ਬਹਾਲੀ ਲਈ ਰਾਮਾਇਣ ਦੀ ਕਥਾ ਕਰਵਾ ਲਈ! ਸਾਰੇ ਕਾਂਗਰਸੀ ਸੱਦ ਲਏ! ਇੱਕ ਬੜੇ ਮੰਨੇ ਹੋਏ ਕਥਾਕਾਰ ਪੰਡਿਤ ਜੀ ਕਥਾ ਕਰਨ ਆ ਗਏ! ਉਨ੍ਹਾਂ ਨੇ ਧਾਰਮਿਕ ਪ੍ਰਮਾਣ ਦੇਂਦੇ ਹੋਏ ਇਹੋ ਜਿਹਾ ਮਿੱਠਾ ਰੰਗ ਬੰਨ੍ਹਿਆ ਕਿ ਹਰ ਕੋਈ ਮੰਤਰ ਮੁਗਧ ਹੋਇਆ ਜਾਪਦਾ ਸੀ! ਫਿਰ ਰਾਵਣ ਦਾ ਕਾਂਡ ਆ ਗਿਆ! ਪੰਡਿਤ ਕਹਿਣ ਲੱਗਾ: ‘ਰਾਵਣ ਮਾੜਾ ਨਹੀਂ ਸੀ, ਗੁਣੀ-ਗਿਆਨੀ ਵੀ ਪੂਰਾ ਸੀ, ਪਰ ਉਸ ਦੀ ਸੋਨੇ ਦੀ ਲੰਕਾ ਇਸ ਕਰ ਕੇ ਡੁੱਬੀ ਕਿ ਕੋਈ ਘਰ ਦਾ ਭੇਤੀ ਘਰ ਦੇ ਭੇਤ ਬਾਹਰ ਦੱਸਦਾ ਰਿਹਾ ਸੀ! ਹਰ ਰਾਜ ਘਰਾਣੇ ਵਿੱਚ ਏਦਾਂ ਹੋ ਜਾਂਦੈ!’

ਸੋਨੀਆ ਗਾਂਧੀ ਦੀ ਨਜ਼ਰ ਇੱਕ ਕਾਂਗਰਸੀ ਵੱਲ ਗਈ, ਉਸ ਨੇ ਸਫਾਈ ਦਿੱਤੀ: ‘ਯਕੀਨ ਕਰੋ ਮੈਡਮ ਜੀ, ਮੈਂ ਤੁਹਾਡਾ ਨਮਕ ਖਾਇਆ ਹੈ, ਮੈਂ ਕਿਸੇ ਨੂੰ ਕਦੀ ਕੁਝ ਨਹੀਂ ਸੀ ਦੱਸਿਆ!’ ਦੂਸਰੇ ਵੱਲ ਨਜ਼ਰ ਗਈ ਤਾਂ ਉਹ ਵੀ ਝੱਟ ਇਹੋ ਕੁਝ ਕਹਿਣ ਲੱਗ ਪਿਆ! ਸਾਰੇ ਜਣੇ ਏਹੋ ਗੱਲ ਕਹੀ ਜਾਣ! ਸੋਨੀਆ ਗਾਂਧੀ ਨੂੰ ਹਿੰਦੀ ਨਾ ਆਉਂਦੀ ਹੋਣ ਕਰ ਕੇ ਉਸ ਨੇ ਦਿਗਵਿਜੇ ਸਿੰਘ ਨੂੰ ਪੁੱਛ ਲਿਆ: ‘ਵ੍ਹਟ ਆਰ ਦੇ ਸੇਇੰਗ?’ (ਉਹ ਕੀ ਕਹਿ ਰਹੇ ਨੇ?)

ਦਿਗਵਿਜੇ ਸਿੰਘ ਨੇ ਪਹਿਲਾਂ ਥੋੜ੍ਹਾ ਘੂਰ ਕੇ ਉਨ੍ਹਾਂ ਵੱਲ ਵੇਖਿਆ ਤੇ ਫਿਰ ਸੋਨੀਆ ਗਾਂਧੀ ਦੇ ਕੰਨ ਵਿੱਚ ਕਹਿਣ ਲੱਗਾ: ‘ਮੈਡਮ, ਮੈਂ ਪਿਛਲੇ ਤੀਹ ਸਾਲਾਂ ਤੋਂ ਇਨ੍ਹਾਂ ਨੂੰ ਜਾਣਦਾ ਹਾਂ, ਏਦਾਂ ਕਰਨ ਵਾਲੇ ਲੱਗਦੇ ਤਾਂ ਨਹੀਂ!’