ਛੀਉੜੰਬਾ

ਸਕੀਮ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਵੇ ਜਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਾਂ ਫਿਰ ਖਜ਼ਾਨੇ ਦੇ ਮੰਤਰੀ ਅਰੁਣ ਜੇਤਲੀ ਦੀ, ਉਨ੍ਹਾਂ ਨੇ ਕਾਂਗਰਸੀ ਛਾਪੇ ਵਾਲੇ ਗਵਰਨਰਾਂ ਨੂੰ ਸੁਨੇਹਾ ਦੇ ਦਿੱਤਾ ਕਿ ਉਹ ਅਹੁਦੇ ਛੱਡ ਕੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਲੈਣ! ਕੋਈ ਗਿਆ ਤੇ ਕੋਈ ਚਾਰ ਦਿਨ ਕੱਟਣ ਦੇ ਤਰਲੇ ਲੈਣ ਲੱਗ ਪਿਆ! ਪਾਸਿਓਂ ਕਈ ਲੋਕਾਂ ਨੇ ਇਸ ਵਿਹਾਰ ਨੂੰ ਗਲਤ ਕਿਹਾ ਤੇ ਕਈਆਂ ਨੇ ਚੇਤਾ ਕਰਵਾ ਦਿੱਤਾ ਕਿ ਜਦੋਂ ਮਨਮੋਹਨ ਸਿੰਘ ਨੂੰ ਅੱਗੇ ਲਾ ਕੇ ਸੋਨੀਆ ਗਾਂਧੀ ਨੇ ਸਰਕਾਰ ਚਲਾਉਣੀ ਸ਼ੁਰੂ ਕੀਤੀ ਸੀ, ਉਨ੍ਹਾਂ ਨੇ ਵੀ ਇਹੋ ਕੀਤਾ ਸੀ! ਲਾਹੌਰੀਆਂ ਵਿੱਚ ਇਹ ਗੱਲ ਆਮ ਚਰਚਾ ਵਿੱਚ ਹੈ ਕਿ ਜਦੋਂ ਭਾਈਚਾਰੇ ਦੀ ਸਾਂਝੀ ਵਰਤੋਂ ਵਾਲੀ ਪਿੱਤਲ ਦੀ ਦੇਗ ਬਦਲਣੀ ਹੋਵੇ, ਓਦੋਂ ਨਾਲ ਕੜਛੇ ਵੀ ਬਦਲ ਦੇਣੇ ਚਾਹੀਦੇ ਨੇ! ਨਵੀਂ ਸਰਕਾਰ ਹੁਣ ਪੁਰਾਣੀ ਸਰਕਾਰ ਦੇ ਦੇਗਬਰੇ ਨਾਲ ਖੀਰ-ਕੜਾਹ ਤੇ ਦਾਲ-ਚੌਲਾਂ ਦੀ ਸਾਂਝ ਰੱਖਣ ਵਾਲੇ ਕੜਛੇ ਬਦਲਣਾ ਚਾਹੁੰਦੀ ਹੈ ਤਾਂ ਬਦਲਦੀ ਰਹਿਣ ਦਿਓ!

ਇਸ ਦੇ ਬਾਅਦ ਇਹ ਗੱਲ ਚੱਲ ਪਈ ਕਿ ਭਾਰਤ ਸਰਕਾਰ ਦੀ ਆਫਤ ਪ੍ਰਬੰਧ ਦੀ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਵੀ ਬਦਲਣੇ ਚਾਹੀਦੇ ਨੇ! ਕੋਈ ਹਰਜ ਨਹੀਂ ਇਸ ਵਿੱਚ! ਜਿਨ੍ਹਾਂ ਦੀ ਹੁਣ ਤੱਕ ਭਾਜਪਾ ਲੀਡਰ ਨੁਕਤਾਚੀਨੀ ਕਰਦੇ ਰਹੇ ਸੀ, ਜੇ ਉਹ ਬਦਲੇ ਨਾ ਜਾਂਦੇ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਸਨ! ਕਈ ਆਪਣੇ ਆਪ ਹੀ ਅਸਤੀਫੇ ਦੇ ਕੇ ਤੁਰ ਗਏ ਤੇ ਕਈਆਂ ਨੂੰ ਕੱਢਣ ਦੀਆਂ ਸਕੀਮਾਂ ਸੋਚੀਆਂ ਜਾਣ ਲੱਗ ਪਈਆਂ! ਇਸ ਚੱਕਰ ਵਿੱਚ ਫਿਰ ਇਹ ਗੱਲ ਵੀ ਚਰਚਾ ਵਿੱਚ ਆ ਗਈ ਕਿ ਭਾਰਤ ਸਰਕਾਰ ਦਾ ਜਿਹੜਾ ਯੋਜਨਾ ਕਮਿਸ਼ਨ ਹੈ, ਉਹ ਵੀ ਪਿਛਲੀ ਸਰਕਾਰ ਵੇਲੇ ਦਾ ਹੈ, ਬਦਲਣਾ ਉਸ ਨੂੰ ਵੀ ਚਾਹੀਦੈ! ਏਥੇ ਆ ਕੇ ਨਵੀਂ ਗੱਲ ਸੁਣ ਲਈ! ਪਤਾ ਲੱਗੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਹਿ ਦਿੱਤੈ ਕਿ ਯੋਜਨਾ ਕਮਿਸ਼ਨ ਦੀ ਲੋੜ ਹੀ ਨਹੀਂ, ਇਸ ਤੋਂ ਬਿਨਾਂ ਵੀ ਸਰਕਾਰ ਦਾ ਕੰਮ ਚੱਲ ਸਕਦੈ! ਜਿੰਨੇ ਕੁ ਫੈਸਲੇ ਇਸ ਨਵੀਂ ਸਰਕਾਰ ਨੇ ਕੀਤੇ ਨੇ, ਸ਼ਾਇਦ ਸਭ ਤੋਂ ਸਿਆਣੀ ਗੱਲ ਇਹੋ ਕੀਤੀ ਹੈ!

ਤੁਸੀਂ ਕਹੋਗੇ ਕਿ ਦੇਸ਼ ਦਾ ਯੋਜਨਾ ਕਮਿਸ਼ਨ ਭੰਗ ਕੀਤਾ ਜਾ ਰਿਹੈ ਤੇ ਇਸ ਵਿੱਚ ਭਲਾ ਬਾਹਲੀ ਸਿਆਣੀ ਗੱਲ ਕਿੱਥੋਂ ਆ ਗਈ? ਫਿਰ ਛੀਉੜੰਬੇ ਨੂੰ ਇਹ ਦੱਸਣਾ ਪਵੇਗਾ ਕਿ ਯੋਜਨਾ ਕਮਿਸ਼ਨ ਕਰਦਾ ਕੀ ਹੈ?

ਭਾਈ ਸੱਜਣੋਂ, ਇੱਕ ਵਾਰੀ ਸਰਕਾਰੀ ਖਰਚੇ ਨਾਲ ਚੱਲਣ ਵਾਲੀ ਇੱਕ ਲੈਬਾਰਟਰੀ ਵਿੱਚ ਡੱਡੂਆਂ ਦੇ ਜੀਵਨ ਦਾ ਤਜਰਬਾ ਹੋ ਰਿਹਾ ਸੀ ਤੇ ਡਿਗਰੀਆਂ ਦੀ ਪੰਡ ਲੈ ਕੇ ਬੈਠੇ ਸਿਫਾਰਸ਼ੀ ਸਾਇੰਸਦਾਨ ਹਰ ਮਹੀਨੇ ਮਿਲ ਰਹੀ ਮੋਟੀ ਤਨਖਾਹ ਦਾ ਹੱਕ ਪੂਰਾ ਕਰ ਰਹੇ ਸਨ! ਇੱਕ ਸਾਇੰਸਦਾਨ ਨੇ ਇੱਕ ਡੱਡੂ ਦੀ ਲੱਤ ਕੱਟ ਕੇ ਕਿਹਾ: ‘ਚੱਲ ਓਏ!’

ਡੱਡੂ ਡਰਦਾ ਹੋਇਆ ਭੁੜਕਿਆ ਤੇ ਸਾਇੰਸਦਾਨ ਨੇ ਨੋਟ ਲਿਖ ਦਿੱਤਾ: ‘ਪਹਿਲੇ ਤਜਰਬੇ ਤੋਂ ਇਹ ਨਿਕਲਦੈ ਕਿ ਡੱਡੂ ਤਿੰਨ ਲੱਤਾਂ ਨਾਲ ਵੀ ਛਾਲ ਮਾਰ ਸਕਦੈ!’

ਫਿਰ ਉਸ ਨੇ ਡੱਡੂ ਦੀ ਦੂਸਰੀ ਲੱਤ ਵੱਢੀ ਤੇ ਕਿਹਾ: ‘ਚੱਲ ਬਈ!’

ਪੀੜ ਦਾ ਮਾਰਿਆ ਡੱਡੂ ਭੁੜਕਿਆ ਤੇ ਥੋੜ੍ਹੀ ਦੂਰ ਜਾ ਡਿੱਗਾ! ਸਾਇੰਸਦਾਨ ਨੇ ਲਿਖਿਆ: ‘ਤਜਰਬਾ ਦੱਸਦਾ ਹੈ ਕਿ ਡੱਡੂ ਦੀਆਂ ਦੋ ਲੱਤਾਂ ਵੀ ਹੋਣ ਤਾਂ ਥੋੜ੍ਹਾ-ਬਹੁਤਾ ਛੜੱਪਾ ਮਾਰ ਸਕਦੈ!’

ਉਸ ਦੇ ਬਾਅਦ ਤੀਸਰੀ ਲੱਤ ਵੀ ਵੱਢ ਦਿੱਤੀ ਤੇ ਕਿਹਾ: ‘ਹੁਣ ਚੱਲ!’

ਡੱਡੂ ਜਾਨ ਬਚਾਉਣ ਲਈ ਭੁੜਕਿਆ ਤੇ ਇੰਚ ਕੁ ਜਿੰਨੀ ਦੂਰ ਜਾ ਕੇ ਡਿੱਗ ਪਿਆ! ਸਾਇੰਸਦਾਨ ਨੇ ਲਿਖਿਆ: ‘ਮਨੁੱਖ ਨੂੰ ਡੱਡੂ ਦੀ ਹਿੰਮਤ ਦੀ ਦਾਦ ਦੇਣੀ ਚਾਹੀਦੀ ਹੈ, ਇਹ ਇੱਕ ਲੱਤ ਨਾਲ ਵੀ ਛਾਲ ਮਾਰੀ ਜਾਂਦੈ!’

ਇੱਕ ਵਾਰੀ ਫਿਰ ਸਾਇੰਸਦਾਨ ਨੇ ਛੁਰੀ ਫੜੀ! ਉਸ ਨੇ ਡੱਡੂ ਦੀ ਚੌਥੀ ਲੱਤ ਵੀ ਲਾਹ ਕੇ ਕਿਹਾ: ‘ਚੱਲ!’ ਡੱਡੂ ਉਂਜ ਦਾ ਉਂਜ ਪਿਆ ਰਿਹਾ! ਸਾਇੰਸਦਾਨ ਨੇ ਦੋ-ਤਿੰਨ ਵਾਰੀ ਕਿਹਾ: ‘ਓਏ ਚੱਲ’, ਪਰ ਡੱਡੂ ਉਂਜ ਹੀ ਪਿਆ ਰਿਹਾ!

ਏਨੇ ਨਾਲ ਸਾਰੀ ਖੋਜ ਮੁਕੰਮਲ ਹੋਈ ਸਮਝ ਕੇ ਸਾਇਸਦਾਨ ਨੇ ਰਿਪੋਰਟ ਲਿਖੀ: ‘ਤਜਰਬੇ ਤੋਂ ਇਹ ਸਾਬਤ ਹੁੰਦੈ ਕਿ ਡੱਡੂ ਦੀਆਂ ਜਦੋਂ ਚਾਰੇ ਲੱਤਾਂ ਕੱਟ ਦੇਈਏ ਤਾਂ ਉਹ ਕੰਨਾਂ ਤੋਂ ਬੋਲ਼ਾ ਹੋ ਜਾਂਦੈ!’

ਜਦੋਂ ਮੌਂਟੇਕ ਸਿੰਘ ਆਹਲੂਵਾਲੀਏ ਵਰਗੇ ਲੋਕ ਯੋਜਨਾ ਕਮਿਸ਼ਨ ਵਿੱਚ ਬੈਠੇ ਕਹਿੰਦੇ ਨੇ ਕਿ ਛੱਤੀ ਰੁਪਏ ਰੋਜ਼ ਨਾਲ ਲੋਕਾਂ ਦਾ ਢਿੱਡ ਭਰ ਜਾਂਦੈ, ਉਹ ਵੀ ਉਸ ਸਾਇੰਸਦਾਨ ਵਰਗੇ ਨੇ! ਏਦਾਂ ਦੇ ਯੋਜਨਾ ਬੋਰਡ ਦੀ ਲੋੜ ਕੀ ਹੈ?