ਛੀਉੜੰਬਾ

ਭਾਸ਼ਾ ਦੀਆਂ ਬਾਰੀਕੀਆਂ ਨਾ ਜਾਣਨ ਵਾਲੇ ਲੋਕ ਇਸ ਗੱਲ ਵਿੱਚ ਉਲਝ ਜਾਂਦੇ ਨੇ ਕਿ ‘ਹਿੰਦੀ ਸੱਭਿਆਚਾਰ’ ਅਤੇ ‘ਹਿੰਦੂ ਸੱਭਿਆਚਾਰ’ ਵਿੱਚ ਵੀ ਫਰਕ ਹੁੰਦੈ! ਬਹੁਤ ਵੱਡਾ ਫਰਕ ਹੁੰਦੈ ਇਸ ਵਿੱਚ! ਸਚਮੁੱਚ ਓਨਾ ਤਕੜਾ ਫਰਕ ਹੁੰਦੈ, ਜਿੰਨਾ ‘ਸੰਸਕ੍ਰਿਤ’ ਅਤੇ ‘ਸੰਸਕ੍ਰਿਤੀ’ ਵਿੱਚ ਹੁੰਦੈ! ਤੁਸੀਂ ਕਹੋਗੇ ਕਿ ਪਹਿਲੀ ਗੱਲ ਹਾਲੇ ਪੱਲੇ ਨਹੀਂ ਪਈ, ਨਵਾਂ ਬਖੇੜਾ ਖੜਾ ਕਰ ਦਿੱਤੈ! ਅਸਲ ਵਿੱਚ ਹਿੰਦੀ ਸਿਰਫ ਭਾਸ਼ਾ ਨਹੀਂ ਹੁੰਦੀ, ਇਹ ਹਿੰਦੁਸਤਾਨੀਅਤ ਦੀ ਪ੍ਰਤੀਕ ਵੀ ਮੰਨੀ ਜਾਂਦੀ ਹੈ! ਅਸੀਂ ਇੱਕ ਤਰਾਨਾ ਗਾਉਂਦੇ ਹਾਂ, ਜਿਸ ਵਿੱਚ ਇਹ ਸ਼ਬਦ ਆਉਂਦੇ ਨੇ; ‘ਹਿੰਦੀ ਹੈਂ ਹਮ ਵਤਨ ਹਿੰਦੁਸਤਾਂ ਹਮਾਰਾ’, ਇਸ ਦਾ ਭਾਵ ਇਹ ਹੈ ਕਿ ਅਸੀਂ ਕਿਸੇ ਵੀ ਧਰਮ ਦੇ ਹੋਈਏ, ਸਭ ਹਿੰਦੁਸਤਾਨੀ ਲੋਕ ਹਾਂ, ਜਿਨ੍ਹਾਂ ਸਾਰਿਆਂ ਦਾ ਵਤਨ ਹਿੰਦੁਸਤਾਨ ਹੈ! ਇੰਜ ਹੀ ਸੰਸਕ੍ਰਿਤ ਇੱਕ ਭਾਸ਼ਾ ਹੈ ਤੇ ਸੰਸਕ੍ਰਿਤੀ ਦਾ ਭਾਵ ਸੱਭਿਆਚਾਰ ਹੈ! ਲੋਕਾਂ ਵਿੱਚ ਇਨ੍ਹਾਂ ਦੋਵਾਂ ਗੱਲਾਂ ਬਾਰੇ ਉਲਝਣ ਹੋਣ ਕਰ ਕੇ ਕਈ ਬਖੇੜੇ ਖੜੇ ਹੋ ਜਾਂਦੇ ਨੇ! ਮਿਸਾਲ ਵਜੋਂ ਜਦੋਂ ਕੋਈ ਇਹ ਕਹਿੰਦੈ ਕਿ ‘ਫਲਾਣਾ ਮੇਰੇ ਭਰਾ ਦਾ ਸਾਂਢੂ ਹੈ’ ਤਾਂ ਅਰਥ ਹੋਰ ਹੁੰਦੈ ਤੇ ਜਦੋਂ ਇਹ ਕਹੇ ਕਿ ‘ਫਲਾਣਾ ਮੇਰੇ ਸਾਂਢੂ ਦਾ ਭਰਾ ਹੈ’, ਇਸ ਦਾ ਮਤਲਬ ਦੋਵਾਂ ਦੀ ਰਿਸ਼ਤੇਦਾਰੀ ਵਿਚਾਲੇ ਕਈ ਮੀਲਾਂ ਦਾ ਫਰਕ ਪਾ ਸਕਦੈ!

ਅੱਜ ਕੱਲ੍ਹ ਇੱਕ ਗੱਲ ਦੀ ਬੜੀ ਸਮੱਸਿਆ ਜਿਹੀ ਬਣੀ ਪਈ ਹੈ! ਕੁਝ ਲੋਕ ਕਹਿੰਦੇ ਨੇ ਕਿ ਅਸੀਂ ਭਾਰਤ ਦੀ ਜਨਤਾ ਨੂੰ ‘ਹਿੰਦੂ ਸੰਸਕ੍ਰਿਤੀ’ ਤੋਂ ਜਾਣੂ ਕਰਾਉਣੈ! ਕਰਾਈ ਜਾਣ ਤੇ ਜਿਨ੍ਹਾਂ ਨੇ ਜਾਣੂ ਹੋਣੈ, ਹੋਈ ਜਾਣ, ਪਰ ਇਸ ਦੀ ਇੱਕ ਸਮੱਸਿਆ ਹੋਰ ਖੜੀ ਹੋ ਜਾਂਦੀ ਹੈ! ਭਾਸ਼ਾ ਇਸ ਦਾ ਰਾਹ ਰੋਕ ਕੇ ਖੜੋ ਜਾਂਦੀ ਹੈ! ਵਿਚਾਰੇ ਅਣਪੜ੍ਹ ਲੋਕਾਂ ਲਈ ‘ਹਿੰਦੂ ਸੰਸਕ੍ਰਿਤੀ’ ਅਤੇ ‘ਹਿੰਦੀ ਸੰਸਕ੍ਰਿਤੀ’ ਦਾ ਫਰਕ ਲੱਭਣਾ ਔਖੈ! ਕਾਮਰੇਡਾਂ ਦੇ ਸਾਮਰਾਜਵਾਦ ਦੇ ਨਾਹਰੇ ਪਿੱਛੋਂ ਸਮਾਜਵਾਦ ਦਾ ਨਾਹਰਾ ਲਾਉਣ ਵੇਲੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੁੰਦਾ ਸੀ ਕਿ ਦੋਵਾਂ ਵਿੱਚੋਂ ਜਿ਼ੰਦਾਬਾਦ ਕਿਹੜੇ ਪਿੱਛੇ ਆਖਣੈ ਤੇ ਮੁਰਦਾਬਾਦ ਕਿਸ ਦੀ ਕਰਨੀ ਹੈ? ਹੁਣ ਵੀ ਇਹੋ ਭੁਲੇਖਾ ਪਈ ਜਾਂਦੈ! ਇਸ ਦੇ ਬਾਵਜੂਦ ਭਾਰਤ ਦਾ ਨਵਾਂ ਪ੍ਰਧਾਨ ਮੰਤਰੀ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਲਈ ਜਾਂਦੈ! ਉਸ ਦੇ ਸਾਥੀ ਕਹਿੰਦੇ ਨੇ ਕਿ ਲੋਕਾਂ ਨੂੰ ਇੱਕੋ ਲੜੀ ਵਿੱਚ ਪਰੋਅ ਦੇਣੈ! ਇਹੋ ਤਾਂ ਗੱਲ ਹੈ, ਜਿਹੜੀ ਅਨੇਕਤਾ ਵਿੱਚ ਏਕਤਾ ਵਾਲੇ ਦੇਸ਼ ਵਿੱਚ ਕਦੇ ਹੋ ਹੀ ਨਹੀਂ ਸਕਦੀ!

ਤੁਸੀਂ ਕਹੋਗੇ ਕਿ ਇਹ ਕਿਉਂ ਨਹੀਂ ਹੋ ਸਕਦੀ? ਛੀਉੜੰਬਾ ਕਹੇਗਾ ਕਿ ਲੋਕਾਂ ਦੇ ਵਿਸ਼ਵਾਸ ਆਪੋ ਆਪਣੇ ਨੇ! ਤੁਸੀਂ ਪੁੱਛੋਗੇ ਕਿ ਇਸ ਨਾਲ ਕੀ ਫਰਕ ਪੈ ਸਕਦੈ? ਫਿਰ ਛੀਉੜੰਬੇ ਨੂੰ ਇਹ ਫਰਕ ਸਮਝਾਉਣਾ ਪਵੇਗਾ!

ਭਾਈ ਮਿੱਤਰੋ, ਇੱਕ ਥਾਂ ਕਬਰਾਂ ਅਤੇ ਸਿਵਿਆਂ ਦੀ ਗਰਾਊਂਡ ਨਾਲੋ ਨਾਲ ਸੀ! ਦੋ ਮਿੱਤਰਾਂ ਦੇ ਬਾਪ ਜਦੋਂ ਮਰ ਗਏ, ਇੱਕ ਦਿਨ ਦੋਵੇਂ ਇਕੱਠੇ ਓਥੇ ਚਲੇ ਗਏ! ਜਿਸ ਨੇ ਆਪਣੇ ਬਾਪ ਨੂੰ ਅਗਨ ਭੇਟ ਕੀਤਾ ਸੀ, ਉਹ ਬਾਪੂ ਲਈ ਪੂੜੀ-ਛੋਲੇ ਅਤੇ ਚਾਵਲ ਲੈ ਆਇਆ ਤੇ ਸਭ ਸਾਮਾਨ ਬਾਪੂ ਦੇ ਸਿਵੇ ਵਾਲੀ ਥਾਂ ਜਾ ਟਿਕਾਇਆ! ਦੂਸਰੇ ਨੇ ਬਾਪ ਨੂੰ ਕਬਰ ਵਿੱਚ ਪਾਇਆ ਸੀ, ਉਹ ਆਪਣੇ ਨਾਲ ਫੁੱਲਾਂ ਦਾ ਇੱਕ ਗੁਲਦਸਤਾ ਲਿਆਇਆ ਸੀ ਤੇ ਸਤਿਕਾਰ ਨਾਲ ਬਾਪੂ ਦੇ ਕਬਰ ਦੇ ਲਾਗੇ ਜਾ ਸਜਾਇਆ ਸੀ! ਪਹਿਲੇ ਮਿੱਤਰ ਨੇ ਦੂਸਰੇ ਨੂੰ ਮਿੱਤਰਤਾਈ ਦੇ ਰੌਂਅ ਵਿੱਚ ਛੇੜਨ ਵਾਸਤੇ ਪੁੱਛ ਲਿਆ: ‘ਤੇਰਾ ਬਾਪੂ ਇਨ੍ਹਾਂ ਫੁੱਲਾਂ ਨੂੰ ਸੁੰਘਣ ਲਈ ਕਦੋਂ ਆਊਗਾ?’

ਦੂਸਰਾ ਅੱਗੋਂ ਹੱਸ ਕੇ ਬੋਲਿਆ: ‘ਜਦੋਂ ਤੇਰਾ ਬਾਪੂ ਪੂੜੀ-ਛੋਲੇ ਅਤੇ ਚਾਵਲ ਖਾਣ ਆਊਗਾ!’

ਭਾਰਤ ਦੇ ਜਿਹੜੇ ਲੋਕਾਂ ਨੂੰ ਅਜੇ ਤੱਕ ਹਿੰਦੂ ਅਤੇ ਹਿੰਦੀ ਦਾ ਫਰਕ ਵੀ ਸਮਝ ਨਹੀਂ ਆਇਆ ਤੇ ਸੰਸਕ੍ਰਿਤ ਤੇ ਸੰਸਕ੍ਰਿਤੀ ਦਾ ਫਰਕ ਵੀ ਸਮਝ ਨਹੀਂ ਪੈਣ ਲੱਗਾ, ਉਨ੍ਹਾਂ ਲੋਕਾਂ ਨੂੰ ਨਵੀਂ ਸਰਕਾਰ ਦੀ ਸਰਪ੍ਰਸਤੀ ਹੇਠ ਚੱਲਦੀ ਇਹ ਨਵੀਂ ਮੁਹਿੰਮ ਕਿਸੇ ਇੱਕੋ ਲੜੀ ਵਿੱਚ ਕਿਵੇਂ ਪਰੋਅ ਦੇਵੇਗੀ, ਇਹ ਸਮਝਣਾ ਵੀ ਵਾਹਵਾ ਔਖਾ ਜਾਪਦੈ!