ਛੀਉੜੰਬਾ

ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ! ਜਿਹੜੇ ਲੋਕ ਇਸ ਦਾ ਸਿ਼ਕਾਰ ਹੋ ਜਾਂਦੇ ਨੇ, ਉਹ ਫਿਰ ਇਸੇ ਗੇੜ ਦੇ ਵਿੱਚ ਉਲਝੇ ਰਹਿੰਦੇ ਨੇ! ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰੀ ਸਿਆਣੇ ਲੋਕ ਵਹਿਮ ਕਰ ਬਹਿੰਦੇ ਨੇ! ਹੁਣ ਕੁਝ ਲੋਕਾਂ ਨੂੰ ਫਿਰ ਇਹੋ ਬਿਮਾਰੀ ਚੰਬੜੀ ਪਈ ਹੈ! ਹੋਣ ਨੂੰ ਇਹ ਵੀ ਹੋ ਸਕਦੈ ਕਿ ਉਹ ਦਿਲੋਂ ਸਾਰੀ ਹਕੀਕਤ ਸਮਝਦੇ ਹੋਣ ਤੇ ਕੋਈ ਚਾਲ ਚੱਲ ਰਹੇ ਹੋਣ, ਪਰ ਬਾਹਰੋਂ ਪ੍ਰਭਾਵ ਇਹੋ ਮਿਲ ਰਿਹੈ ਕਿ ਉਹ ਸਿਆਣੇ ਬੰਦੇ ਵੀ ਹੁਣ ਵਹਿਮ ਦਾ ਸਿ਼ਕਾਰ ਹੋਏ ਪਏ ਨੇ! ਕਈ-ਕਈ ਸਾਲ ਜਿਨ੍ਹਾਂ ਨੇ ਗੁਜਰਾਤ ਦੀਆਂ ਕਹਾਣੀਆਂ ਲੋਕਾਂ ਨੂੰ ਸੁਣਾਈਆਂ ਸੀ ਤੇ ਫਿਰ ਇਹ ਕਿਹਾ ਸੀ ਕਿ ਨਰਿੰਦਰ ਮੋਦੀ ਨੂੰ ਭਾਰਤ ਦੇ ਲੋਕਤੰਤਰ ਦੀ ਮਾਨਸਿਕਤਾ ਦੇ ਯੋਗ ਨਹੀਂ ਮੰਨਿਆ ਜਾਣਾ ਚਾਹੀਦਾ, ਉਹ ਹੁਣ ਇਹ ਕਹਿੰਦੇ ਫਿਰਦੇ ਨੇ ਕਿ ਨਰਿੰਦਰ ਮੋਦੀ ਆ ਗਿਐ, ਭਾਰਤ ਦੀ ਕਾਇਆ ਹੀ ਪਲਟ ਦੇਵੇਗਾ! ਉਹ ਇਹ ਕਹਿਣ ਵਿੱਚ ਝਿਜਕਦੇ ਨਹੀਂ ਕਿ ਪਤਾ ਹੀ ਹੁਣ ਲੱਗੈ ਕਿ ਨਰਿੰਦਰ ਮੋਦੀ ਬਹੁਤ ਦੂਰ ਦ੍ਰਿਸ਼ਟੀ ਵਾਲਾ ਆਗੂ ਹੈ!

ਇਹ ਗੱਲ ਸੱਚੀ ਮੰਨੀ ਜਾ ਸਕਦੀ ਹੈ ਕਿ ਉਨ੍ਹਾਂ ਨੂੰ ਹੁਣ ਪਤਾ ਲੱਗਾ ਹੋਵੇ ਤੇ ਪਤਾ ਲੱਗਦੇ ਸਾਰ ਉਨ੍ਹਾਂ ਨੂੰ ਇਹ ਵੀ ਸੁੱਝ ਗਿਆ ਹੋਵੇ ਕਿ ਇਹ ਗੱਲ ਹੁਣ ਕੋਠੇ ਚੜ੍ਹ ਕੇ ਸਾਰੀ ਦੁਨੀਆ ਨੂੰ ਦੱਸਣੀ ਚਾਹੀਦੀ ਹੈ! ਅਸੀਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਇਸ ਲਈ ਸਵਾਗਤ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਨਾਗਰਿਕਾਂ ਨੇ ਵੋਟਾਂ ਪਾ ਕੇ ਉਸ ਨੂੰ ਚੁਣਿਐ! ਕਹਿੰਦੇ ਨੇ ਕਿ ਉਹ ਦੇਸ਼ ਦੀ ਕਾਇਆ ਵੀ ਪਲਟ ਸਕਦੈ! ਕਾਇਆ ਕਈ ਪਾਸੇ ਪਲਟੀ ਜਾ ਸਕਦੀ ਹੈ, ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਐ, ਕਰੀ ਜਾਵੇ! ਉਸ ਦੀ ਮਾਨਸਿਕਤਾ ਦਾ ਹੁਣ ਹੀ ਪਤਾ ਲੱਗਣ ਦਾ ਦਾਅਵਾ ਕਰਨ ਵਾਲੇ ਇਹ ਕਹਿੰਦੇ ਨੇ ਕਿ ਉਹ ਭਾਰਤ ਦੀ ਰਾਜਨੀਤੀ ਨੂੰ ਏਦਾਂ ਰਿੜਕੇਗਾ ਕਿ ਦੇਸ਼ ਬੇਅਸੂਲੇ ਰਾਜਸੀ ਹੁੜਦੰਗ ਤੋਂ ਨਿਕਲ ਕੇ ਸਿੱਧੀ ਲੀਹੇ ਪੈ ਸਕਦੈ! ਜਿੱਦਾਂ ਦੀ ਭਾਰਤ ਦੀ ਉਲਝੀ ਹੋਈ ਰਾਜਨੀਤੀ ਹੈ, ਉਸ ਦੇ ਹੁੰਦਿਆਂ ਛੀਉੜੰਬਾ ਹਾਲੇ ਤੱਕ ਇਹੋ ਜਿਹੀ ਜਲੇਬੀ ਵਰਗੀ ਸਿੱਧੀ ਖਾਹਿਸ਼ ਨੂੰ ਮੰਨਣ ਵਿੱਚ ਮੁਸ਼ਕਲ ਸਮਝਦੈ!

ਤੁਸੀਂ ਕਹੋਗੇ ਕਿ ਛੀਉੜੰਬਾ ਵਲਾਵੇਂਦਾਰ ਜਲੇਬੀ ਦਾ ਜਿ਼ਕਰ ਕਰ ਕੇ ਕਿਸੇ ਗੱਲ ਨੂੰ ਉਸ ਦੇ ਵਾਂਗ ਸਿੱਧੀ ਦੱਸ ਕੇ ਚੋਭ ਲਾਉਂਦੈ, ਇਹ ਅਸਲ ਵਿੱਚ ਕਹਿਣਾ ਕੀ ਚਾਹੁੰਦੈ? ਲਓ ਫਿਰ ਸੁਣ ਲਵੋ ਛੀਉੜੰਬੇ ਤੋਂ!

ਮਿੱਤਰ ਜੀਓ, ਇੱਕ ਪੱਛਮੀ ਦੇਸ਼ ਵਿੱਚ ਇੱਕ ਵਾਰ ਇੱਕ ਸ਼ਰਾਬਖਾਨੇ ਵਿੱਚ ਦੋ ਪੁਰਾਣੇ ਮਿੱਤਰ ਅਚਾਨਕ ਮਿਲ ਪਏ ਤਾਂ ਹਾਲ-ਚਾਲ ਪੁੱਛਣ ਤੋਂ ਬਾਅਦ ਇੱਕ ਜਣੇ ਨੂੰ ਦੂਸਰੇ ਦਾ ਚਿਹਰਾ ਉੱਤਰਿਆ ਜਿਹਾ ਜਾਪਿਐ! ਉਸ ਨੇ ਮਿੱਤਰ ਨੂੰ ਪੁੱਛ ਲਿਆ: ‘ਕੀ ਗੱਲ ਮਿੱਤਰ ਪਿਆਰੇ, ਸੁੱਖ-ਸਾਂਦ ਤਾਂ ਹੈ? ਕੋਈ ਗੜਬੜ ਤਾਂ ਨਹੀਂ ਹੋ ਗਈ?’

ਅਗਲੇ ਪਾਸੇ ਵਾਲੇ ਮਿੱਤਰ ਨੇ ਕਿਹਾ: ‘ਗੜਬੜ, ਬਹੁਤ ਹੀ ਵੱਡੀ ਗੜਬੜ, ਮੈਂ ਤਾਂ ਉਲਝ ਗਿਆ ਹਾਂ!’

ਪਹਿਲੇ ਮਿੱਤਰ ਨੇ ਹੈਰਾਨੀ ਨਾਲ ਪੁੱਛਿਆ: ‘ਓਏ ਕੀ ਸਿਆਪਾ ਪਾ ਲਿਆ ਈ?’

ਦੂਸਰੇ ਮਿੱਤਰ ਨੇ ਦੱਸਿਆ: ‘ਤੇਰੀ ਭਰਜਾਈ ਜਦੋਂ ਗੁਜ਼ਰ ਗਈ ਤਾਂ ਮੈਂ ਇੱਕ ਵਿਧਵਾ ਨਾਲ ਵਿਆਹ ਕਰਵਾ ਲਿਆ, ਜਿਸ ਦੀ ਇੱਕ ਜਵਾਨ ਧੀ ਵੀ ਸੀ! ਉਹ ਕੁੜੀ ਮੇਰੀ ਮਤਰੇਈ ਧੀ ਲੱਗੀ! ਮੇਰੇ ਬਾਪੂ ਨੇ ਪਤਾ ਨਹੀਂ ਕਿਹੜਾ ਚੱਕਰ ਚਲਾਇਆ ਕਿ ਕੁੜੀ ਨੇ ਜਿ਼ਦ ਕਰ ਕੇ ਮੇਰੇ ਪਿਓ ਨਾਲ ਵਿਆਹ ਕਰਵਾ ਲਿਆ!’

ਪਹਿਲੇ ਮਿੱਤਰ ਨੇ ਕਿਹਾ: ‘ਵਧੀਆ, ਬਹੁਤ ਵਧੀਆ, ਕੋਈ ਮਾੜੀ ਗੱਲ ਨਹੀਂ ਹੋਈ!’

ਦੂਸਰੇ ਮਿੱਤਰ ਨੇ ਕਿਹਾ: ‘ਏਥੋਂ ਅੱਗੇ ਮਾੜੀ ਤੋਂ ਮਾੜੀ ਗੱਲ ਹੈ! ਉਸ ਵਿਆਹ ਤੋਂ ਬਾਅਦ ਮੇਰੀ ਮਤਰੇਈ ਧੀ ਦਾ ਪਤੀ ਹੋਣ ਕਰ ਕੇ ਮੇਰਾ ਬਾਪ ਮੇਰਾ ਮਤਰੇਆ ਜਵਾਈ ਬਣ ਗਿਆ! ਜਦੋਂ ਉਨ੍ਹਾਂ ਦੇ ਘਰ ਪੁੱਤਰ ਹੋਇਆ ਤਾਂ ਉਹ ਮੇਰੇ ਬਾਪ ਦਾ ਪੁੱਤਰ ਹੋਣ ਕਰ ਕੇ ਮੇਰਾ ਮਤਰੇਆ ਭਰਾ ਲੱਗਾ, ਪਰ ਮੇਰੀ ਮਤਰੇਈ ਧੀ ਦਾ ਪੁੱਤਰ ਹੋਣ ਕਰ ਕੇ ਮੇਰਾ ਮਤਰੇਆ ਦੋਹਤਾ ਲੱਗਣ ਲੱਗ ਗਿਆ! ਫਿਰ ਮੇਰੇ ਘਰ ਪੁੱਤਰ ਜੰਮ ਪਿਆ! ਉਹ ਮੇਰਾ ਪੁੱਤਰ ਹੋਣ ਕਾਰਨ ਮੇਰੇ ਬਾਪ ਦਾ ਪੋਤਰਾ ਬਣਿਆ, ਪਰ ਉਸ ਦੀ ਪਤਨੀ ਦੇ ਰਿਸ਼ਤੇ ਤੋਂ ਉਸ ਦਾ ਮਤਰੇਆ ਸਾਲਾ ਵੀ ਬਣਦਾ ਸੀ! ਇਸ ਦੇ ਬਾਅਦ ਮੇਰੇ ਮੁੰਡੇ ਅਤੇ ਮੇਰੇ ਬਾਪੂ ਦੇ ਮੁੰਡੇ ਦੇ ਸਕੇ-ਮਤਰੇਏ ਰਿਸ਼ਤੇ ਵੀ ਕਈ ਕਿਸਮ ਦੇ ਨਿਕਲਣ ਲੱਗ ਪਏ…!’

ਪਹਿਲੇ ਮਿੱਤਰ ਨੇ ਕਿਹਾ: ‘ਬਸ, ਬਸ, ਤੂੰ ਤਾਂ ਮੇਰੇ ਵੀ ਪੀਤੇ ਹੋਏ ਦੋ ਪੈੱਗਾਂ ਦਾ ਬੇੜਾ ਗਰਕ ਕਰ ਦਿੱਤੈ!’

ਭਾਰਤ ਦੀ ਰਾਜਨੀਤੀ ਵੀ ਇਸੇ ਤਰ੍ਹਾਂ ਉਲਝੀ ਹੋਈ ਹੈ! ਅੰਗਰੇਜ਼ੀ ਸਾਮਰਾਜ ਦੇ ਟੋਡੀ ਹੁਣ ਦੇਸ਼ ਭਗਤਾਂ ਨਾਲ ਰਿਸ਼ਤੇਦਾਰੀਆਂ ਗੰਢ ਕੇ ਜਾਂ ਆਪ ਦੇਸ਼ ਭਗਤ ਬਣ ਗਏ ਨੇ, ਜਾਂ ਦੇਸ਼ ਭਗਤਾਂ ਨੂੰ ਟੋਡੀ ਬਣਾਈ ਬੈਠੇ ਨੇ! ਕਈ ਸਾਲਾਂ ਦੇ ਸਮਾਜਵਾਦੀਏ ਹੁਣ ਅਕਾਲੀ ਤੇ ਭਾਜਪਾਈਏ ਬਣ ਕੇ ਖਾਲਸੇ ਦਾ ਰਾਜ ਤੇ ਹਿੰਦੂ ਰਾਸ਼ਟਰ ਬਣਾਉਣ ਲਈ ਆਪਣਾ ਆਪ ਅਰਪਣ ਕਰੀ ਜਾਂਦੇ ਨੇ! ਅੱਜ ਵਾਲਾ ਇੱਕ ਪਾਰਟੀ ਦਾ ਆਗੂ ਕੱਲ੍ਹ ਨੂੰ ਦੂਸਰੀ ਪਾਰਟੀ ਵਿੱਚ ਹੁੰਦੈ! ਇਸ ਦੇਸ਼ ਵਿੱਚ ਰਾਜਨੀਤੀ ਕੱਪੜੇ ਬਦਲਣ ਵਰਗੀ ਹੋਈ ਪਈ ਹੈ ਤੇ ਲੀਡਰਾਂ ਦੇ ਸੋਹਲੇ ਗਾਉਂਦੇ ਲੇਖਕਾਂ ਦਾ ਵੀ ਇਹੋ ਹਾਲ ਹੋ ਗਿਐ! ਨਰਿੰਦਰ ਮੋਦੀ ਇਸ ਰਾਜਨੀਤੀ ਦੇ ਵੱਟ ਕਿਹੜੀ ਬਿਜਲੀ ਦੀ ਪ੍ਰੈੱਸ ਨਾਲ ਕੱਢ ਦੇਊਗਾ?