ਛੀਉੜੰਬਾ

ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਗਿਐ! ਸੰਸਾਰ ਦੀਆਂ ਸਿਖਰਲੀਆਂ ਬੱਤੀ ਟੀਮਾਂ ਨੇ ਓਥੇ ਖੇਡਣੈ! ਭਾਰਤ ਦੀ ਗਿਣਤੀ ਫੁੱਟਬਾਲ ਦੀ ਖੇਡ ਵਿੱਚ ਨਾ ਤਿੰਨਾਂ ਵਿੱਚ ਹੈ, ਨਾ ਇਹ ਤੇਰਾਂ ਵਿੱਚ, ਨਾ ਖੇਡਣ ਵਾਲੀਆਂ ਬੱਤੀਆਂ ਨੂੰ ਛੱਡ ਕੇ ਤੇਤੀਆਂ ਵਿੱਚ ਹੈ, ਸਗੋਂ ਜੇ ਬੱਤੀਆਂ ਨੂੰ ਪੰਜਾਂ ਨਾਲ ਗੁਣਾਂ ਕਰੀਏ ਤਾਂ ਓਥੇ ਜਾ ਕੇ ਇੱਕ ਸੌ ਚਰਵੰਜਵੇਂ ਨੰਬਰ ਅੱਗੇ ਭਾਰਤ ਦਾ ਨਾਂਅ ਲਿਖਿਆ ਲੱਭਦੈ! ਇਸ ਦਾ ਅਰਥ ਇਹ ਨਹੀਂ ਕਿ ਲੋਕਾਂ ਦੀ ਇਸ ਵਿੱਚ ਦਿਲਚਸਪੀ ਨਹੀਂ! ਭਾਰਤ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਦਾ ਕ੍ਰਿਕਟ ਤੋਂ ਵੱਧ ਫੁੱਟਬਾਲ ਨਾਲ ਮੋਹ ਹੈ! ਕਈ ਲੋਕ ਕਹਿੰਦੇ ਨੇ ਕਿ ਜੇ ਭਾਰਤ ਦੀ ਟੀਮ ਕਦੇ ਖੇਡਣੀ ਨਹੀਂ ਤਾਂ ਇਸ ਮੋਹ ਦੀ ਵੀ ਲੋੜ ਨਹੀਂ! ਜਿਨ੍ਹਾਂ ਦਾ ਘਰ ਨਹੀਂ ਹੁੰਦਾ, ‘ਘਰ-ਘਰ’ ਉਨ੍ਹਾਂ ਦੇ ਬੱਚੇ ਵੀ ਖੇਡ ਲੈਂਦੇ ਨੇ! ਭਾਰਤ ਦੀ ਜਵਾਨੀ ਸੰਸਾਰ ਮੁਕਾਬਲਿਆਂ ਵਿੱਚ ਭਾਵੇਂ ਨਾ ਜਾਵੇ, ਰਾਤਾਂ ਜਾਗ ਕੇ ਮੈਚ ਵੇਖੇਗੀ! ਉਸ ਦੇ ਚਾਅ ਦੀ ਛੀਉੜੰਬਾ ਕਦਰ ਕਰਦੈ ਤੇ ਆਸ ਰੱਖਦੈ ਕਿ ਕਦੀ ਨਾ ਕਦੀ ਉਨ੍ਹਾਂ ਦੀ ਵਾਰੀ ਵੀ ਆ ਸਕਦੀ ਹੈ!

ਕਈ ਵਾਰੀ ਕਈ ਗੱਲਾਂ ਵਿੱਚ ਕੋਈ ਆਸ ਨਾ ਹੋਣ ਦੇ ਬਾਵਜੂਦ ਜਦੋਂ ਆਸ ਰੱਖੀ ਜਾਂਦੀ ਹੈ ਤਾਂ ਇਸ ਨੂੰ ਲੋਕ ਵਗਦੇ ਵਹਿਣ ਦੇ ਖਿਲਾਫ ਵਗਣਾ ਮੰਨਦੇ ਨੇ! ਉਹ ਲੋਕ ਗਲਤ ਨਹੀਂ ਹੁੰਦੈ! ਵਗਦੇ ਵਹਿਣ ਨਾਲ ਵਗਣ ਦੀ ਆਦਤ ਪਾ ਚੁੱਕੇ ਲੋਕਾਂ ਨੂੰ ਵਹਿਣ ਦੇ ਖਿਲਾਫ ਵਗਣ ਦਾ ਸੁਆਦ ਪਤਾ ਨਹੀਂ ਹੁੰਦਾ! ਜਿਹੜੇ ਗੁਜਰਾਤ ਵਿੱਚ ਨਰਿੰਦਰ ਮੋਦੀ ਦਾ ਪਿਛਲੇ ਚੌਦਾਂ ਸਾਲਾਂ ਤੋਂ ਰਾਜ ਚੱਲਦਾ ਪਿਆ ਸੀ, ਜਦੋਂ ਮੋਦੀ ਨੇ ਪ੍ਰਧਾਨ ਮੰਤਰੀ ਬਣਨਾ ਸੀ, ਵਡੋਦਰਾ ਵਿੱਚ ਵਗਦੇ ਵਹਿਣ ਨਾਲ ਵਗਣ ਵਾਲਿਆਂ ਨੇ ਵੋਟਾਂ ਓਸੇ ਨੂੰ ਪਾਈਆਂ ਸਨ! ਛੀਉੜੰਬੇ ਦੇ ਮੂਹਰੇ ਵਗਦੇ ਵਹਿਣ ਦੇ ਖਿਲਾਫ ਮੋਦੀ ਤੋਂ ਉਲਟ ਪਈਆਂ ਵੋਟਾਂ ਵੀ ਆਈਆਂ ਸਨ! ਕਮਾਲ ਦੀ ਗੱਲ ਹੈ ਕਿ ਨਰਿੰਦਰ ਮੋਦੀ ਦੇ ਗੁਜਰਾਤ ਅੰਦਰ ਨਰਿੰਦਰ ਮੋਦੀ ਦੇ ਖਿਲਾਫ ਵਡੋਦਰਾ ਵਿੱਚ ਵੋਟਾਂ ਪਾਉਣ ਵਾਲੇ ਕੋਈ ਦੋ-ਚਾਰ ਦਰਜਨ ਲੋਕ ਨਹੀਂ, ਉਨ੍ਹਾਂ ਦੀ ਗਿਣਤੀ ਦੋ ਲੱਖ ਪੰਝੱਤਰ ਹਜ਼ਾਰ ਤਿੰਨ ਸੌ ਛੱਤੀ ਨਿਕਲੀ ਸੀ! ਵਗਦੇ ਵਹਿਣ ਦੇ ਖਿਲਾਫ ਵਗਣ ਵਾਲੇ ਆਪਣਾ ਥਾਂ ਜਾਣਦੇ ਨੇ! ਸੰਸਾਰ ਕੱਪ ਵਿੱਚ ਭਾਰਤ ਜਾਵੇ ਜਾਂ ਨਾ ਜਾਵੇ, ਇਸ ਖੇਡ ਨਾਲ ਮੋਹ ਰੱਖਣ ਵਾਲੇ ਲੋਕ ਇਸ ਦੇ ਮੈਚਾਂ ਦਾ ਮਜ਼ਾ ਅੱਧੀ ਰਾਤ ਤੋਂ ਬਾਅਦ ਤੱਕ ਜਾਗ ਕੇ ਵੀ ਮਾਣਦੇ ਨੇ! ਸਦਕੇ ਜਾਈਏ ਇਹੋ ਜਿਹੇ ਖੇਡ ਪ੍ਰੇਮੀਆਂ ਦੇ!

ਸਦਕੇ ਜਾਈਏ, ਪਰ ਸਿਰਫ ਸਦਕੇ ਜਾਈਏ, ਉਂਜ ਉਨ੍ਹਾਂ ਦੀ ਸਿੱਕ ਪੂਰੀ ਹੋਣ ਦੀ ਆਸ ਬਹੁਤੀ ਨਾ ਰੱਖੀਏ, ਪਰ ਮੂਲੋਂ ਵੀ ਨਾ ਕੱਟੀਏ ਕਿ ਭਾਰਤ ਕਦੇ ਵਰਲਡ ਕੱਪ ਖੇਡੇਗਾ! ਕਦੇ ਇਹ ਵੀ ਖੇਡੇਗਾ ਤੇ ਜਦੋਂ ਖੇਡੇਗਾ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ! ਤੁਸੀਂ ਇਸ ਗੱਲ ਤੋਂ ਉਲਝ ਜਾਵੋਗੇ ਕਿ ਭਾਰਤ ਵਰਲਡ ਕੱਪ ਖੇਡੇਗਾ, ਪਰ ਕਿਸੇ ਨੂੰ ਪਤਾ ਕਿਉਂ ਨਹੀਂ ਲੱਗੇਗਾ? ਇਸ ਗੁੰਝਲ ਵਾਲੇ ਸਵਾਲ ਦਾ ਜਵਾਬ ਵੀ ਛੀਉੜੰਬਾ ਦਿੱਤੇ ਬਿਨਾਂ ਨਹੀਂ ਜਾਣ ਲੱਗਾ!

ਸੱਜਣ ਜੀਓ, ਇੱਕ ਹਿਸਾਬ ਦਾ ਮਾਸਟਰ ਹੁੰਦਾ ਸੀ ਗੁਰਬਚਨ ਸਿੰਘ, ਬਾਰਡਰ ਦੇ ਕਿਸੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦਾ ਹੁੰਦਾ ਸੀ! ਕੱਦਾ ਦਾ ਲੰਮਾ ਸੀ ਤੇ ਆਪਣੇ ਕੱਦ ਤੋਂ ਲੰਮਾ ਗੰਨਾ ਮੰਗਵਾ ਕੇ ਬੱਚਿਆਂ ਦੀਆਂ ਚੀਕਾਂ ਕੁੱਟ-ਕੁੱਟ ਕੇ ਕੱਢਵਾਉਂਦਾ ਹੁੰਦਾ ਸੀ! ਉਸ ਦਾ ਪੜ੍ਹਾਉਣ ਦਾ ਤਰੀਕਾ ਵੱਖਰਾ ਹੁੰਦਾ ਸੀ! ਜਿਹੜੀ ਗੱਲ ਉਹ ਇੱਕ ਵਾਰੀ ਸਮਝਾ ਦੇਵੇ, ਫਿਰ ਬੱਚਿਆਂ ਨੂੰ ਮਿਸਾਲ ਸਮੇਤ ਯਾਦ ਰਹਿ ਜਾਂਦੀ ਹੁੰਦੀ ਸੀ!

ਇੱਕ ਵਾਰ ਮਾਸਟਰ ਗੁਰਬਚਨ ਸਿੰਘ ਨੇ ਇਹ ਸਵਾਲ ਪਾ ਦਿੱਤਾ ਸੀ: ‘ਕਾਕਾ, ਇਹ ਦੱਸੋ, ਜਿਹੜੀਆਂ ਸਮਾਨ ਅੰਤਰ ਰੇਖਾਵਾਂ ਹੁੰਦੀਆਂ ਨੇ, ਉਹ ਕਿੱਦਾਂ ਦੀਆਂ ਹੁੰਦੀਆਂ ਨੇ?’

ਜਿਸ ਬੱਚੇ ਨੇ ਇਹ ਕਿਹਾ ਕਿ ‘ਸਮਾਨ ਅੰਤਰ ਰੇਖਾਵਾਂ ਇੱਕੋ ਜਿਹੇ ਅੰਤਰ ਉੱਤੇ ਚੱਲਦੀਆਂ ਨੇ’, ਉਸ ਨੂੰ ਵੀ ਗੰਨੇ ਨਾਲ ਕੁੱਟ ਪੈ ਗਈ ਤੇ ਜਿਸ ਨੇ ਇਹ ਕਿਹਾ ਕਿ ‘ਉਹ ਰੇਖਾਵਾਂ ਕਦੇ ਵੀ ਅਤੇ ਕਿਸੇ ਥਾਂ ਵੀ ਮਿਲਦੀਆਂ ਨਹੀਂ ਹੁੰਦੀਆਂ’, ਉਸ ਦੇ ਹੱਥ ਵੀ ਗੰਨੇ ਮਾਰ-ਮਾਰ ਕੇ ਮਾਸਟਰ ਗੁਰਬਚਨ ਸਿੰਘ ਨੇ ਲਾਲ ਕਰ ਦਿੱਤੇ ਸਨ!

ਫਿਰ ਉਸ ਨੇ ਇਸ ਦਾ ਅਰਥ ਆਪ ਲਿਖਾਇਆ ਸੀ! ਉਹ ਅਰਥ ਸਭ ਬੱਚਿਆਂ ਨੂੰ ਅੱਜ ਤੱਕ ਵੀ ਯਾਦ ਹੈ: ‘ਸਮਾਨ ਅੰਤਰ ਰੇਖਾਵਾਂ ਉਹ ਹੁੰਦੀਆਂ ਨੇ, ਜਿਹੜੀਆਂ ਲੋਕ ਸਮਝਦੇ ਹਨ ਕਿ ਕਿਤੇ ਮਿਲਦੀਆਂ ਨਹੀਂ, ਪਰ ਉਹ ਓਥੇ ਜਾ ਕੇ ਇੱਕ-ਦੂਸਰੀ ਨਾਲ ਮਿਲਦੀਆਂ ਨੇ, ਜਿੱਥੇ ਉਨ੍ਹਾਂ ਨੂੰ ਕੋਈ ਵੇਖਦਾ ਹੀ ਨਾ ਹੋਵੇ!’

ਸਦਕੇ ਜਾਈਏ ਭਾਰਤ ਵਰਸ਼ ਦੇ ਫੁੱਟਬਾਲ ਪ੍ਰੇਮੀਆਂ ਦੇ, ਉਨ੍ਹਾਂ ਦੇ ਦੇਸ਼ ਦੀ ਟੀਮ ਵੀ ਇੱਕ ਦਿਨ ਵਰਲਡ ਕੱਪ ਖੇਡੇਗੀ, ਪਰ ਉਸ ਦਿਨ ਖੇਡੇਗੀ, ਜਿਸ ਦਿਨ ਉਸ ਨੂੰ ਖੇਡਦੀ ਨੂੰ ਸ਼ਾਇਦ ਕੋਈ ਵੇਖੇਗਾ ਹੀ ਨਹੀਂ!