ਚੱਪਲਬਾਜ਼ ਐਮ ਪੀ ਨੇ ਲੋਕਾਂ ਨੂੰ ਧੋਖਾ ਦੇਣ ਲਈ ਹਮਸ਼ਕਲ ਰੱਖਿਆ

hamshakal
ਮੁੰਬਈ, 16 ਅਪ੍ਰੈਲ (ਪੋਸਟ ਬਿਊਰੋ)- ਏਅਰ ਇੰਡੀਆ ਦੇ ਮੁਲਾਜ਼ਮ ਨੂੰ ਚੱਪਲਾਂ ਨਾਲ ਕੁੱਟਣ ਦੇ ਦੋਸ਼ ਵਿੱਚ ਦੇਸ਼ ਭਰ ‘ਚ ਪ੍ਰਸਿੱਧ ਹੋਏ ਸ਼ਿਵ ਸੈਨਾ ਪਾਰਲੀਮੈਂਟ ਮੈਂਬਰ ਰਵਿੰਦਰ ਗਾਇਕਵਾੜ ਹੁਣ ਲੋਕਾਂ ਨੂੰ ਚਕਮਾ ਦੇਣ ਦੇ ਲਈ ਹੂ ਬ ਹੂ ਆਪਣੇ ਵਰਗਾ ਦਿਸਣ ਵਾਲੇ ਇੱਕ ਸ਼ਖਸ ਦੀ ਵਰਤੋਂ ਕਰ ਰਹੇ ਹਨ।
ਗਾਇਕਵਾੜ ਆਪਣੇ ਹਮਸ਼ਕਲ ਨੂੰ ਆਪਣੇ ਵਰਗੇ ਕੱਪੜੇ ਪਹਿਨਾ ਰਹੇ ਹਨ ਤੇ ਖੁਦ ਨੂੰ ‘ਸਾਬ੍ਹ’ ਦਾ ਸੈਕਟਰੀ ਦੱਸ ਰਹੇ ਹਨ। ਚੱਪਲ ਕਾਂਡ ਅਤੇ ਬਾਅਦ ਵਿੱਚ ਹਵਾਈ ਸਫਰ ਉੱਤੇ ਪਾਬੰਦੀ ਕਾਰਨ ਦੇਸ਼ ਭਰ ਵਿੱਚ ਚਰਚਿਤ ਹੋਏ ਗਾਇਕਵਾੜ ਹੁਣ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਨਾਲ ਸੈਲਫੀ ਖਿੱਚਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਅਜਿਹੇ ਹਾਲਾਤ ਨਾਲ ਨਜਿੱਠਣ ਲਈ ਗਾਇਕਵਾੜ ਨੇ ਫਿਲਮੀ ਤਰੀਕਾ ਅਪਣਾਇਆ ਹੈ। ਹੁਣ ਉਨ੍ਹਾਂ ਦੇ ਹਮਸ਼ਕਲ ਰਤਨਕਾਂਤ ਸਾਗਰ ਵਧੇਰਾ ਸਮਾਂ ਉਨ੍ਹਾਂ ਨਾਲ ਹੁੰਦੇ ਹਨ। ਲੋਕਾਂ ਨੂੰ ਅਸਲੀ ਗਾਇਕਵਾੜ ਤੇ ਉਨ੍ਹਾਂ ਦੇ ਹਮਸ਼ਕਲ ਵਿੱਚ ਫਰਕ ਪਤਾ ਨਾ ਲੱਗੇ, ਇਸ ਲਈ ਉਸਮਾਨਾਬਾਦ ਦੇ ਪਾਰਲੀਮੈਂਟ ਮੈਂਬਰ ਨੇ ਜਨਤਕ ਥਾਵਾਂ ਲਈ ਸਾਗਰ ਨੂੰ ਖੁਦ ਵਰਗਾ ਕੁੜਤਾ-ਪਜਾਮਾ ਪਹਿਨਣ ਦਾ ਹੁਕਮ ਦਿੱਤਾ ਹੈ, ਜਦ ਕਿ ਉਹ ਟੀ-ਸ਼ਰਟ ਅਤੇ ਬੈਗੀ ਪੈਂਟ ਪਹਿਨਦੇ ਹਨ।