ਚੰਨੀ ਨੇ ਕਿਹਾ: ਰੇਤ ਖੁਦਾਈ ਨਾਲ ਮੇਰਾ ਲੈਣਾ-ਦੇਣਾ ਨਹੀਂ, ਦਰਬਾਰ ਸਾਹਿਬ ਪਰਵਾਰ ਸਮੇਤ ਸਹੁੰ ਚੁੱਕ ਸਕਦਾ ਹਾਂ


ਚੰਡੀਗੜ੍ਹ, 13 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਚਰਨਜੀਤ ਸਿੰਘ ਚੰਨੀ ਨੇ ਦੁਹਰਾਇਆ ਹੈ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਕਿਸੇ ਪਰਵਾਰਕ ਮੈਂਬਰ ਦਾ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ-ਦੇਣਾ ਹੀ ਨਹੀਂ ਹੈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਮੀਡੀਆ ਕੋਲ ਕੀਤੀ ਗਈ ਬਿਆਨਬਾਜ਼ੀ ਬਾਰੇ ਚੰਨੀ ਨੇ ਕਿਹਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ। ਉਨ੍ਹਾਂ ਨੇ ਕਿਹਾ ਕਿ ਮੇਰਾ ਜਾਂ ਮੇਰੇ ਪਰਵਾਰ ਦਾ ਕਿਸੇ ਕਾਨੂੰਨੀ ਜਾਂ ਗੈਰ ਕਾਨੂੰਨੀ ਮਾਈਨਿੰਗ ਕਾਰੋਬਾਰ ਵਿੱਚ ਇੱਕ ਵੀ ਪੈਸੇ ਦੇ ਲੈਣ-ਦੇਣ ਨੂੰ ਖਹਿਰਾ ਸਾਬਿਤ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾ ਨੇ ਕਿਹਾ ਕਿ ਖਹਿਰਾ ਪਹਿਲਾਂ ਕਹਿੰਦੇ ਸਨ ਕਿ ਮੇਰੇ ਰਿਸ਼ਤੇਦਾਰ ਮਾਈਨਿੰਗ ਕਰਦੇ ਹਨ, ਫਿਰ ਉਹ ਇਸ ਤੋਂ ਮੁਕਰ ਗਏ ਅਤੇ ਹੁਣ ਕਹਿ ਰਹੇ ਹਨ ਕਿ ਰਿਸ਼ਤੇਦਾਰਾਂ ਦੇ ਜਾਣਕਾਰਾਂ ਦੀ ਖੱਡ ਹੈ, ਨਾਲ ਖਹਿਰਾ ਕਹਿ ਰਹੇ ਹਨ ਕਿ ਖੱਡ ਕਾਨੂੰਨੀ ਹੈ ਤੇ ਸਰਕਾਰ ਨੇ ਅਲਾਟ ਕੀਤੀ ਹੈ। ਚੰਨੀ ਨੇ ਕਿਹਾ ਕਿ ਆਏ ਦਿਨ ਖਹਿਰਾ ਆਪਣੇ ਬਿਆਨ ਬਦਲਦੇ ਰਹਿੰਦੇ ਹਨ। ਉਨ੍ਹਾ ਕਿਹਾ ਕਿ ਖਹਿਰਾ ਨੇ ਕਾਨੂੰਨੀ ਖੱਡ ਦੇ ਮਾਲਕ ਦੇ ਨਾਲ ਉਨ੍ਹਾਂ ਦੀ ਜੋ ਫੋਟੋ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਹਨ, ਉਹ ਜਨਤਕ ਧਰਨੇ ਦੇ ਫੋਟੋ ਹਨ, ਜਿੱਥੇ ਕੋਈ ਵੀ ਸ਼ਾਮਲ ਹੋ ਸਕਦਾ ਹੈ।