ਚੰਡੀਗੜ੍ਹ ਵਿੱਚ ਰਹਿਣ ਵਾਲੇ 28000 ਲੋਕ ਡਿਪਰੈਸ਼ਨ ਦਾ ਸ਼ਿਕਾਰ

depressed young man sitting on the bench
ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਦੇ 28000 ਦੇ ਕਰੀਬ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ ਅਤੇ ਕਰੀਬ 54000 ਅਜਿਹੇ ਲੋਕ ਹਨ, ਜੋ ਜੀਵਨ ਵਿੱਚ ਕਦੇ ਨਾ ਕਦੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। 85 ਫੀਸਦੀ ਉਹ ਲੋਕ ਹਨ, ਜੋ ਡਿਪਰੈਸ਼ਨ ਵਿੱਚ ਹੋਣ ਦੇ ਬਾਵਜੂਦ ਇਲਾਜ ਨਹੀਂ ਕਰਾਉਂਦੇ। ਡਿਪਰੈਸ਼ਨ ਦੀ ਬਿਮਾਰੀ ਨੂੰ ਲੋਕਾਂ ਤੋਂ ਛੁਪਾਉਣ ਦੇ ਚੱਕਰ ਵਿੱਚ ਉਹ ਬਿਮਾਰੀ ਨੂੰ ਪਾਲਦੇ ਰਹਿੰਦੇ ਹਨ ਤੇ ਫਿਰ ਉਨ੍ਹਾਂ ਦੀ ਹਾਲਤ ਹੱਦੋਂ ਬਾਹਰੀ ਵਿਗੜ ਜਾਇਆ ਕਰਦੀ ਹੈ।
ਪੀ ਜੀ ਆਈ ਵੱਲੋਂ ਜਾਰੀ ਰਿਪੋਰਟ ਦੇ ਮੁਤਾਬਕ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਬਿਮਾਰੀ ਵੱਧ ਪਾਈ ਜਾਣ ਲੱਗੀ ਹੈ ਅਤੇ 40 ਤੋਂ 49 ਸਾਲ ਦੀ ਉਮਰ ਦੇ ਲੋਕਾਂ ਵਿੱਚ ਡਿਪਰੈਸ਼ਨ ਦਾ ਕਾਰਨ ਦਫਤਰ ਵਿੱਚ ਮਿਲੇ ਕੰਮ ਤੋਂ ਸੰਤੁਸ਼ਟੀ ਨਾ ਹੋਣਾ, ਪਰਵਾਰ ਅਤੇ ਸੋਸ਼ਲ ਲਾਈਫ ਦੇ ਝਗੜੇ ਹਨ। ਡਿਪਰੈਸ਼ਨ ਦੇ ਅੰਕੜੇ ਕਹਿੰਦੇ ਹਨ ਕਿ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੀ ਜੀ ਆਈ ਦੇ ਸਾਇਕੈਟਰੀ ਵਿਭਾਗ ਦੇ ਮੁਤਾਬਕ ਹਰ ਸਾਲ ਏਥੇ 13000 ਮਰਦ ਤੇ ਔਰਤਾਂ ਡਿਪਰੈਸ਼ਨ ਦਾ ਇਲਾਜ ਕਰਾਉਣ ਨੂੰ ਆ ਰਹੇ ਹਨ। ਇਨ੍ਹਾਂ ਵਿੱਚੋਂ 30 ਫੀਸਦੀ ਮਰੀਜ਼ ਮੂਡ ਡਿਸਆਰਡਰ, ਬਾਕੀ ਤੀਹ ਫੀਸਦੀ ਘਬਰਾਹਟ ਦੀ ਗ੍ਰਿਫਤ ਵਿੱਚ ਹਨ। ਪੀ ਜੀ ਆਈ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਆਉਂਦੇ ਮਰੀਜ਼ਾਂ ਵਿੱਚ ਵੀ ਡਿਪਰੈਸ਼ਨ ਦੇਖਿਆ ਗਿਆ ਹੈ।