ਚੰਡੀਗੜ੍ਹ ਦੀ ਲਾੜੀ ਡੱਬਵਾਲੀ ਵਾਲਾ ਘਰ ਵੇਖਦੇ ਸਾਰ ਇਨਕਾਰ ਕਰ ਗਈ

chandigah marriage
ਡਬਵਾਲੀ, 16 ਜੁਲਾਈ (ਪੋਸਟ ਬਿਊਰੋ)- ਵਿਆਹ ਦੀ ਖੁਸ਼ੀ ਵਿੱਚ ਰਿਸ਼ੇਤਦਾਰ, ਲਾੜਾ ਅਤੇ ਉਸ ਦੇ ਦੋਸਤ ਪਾਰਟੀ ਕਰ ਰਹੇ ਸਨ। ਇਸੇ ਦੌਰਾਨ ਪਾਰਟੀ ਦੇ ਵਿਚਕਾਰ ਲਾੜੀ ਨੇ ਪੁਆੜਾ ਪਾ ਦਿੱਤਾ।
ਮਾਮਲਾ ਡਬਵਾਲੀ ਦੇ ਇੱਕ ਪਰਵਾਰ ਦਾ ਹੈ, ਜਿਥੇ ਵਿਆਹ ਦੇ ਦੂਸਰੇ ਦਿਨ ਲਾੜੇ ਦੇ ਓਦੋਂ ਹੋਸ਼ ਉੱਡ ਗਏ, ਜਦੋਂ ਲਾੜੀ ਨੇ ਉਸ ਦਾ ਘਰ ਨਾ ਪਸੰਦ ਆਉਣ ਕਾਰਨ ਡਬਵਾਲੀ ਰਹਿਣ ਤੋਂ ਨਾਂਹ ਕਰ ਦਿੱਤੀ। ਲਾੜੇ ਦੇ ਪਰਿਵਾਰ ਨੇ ਲਾੜੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਲਾੜੀ ਨੇ ਕੋਈ ਵੀ ਗੱਲ ਮੰਨਣ ਤੋਂ ਮਨ੍ਹਾਂ ਕਰ ਦਿੱਤਾ। ਉਸ ਦੇ ਤੇਵਰ ਦੇਖ ਕੇ ਪਰੇਸ਼ਾਨ ਲੜਕੇ ਦੇ ਪਰਿਵਾਰ ਨੇ ਪੁਲਸ ਬੁਲਾ ਲਈ। ਕਰੀਬ 2 ਘੰਟੇ ਦੇ ਡਰਾਮੇ ਤੋਂ ਬਾਅਦ ਪੁਲਸ ਦੀ ਮੌਜੂਦਗੀ ਵਿੱਚ ਨੂੰਹ ਨੇ ਆਪਣੇ ਪਤੀ ਨਾਲ ਨਾ ਰਹਿਣ ਬਾਰੇ ਲਿਖਤੀ ਬਿਆਨ ਦਿੱਤਾ ਅਤੇ ਪੁਲਸ ਦੀ ਮੌਜੂਦਗੀ ਵਿੱਚ ਹੀ ਦੁਲਹਨ ਨੂੰ ਉਸ ਦੇ ਰਿਸ਼ਤੇਦਾਰਾਂ ਨਾਲ ਭੇਜ ਦਿੱਤਾ ਗਿਆ। ਦੁਲਹਨ ਨੇ ਇਹ ਵੀ ਲਿਖ ਕੇ ਦਿੱਤਾ ਕਿ ਜੇ ਲੜਕੇ ਵਾਲੇ ਤਲਾਕ ਦੇਣ ਲਈ ਕਹਿਣਗੇ ਤਾਂ ਉਹ ਤਲਾਕ ਦੇ ਦੇਵੇਗੀ।
ਪਤਾ ਲੱਗਾ ਹੈ ਕਿ ਡਬਵਾਲੀ ਦੇ ਰਹਿਣ ਵਾਲੇ ਲੜਕੇ ਦਾ ਵਿਆਹ ਉਸ ਦੇ ਇਕ ਰਿਸ਼ਤੇਦਾਰ ਨੇ ਚੰਡੀਗੜ੍ਹ ਦੀ ਰਹਿਣ ਵਾਲੀ ਲੜਕੀ ਨਾਲ ਕਰਵਾਇਆ ਸੀ। ਰਿਸ਼ਤਾ ਇਕ ਮਹੀਨਾ ਪਹਿਲਾਂ ਹੋਇਆ ਸੀ। ਇਸ ਤੋਂ ਬਾਅਦ ਲੜਕੇ ਅਤੇ ਲੜਕੀ ਦੀ ਮੁਲਾਕਾਤ ਹੋਈ ਤੇ ਕਈ ਵਾਰ ਗੱਲਬਾਤ ਹੋਈ। ਸ਼ੁੱਕਰਵਾਰ ਪੰਜਾਬ ਦੇ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ। ਇਸ ਪਿੱਛੋਂ ਦੁਲਹਨ ਡਬਵਾਲੀ ਦੇ ਨੌਜਵਾਨ ਨਾਲ ਉਸ ਦੇ ਘਰ ਆ ਗਈ। ਸ਼ਨੀਵਾਰ ਨੂੰ ਡਬਵਾਲੀ ਦੇ ਨਿੱਜੀ ਪੈਲੇਸ ਵਿੱਚ ਵਿਆਹ ਦੀ ਪਾਰਟੀ ਰੱਖੀ ਹੋਈ ਸੀ। ਇਸੇ ਦੌਰਾਨ ਹੀ ਦੁਲਹਨ ਦਾ ਮੂਡ ਬਦਲ ਗਿਆ। ਉਸਨੇ ਇਸ ਵਿਆਹ ਨੂੰ ਮੰਨਣ ਤੋਂ ਮਨ੍ਹਾ ਕਰਦੇ ਹੋਏ ਮੁੰਡੇ ਨਾਲ ਰਹਿਣ ਤੋਂ ਮਨ੍ਹਾ ਕਰ ਦਿੱਤਾ। ਲੜਕੇ ਵਾਲਿਆਂ ਦੇ ਮੁਤਾਬਕ ਉਨ੍ਹਾਂ ਨੇ ਜਦੋਂ ਦੁਲਹਨ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਲੜਕੇ ਵਾਲਿਆਂ ਦਾ ਘਰ ਪਸੰਦ ਨਹੀਂ। ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਇਸ ਵਿਆਹ ਤੋਂ ਖੁਸ਼ ਨਹੀਂ ਹੈ। ਉਸ ਨੇ ਖੁਸ਼ ਨਾ ਹੋਣ ਦਾ ਕੋਈ ਕਾਰਨ ਆਪਣੇ ਬਿਆਨਾਂ ਵਿਚ ਨਹੀਂ ਦਿੱਤਾ।