ਚੰਡੀਗੜ੍ਹ ਛੇੜ-ਛਾੜ ਕੇਸ ਵਿੱਚ ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਨੂੰ ਜ਼ਮਾਨਤ ਮਿਲੀ


ਚੰਡੀਗੜ੍ਹ, 11 ਜਨਵਰੀ, (ਪੋਸਟ ਬਿਊਰੋ)- ਹਰਿਆਣਾ ਦੀ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਛੇੜ-ਛਾੜ ਵਿੱਚ ਫਸੇ ਹੋਏ ਪੁੱਤਰ ਵਿਕਾਸ ਬਰਾਲਾ ਨੂੰ ਅੱਜ ਹਾਈ ਕੋਰਟ ਤੋਂ ਬਾਕਾਇਆ ਜ਼ਮਾਨਤ ਮਿਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਕਾਸ ਬਰਾਲਾ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਮੌਕੇ ਹਾਈ ਕੋਰਟ ਦਾ ਧਿਆਨ ਦਿਵਾਇਆ ਕਿ ਸ਼ਿਕਾਇਤ ਕਰਤਾ ਦਾ ਟਰਾਇਲ ਕੋਰਟ ਵਿੱਚ ਬਿਆਨ ਹੋ ਚੁੱਕਾ ਹੈ ਤੇ ਦੋਸ਼ੀ ਦੇ ਵਕੀਲ ਵਲੋਂ ਉਸ ਕੋਲੋਂ ਮੋੜਵੇਂ ਸੁਆਲ-ਜਵਾਬ ਹੋ ਚੁੱਕੇ ਹਨ, ਇਸ ਲਈ ਹੁਣ ਵਿਕਾਸ ਬਰਾਲਾ ਵਲੋਂ ਪੀੜਤ ਲੜਕੀ ਉੱਤੇ ਬਿਆਨਾਂ ਬਾਰੇ ਦਬਾਅ ਪਾਉਣ ਦੀ ਸੰਭਾਵਨਾ ਨਹੀਂ ਬਚੀ। ਇਹ ਵੀ ਕਿਹਾ ਗਿਆ ਕਿ ਵਿਕਾਸ ਬਰਾਲਾ ਉੱਤੇ ਪਹਿਲਾਂ ਪਿਛਲੇ ਸਾਲ 5 ਅਗਸਤ ਨੂੰ ਕੇਸ ਦਰਜ ਹੋਇਆ ਤਾਂ ਉਹ ਤੁਰੰਤ ਪੁਲਿਸ ਸਾਹਮਣੇ ਪੇਸ਼ ਹੋ ਗਿਆ ਤੇ ਉਸ ਦੀ ਜ਼ਮਾਨਤ ਹੋ ਗਈ ਸੀ। ਬਾਅਦ ਵਿੱਚ ਅਗਵਾ ਕਰਨ ਦੀ ਧਾਰਾ ਜੋੜੀ ਗਈ ਤਾਂ ਉਹ ਫੇਰ ਤੁਰੰਤ ਪੇਸ਼ ਹੋ ਗਿਆ ਸੀ।
ਦੂਸਰੇ ਪਾਸੇ ਪੀੜਤਾ ਦੇ ਵਕੀਲ ਪੰਕਜ ਭਾਰਦਵਾਜ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ, ਪਰ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰਦਿਆਂ ਵਿਕਾਸ ਬਰਾਲਾ ਨੂੰ ਹਦਾਇਤ ਕੀਤੀ ਹੈ ਕਿ ਜੇ ਉਹ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰੇਗਾ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ ਤੇ ਪੀੜਤਾ ਨੂੰ ਖੁੱਲ੍ਹ ਦਿੱਤੀ ਕਿ ਅਜਿਹੇ ਹਾਲਾਤ ਵਿੱਚ ਉਹ ਵਿਕਾਸ ਬਰਾਲਾ ਦੀ ਜ਼ਮਾਨਤ ਰੱਦ ਕਰਵਾਉਣ ਲਈ ਹਾਈ ਕੋਰਟ ਪਹੁੰਚ ਕਰ ਸਕਦੀ ਹੈ।
ਵਰਨਣ ਯੋਗ ਹੈ ਕਿ ਵਿਕਾਸ ਬਰਾਲਾ ਉੱਤੇ ਹਰਿਆਣਾ ਦੇ ਸੀਨੀਅਰ ਆਈ ਏ ਐਸ ਅਫਸਰ ਦੀ ਬੇਟੀ ਵਰਣਿਕਾ ਕੁੰਡੂ ਨਾਲ ਛੇੜਛਾੜ ਕਰਨ ਅਤੇ ਉਸ ਦਾ ਪਿੱਛਾ ਕਰ ਕੇ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਲੱਗਾ ਸੀ। ਇਸ ਬਾਰੇ ਕੇਸ ਦਰਜ ਹੋਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਅਤੇ ਉਹ ਓਦੋਂ ਤੋਂ ਜੇਲ੍ਹ ਵਿੱਚ ਸੀ। ਅੱਜ ਇਸ ਬਾਰੇ ਵਰਣਿਕਾ ਕੁੰਡੂ ਨੇ ਪੰਚਕੂਲਾ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ ਅਤੇ ਹੁਣ ਤੱਕ ਇਸ ਕੇਸ ਵਿੱਚ ਸਹੀ ਤਰੀਕੇ ਨਾਲ ਕਾਰਵਾਈ ਹੋਈ ਹੈ। ਉਸ ਨੇ ਕਿਹਾ ਕਿ ਜੇ ਅਦਾਲਤ ਨੂੰ ਲੱਗਦਾ ਹੈ ਕਿ ਇਸ ਵਿੱਚ ਵਿਕਾਸ ਬਰਾਲਾ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਤਾਂ ਉਹ ਇਸ ਦਾ ਵਿਰੋਧ ਨਹੀਂ ਕਰੇਗੀ। ਉਸ ਨੇ ਦੱਸਿਆ ਕਿ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਇਸ ਕੇਸ ਵਿਚ ਦੇਰੀ ਨਾ ਕੀਤੀ ਜਾਵੇ। ਉਸ ਨੇ ਕਿਹਾ ਕਿ ਕਰਾਸ ਐਗਜ਼ਾਮੀਨੇਸ਼ਨ ਮੌਕੇ ਬਚਾਅ ਪੱਖ ਵਲੋਂ ਉਸ ਤੋਂ ਕੁਝ ਨਿੱਜੀ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਉੱਤੇ ਜੱਜ ਨੇ ਇਤਰਾਜ਼ ਕੀਤਾ ਸੀ।