ਚੰਡੀਗੜ੍ਹ ਕਾਂਡ: ਭਾਜਪਾ ਆਗੂ ਆਪਣੇ ਸੂਬਾ ਪ੍ਰਧਾਨ ਤੇ ਉਸ ਦੇ ਪੁੱਤਰ ਦੇ ਬਚਾਅ ਲਈ ਮੈਦਾਨ ਵਿੱਚ ਨਿਕਲੇ

bjp leader
* ਪੀੜਤ ਕੁੜੀ ਤੇ ਉਸ ਦਾ ਬਾਪ ਇਨਸਾਫ ਲੈਣ ਲਈ ਡਟ ਗਏ
ਚੰਡੀਗੜ੍ਹ, 7 ਅਗਸਤ, (ਪੋਸਟ ਬਿਊਰੋ)- ਚੰਡੀਗੜ੍ਹ ਵਿੱਚ ਇੱਕ ਦਿਨ ਪਹਿਲਾਂ ਇੱਕ ਆਈ ਏ ਅਫਸਰ ਦੀ ਧੀ ਨੂੰ ਰਾਹ ਵਿੱਚ ਘੇਰਨ ਦੀ ਕੋਸਿ਼ਸ਼ ਅਤੇ ਛੇੜ-ਛਾੜ ਦੇ ਦੋਸ਼ਾਂ ਵਿੱਚ ਫੜੇ ਗਏ ਹਰਿਆਣਾ ਦੀ ਭਾਜਪਾ ਦੇ ਪ੍ਰਧਾਨ ਦੇ ਪੁੱਤਰ ਦੇ ਹੱਕ ਵਿੱਚ ਉਸ ਰਾਜ ਦੀ ਭਾਜਪਾ ਪੂਰੀ ਸਰਗਰਮ ਹੋ ਗਈ ਜਾਪਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ‘ਬੇਟੀ ਬਚਾਉ, ਬੇਟੀ ਪੜ੍ਹਾਉ’ ਦੀ ਮੁਹਿੰਮ ਜਿਹੜੇ ਹਰਿਆਣਾ ਰਾਜ ਤੋਂ ਸ਼ੁਰੂ ਕੀਤੀ ਸੀ, ਓਸੇ ਹਰਿਆਣੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੇ ਅਪਰਾਧਕ ਮਾਮਲੇ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਤੇ ਪਾਰਟੀ ‘ਬੇਟਾ ਬਚਾਉ’ ਮੁਹਿੰਮ ਵਿੱਚ ਸਰਗਰਮ ਹੋ ਗਈਆਂ ਦਿਖਾਈ ਦੇ ਰਹੀਆਂ ਹਨ। ਭਾਜਪਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਲੈ ਕੇ ਹਰਿਆਣਾ ਭਾਜਪਾ ਦੇ ਕੌਮੀ ਇੰਚਾਰਜ ਅਖਿਲ ਜੈਨ ਸਮੇਤ ਸਾਰੇ ਆਗੂ ਬਰਾਲਾ ਦੇ ਹੱਕ ਵਿੱਚ ਡਟੇ ਗਏ ਹਨ। ਇਹ ਵੀ ਉਦੋਂ ਹੋ ਰਿਹਾ ਹੈ, ਜਦੋਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਹਰਿਆਣਾ ਦੀ ਤਾਜ਼ਾ ਫੇਰੀ ਦੌਰਾਨ ਪਾਰਟੀ ਨੇਤਾਵਾਂ ਨੂੰ ਜਨਤਕ ਅਕਸ ਸੁਧਾਰਨ ਲਈ ਹਦਾਇਤ ਕਰ ਕੇ ਗਏ ਹਨ।
ਵਰਨਣ ਯੋਗ ਹੈ ਕਿ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਉਤੇ ਓਸੇ ਰਾਜ ਦੇ ਇੱਕ ਸੀਨੀਅਰ ਆਈ ਏ ਐਸ ਅਫਸਰ ਦੀ ਧੀ ਨੂੰ ਅੱਧੀ ਰਾਤ ਰਾਹ ਵਿੱਚ ਘੇਰ ਕੇ ਤੰਗ-ਪ੍ਰੇਸ਼ਾਨ ਕਰਨ ਦੇ ਨਾਲ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਹਨ। ਇਸ ਸਬੰਧ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਇਹ ਜਾਪਦਾ ਹੈ ਕਿ ਭਾਰਤ ਵਿੱਚ ਅਜੇ ਵੀ ਖ਼ਾਸ ਲੋਕਾਂ ਅਤੇ ਆਮ ਲੋਕਾਂ ਲਈ ਕਾਨੂੰਨ ਤੇ ਪੁਲੀਸ ਦਾ ਵਿਹਾਰ ਵੱਖੋ-ਵੱਖ ਹੈ। ਭਾਜਪਾ ਪੂਰੀ ਤਰ੍ਹਾਂ ਬਰਾਲਾ ਦੇ ਬੇਟੇ ਦਾ ਬਚਾਅ ਕਰਨ ਵਿੱਚ ਲੱਗੀ ਹੋਈ ਹੈ ਅਤੇ ਚੰਡੀਗੜ੍ਹ ਪੁਲੀਸ ਉੱਤੇ ਮਾਮਲੇ ਨੂੰ ਨਰਮ ਕਰਨ ਦਾ ਦਬਾਅ ਜਾਪਦਾ ਹੈ।
ਇਸ ਦੌਰਾਨ ਇਹ ਦਾਅਵਾ ਕੀਤਾ ਗਿਆ ਹੈ ਕਿ ਪੁਲੀਸ ਦੇ ਉਚ ਅਫਸਰਾਂ ਦੀ ਨੇ ਇੱਕ ਗੁਪਤ ਮੀਟਿੰਗ ਕਰ ਕੇ ਇਸ ਕੇਸ ਵਿੱਚ ਸਖ਼ਤ ਧਰਾਵਾਂ ਜੋੜਨ ਦਾ ਫੈਸਲਾ ਲਿਆ ਹੈ। ਘਟਨਾ ਵਾਲੀ ਰਾਤ ਚੰਡੀਗੜ੍ਹ ਦੀ ਸਭ ਤੋਂ ਮਹੱਤਵ ਪੂਰਨ ਸੜਕ ‘ਮੱਧਿਆ ਮਾਰਗ’ ਦੇ ਸਾਰੇ ਸੀ ਸੀ ਟੀ ਵੀ ਕੈਮਰੇ ਬੰਦ ਹੋਣ ਦੀ ਚੰਡੀਗੜ੍ਹ ਪੁਲੀਸ ਦੀ ਰਿਪੋਰਟ ਸਮੁੱਚੇ ਪ੍ਰਸ਼ਾਸਨ ਦਾ ਜਲੂਸ ਕੱਢਣ ਵਾਲੀ ਸਾਬਤ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਸਬੰਧਤ ਪੁਲੀਸ ਅਫਸਰਾਂ ਨੂੰ ਸੱਦ ਕੇ ਕੇਸ ਦੀ ਜਾਣਕਾਰੀ ਲਈ ਹੈ।
ਦੂਸਰੇ ਪਾਸੇ ਹਰਿਆਣਾ ਦੀ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਅੱਜ ਪੀੜਤ ਪਰਵਾਰ ਦੇ ਘਰ ਪੁੱਜੇ ਤੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਲਈ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਕੇਂਦਰ ਸਰਕਾਰ ਦੇ ਦਬਾਅ ਹੇਠ ਦੋਸ਼ੀ ਵਿਕਾਸ ਬਰਾਲਾ ਦੇ ਵਿਰੁੱਧ ਧਾਰਾਵਾਂ ਨਰਮ ਕੀਤੀਆਂ ਹਨ।
ਓਧਰ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤ ਵਿਕਾਸ ਬਰਾਲਾ ਦੀ ਵਧੀਕੀ ਦੀ ਸ਼ਿਕਾਰ ਹੋਈ ਇੱਕ ਆਈ ਏ ਐਸ ਅਫਸਰ ਦੀ ਧੀ ਵਰਣਿਕਾ ਕੁੰਡੂ ਤੇ ਉਸ ਦੇ ਪਿਤਾ ਵਿਰੇਂਦਰ ਕੁੰਡੂ ਨੇ ਅੱਜ ਸਾਫ਼ ਕਿਹਾ ਹੈ ਕਿ ਦੋਸ਼ੀਆਂ ਦੀ ਵੱਡੀ ਪਹੁੰਚ ਦੇ ਬਾਵਜੂਦ ਉਹ ਇਨਸਾਫ਼ ਲਈ ਡਟੇ ਰਹਿਣਗੇ। ਦੋਵਾਂ ਨੇ ਇਲੈਕਟਰਾਨਿਕ ਤੇ ਸੋਸ਼ਲ ਮੀਡੀਆ ਦੇ ਰਾਹੀਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਕੇਸ ਨਰਮ ਕੀਤੇ ਜਾਣ ਉੱਤੇ ਉਹ ਹੁਣ ਅਦਾਲਤ ਦਾ ਦਰ ਵੀ ਖੜਕਾਉਣਗੇ। 29 ਸਾਲਾ ਵਰਣਿਕਾ ਨੇ ਕਿਹਾ ਕਿ ਉਹ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹਟੇਗੀ। ਉਸ ਨੇ ਕਿਹਾ, ‘ਜੇ ਅਸੀਂ ਵੀ ਇਹ ਨਹੀਂ ਕਰਾਂਗੇ, ਤਾਂ ਕੌਣ ਕਰੇਗਾ। ਲੋਕਾਂ ਦੀ ਸ਼ਕਤੀ ਮੇਰੇ ਨਾਲ ਹੈ। ਮੈਨੂੰ ਆਪਣੀ ਜ਼ਿੰਦਗੀ ਵਿੱਚ ਏਨਾ ਸਹਿਯੋਗ ਪਹਿਲਾਂ ਕਦੇ ਵੀ ਨਹੀਂ ਮਿਲਿਆ। ਜੇ ਮੈਂ ਆਈ ਏ ਐਸ ਅਫਸਰ ਦੀ ਧੀ ਨਾ ਹੁੰਦੀ ਤਾਂ ਸ਼ਾਇਦ ਏਦਾਂ ਨਾ ਹੁੰਦਾ।’ ਆਪਣੇ ਪਿਤਾ ਸਮੇਤ ਟੀ ਵੀ ਚੈਨਲਾਂ ਉਤੇ ਬੋਲਦੇ ਹੋਏ ਵਰਣਿਕਾ ਕੁੰਡੂ ਨੇ ਕਿਹਾ, ‘ਜੇ ਮੈਂ ਪੇਂਡੂ ਕੁੜੀ ਹੁੰਦੀ ਤਾਂ ਸ਼ਾਇਦ ਮੇਰੇ ਕੋਲ ਐਨੇ ਵਸੀਲੇ ਨਾ ਹੁੰਦੇ ਕਿ ਮੈਂ ਅਜਿਹੇ ਲੋਕਾਂ ਦਾ ਟਾਕਰਾ ਕਰ ਸਕਦੀ।’
ਇਸ ਦੌਰਾਨ ਉਸ ਦੇ ਪਿਤਾ ਵਿਰੇਂਦਰ ਕੁੰਡੂ ਨੇ ਫੇਸਬੁੱਕ ਰਾਹੀਂ ਕਿਹਾ ਕਿ ਉਹ ਕੇਸ ਵਿੱਚ ਦਖ਼ਲ ਨਹੀਂ ਦੇਣਗੇ। ਉਨ੍ਹਾਂ ਕਿਹਾ, ‘ਅਸੀਂ ਜਾਂਚ ਜਾਂ ਮੁਕੱਦਮੇਬਾਜ਼ੀ ਵਿੱਚ ਦਖ਼ਲ ਨਹੀਂ ਦੇਵਾਂਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਧਿਰ ਵੀ ਕਿਸੇ ਤਰ੍ਹਾਂ ਜਾਂਚ ਉੱਤੇ ਅਸਰ ਨਾ ਪਾਵੇ। ਪੁਲੀਸ ਤੇ ਇਸਤਗਾਸਾ ਧਿਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਜਦੋਂ ਪੁਲੀਸ ਨੇ ਸੱਦਿਆ, ਅਸੀਂ ਜਾਂਚ ਵਿੱਚ ਸ਼ਾਮਲ ਹੋਵਾਂਗੇ। ਜੇ ਸਾਨੂੰ ਜਾਪਿਆ ਕਿ ਦੋਸ਼ਾਂ ਨੂੰ ਨਰਮ ਕੀਤਾ ਜਾਂ ਸਹੀ ਢੰਗ ਨਾਲ ਤੈਅ ਨਹੀਂ ਕੀਤਾ ਜਾ ਰਿਹਾ ਤਾਂ ਅਸੀਂ ਅਦਾਲਤ ਜਾਵਾਂਗੇ।’ ਉਨ੍ਹਾਂ ਕਿਹਾ, ‘ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਤੇ ਨਾ ਝੁਕਾਂਗੇ, ਭਾਵੇਂ ਸਾਨੂੰ ਕਿੰਨੀਆਂ ਵੀ ਮੁਸ਼ਕਲਾਂ ਤੇ ਦਬਾਅ ਦਾ ਸਾਹਮਣਾ ਕਰਨਾ ਪਵੇ।’ ਉਨ੍ਹਾਂ ਕਿਹਾ ਕਿ ਕਾਨੂੰਨ ਦੇ ਵਿਦਿਆਰਥੀ ਹੋਣ ਕਾਰਨ ਦੋਸ਼ੀ ਜੋ ਕਰ ਰਹੇ ਸਨ, ਉਸ ਦੇ ਨਤੀਜਿਆਂ ਤੋਂ ਭਲੀਭਾਂਤ ਵਾਕਫ਼ ਸਨ। ਉਨ੍ਹਾਂ ਕਿਹਾ, ‘ਸਾਡਾ ਟੀਚਾ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਹੈ। ਉਹ ਅਡਲਟ ਹਨ, ਕਾਨੂੰਨ ਦੇ ਵਿਦਿਆਰਥੀ ਹਨ, ਜੋ ਆਪਣੇ ਕਾਰੇ ਦੇ ਨਤੀਜਿਆਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ ਤੇ ਉਨ੍ਹਾਂ ਨੂੰ ਢੁਕਵੀਂ ਸਜ਼ਾ ਮਿਲਣੀ ਚਾਹੀਦੀ ਹੈ।’
ਭਖਦੇ ਵਿਵਾਦ ਦੇ ਦੌਰਾਨ ਚੰਡੀਗੜ੍ਹ ਤੋਂ ਭਾਜਪਾ ਪਾਰਲੀਮੈਂਟ ਮੈਂਬਰ ਕਿਰਨ ਖੇਰ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਦੇ ਕੇਸ ਵਿੱਚ ਚੰਡੀਗੜ੍ਹ ਪੁਲੀਸ ਉਤੇ ਕੋਈ ਦਬਾਅ ਨਹੀਂ ਹੈ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਸੀ ਸੀ ਟੀ ਵੀ ਫੁਟੇਜ ਲਾਪਤਾ ਹੋਣ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਪੀੜਤ ਲੜਕੀ ਦੇ ਪਿਤਾ ਆਈ ਏ ਐੱਸ ਅਫਸਰ ਹੋਣ ਕਾਰਨ ਅੱਜ ਆਈ ਏ ਐਸ (ਸੈਂਟਰਲ) ਐਸੋਸੀਏਸ਼ਨ ਨੇ ਇਸ ਕੇਸ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੇ ਜਾਣ ਉੱਤੇ ਜ਼ੋਰ ਦਿੱਤਾ ਹੈ।
ਇਸ ਦੌਰਾਨ ਹੀ ਭਾਜਪਾ ਦੇ ਇੱਕ ਐਮ ਪੀ ਅਤੇ ਸੀਨੀਅਰ ਆਗੂ ਸੁਬਰਾਮਨੀਅਨ ਸਵਾਮੀ ਨੇ ਹਰਿਆਣਾ ਭਾਜਪਾ ਦੇ ਪ੍ਰਧਾਨ ਤੇ ਵਿਧਾਇਕ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਵੱਲੋਂ ਚੰਡੀਗੜ੍ਹ ਵਿੱਚ ਇਕ ਮੁਟਿਆਰ ਦੇ ਅਗਵਾ ਦੀ ਕੋਸ਼ਿਸ਼ ਦੇ ਕੇਸ ਵਿੱਚ ਚੰਡੀਗੜ੍ਹ ਪੁਲੀਸ ਉਤੇ ਕਲਾਬਾਜ਼ੀਆਂ ਖਾਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਅਦਾਲਤੀ ਨਿਗਰਾਨੀ ਵਾਲੀ ਸੀ ਬੀ ਆਈ ਜਾਂਚ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਧਾਰਵਾਂ ਦਾ ਕੇਸ ਦਰਜ ਕੀਤਾ ਅਤੇ ਫਿਰ ਇਹ ਧਾਰਾਵਾਂ ਵਾਪਸ ਲੈ ਕੇ ਰੰਗੇ ਹੱਥੀਂ ਫੜੇ ਦੋਸ਼ੀਆਂ ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਦੇ ਕੇ ਛੱਡ ਦਿੱਤਾ। ਉਨ੍ਹਾਂ ਕਿਹਾ, ‘ਇਸ ਕਾਰਨ ਇਹ ਕੇਸ ਅਦਾਲਤੀ ਨਿਗਰਾਨੀ ਦੀ ਮੰਗ ਕਰਦਾ ਹੈ ਤੇ ਜਾਂਚ ਸੀ ਬੀ ਆਈ ਹਵਾਲੇ ਕੀਤੀ ਜਾਣੀ ਚਾਹੀਦੀ ਹੈ।’