ਚੌਟਾਲੇ ਦੀ ਚੁਆਤੀ, ਵਰਕਰਾਂ ਨੂੰ ਕਿਹਾ: ਐੱਸ ਵਾਈ ਐੱਲ ਮੋਰਚੇ ਲਈ ਨਿਕਲ ਪਵੋ

chotalaਟੋਹਾਣਾ, 15 ਫਰਵਰੀ, (ਪੋਸਟ ਬਿਊਰੋ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਜੇਲ੍ਹ ਤੋਂ ਛੁੱਟੀ ਮਿਲਣ ਪਿੱਛੋਂ ਆਪਣੇ ਫਾਰਮ ਹਾਊਸ ਨੂੰ ਜਾਂਦੇ ਹੋਏ ਫਤਿਹਾਬਾਦ ਜਾਟ ਧਰਮਸ਼ਾਲਾ ਵਿੱਚ ਰੁਕੇ, ਜਿਥੇ ਉਨ੍ਹਾਂ ਦੇ ਆਗਮਨ ਦੀ ਸੂਚਨਾ ਮਿਲਦੇ ਸਾਰ ਉਨ੍ਹਾਂ ਦੀ ਪਾਰਟੀ ਦੇ ਹਜ਼ਾਰਾਂ ਵਰਕਰ ਆਪਣੇ ਨੇਤਾ ਨੂੰ ਮਿਲਣ ਤੇ ਉਸ ਨਾਲ ਫੋਟੋ ਖਿਚਵਾਉਣ ਜਾਂ ਪੈਰੀਂ ਹੱਥ ਲਾਉਣ ਲਈ ਧੱਕਾ-ਮੁਕੀ ਹੁੰਦੇ ਰਹੇ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਆਪਣੀ ਪਾਰਟੀ ਦੇ ਵਰਕਰਾਂ ਦਾ ਹਾਲ ਚਾਲ ਪੁੱਛਣ ਅਤੇ ਪਾਰਟੀ ਛੱਡ ਕੇ ਜਾਣ ਵਾਲਿਆਂ ਨੂੰ ਗੱਦਾਰ ਕਹਿਣ ਤੋਂ ਇਲਾਵਾ ਐੱਸ ਵਾਈ ਐੱਲ ਨਹਿਰ ਦਾ ਮੁੱਦਾ ਵੀ ਚੁੱਕਿਆ ਤੇ ਵਰਕਰਾਂ ਨੂੰ ਕਿਹਾ ਕਿ ਐਸ ਵਾਈ ਐਲ ਨਹਿਰ ਪੁੱਟਣ ਦੇ ਫੈਸਲੇ ਦੇ ਫੈਸਲੇ ਉੱਤੇ ਅਮਲ ਕਰਨ ਦੇ ਲਈ ਜਦੋਂ ਇਨੈਲੋ ਪਾਰਟੀ ਵਰਕਰ ਨਿਕਲ ਪਏ ਤਾਂ ਕੇਂਦਰ ਦੀ ਸਰਕਾਰ ਇਹ ਨਹਿਰ ਬਣਾਉਣ ਨੂੰ ਮਜ਼ਬੂਰ ਹੋ ਜਾਵੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਿੱਪਣੀ ਕੀਤੀ ਕਿ ਇਹ ਦੇਸ਼ ਦਾ ਮੰਦਾ ਭਾਗ ਹੈ ਕਿ ਅਜਿਹਾ ਵਿਅਕਤੀ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਚੌਟਾਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਜੇ ਉਹ ਦੋ ਦਿਨ ਹੋਰ ਤਿਹਾੜ ਜੇਲ੍ਹ ਵਿੱਚ ਨਾ ਚਲੇ ਗਏ ਹੁੰਦੇ ਤਾਂ ਇਸ ਰਾਜ ਵਿੱਚ ਇਨੈਲੋ ਦੀ ਸਰਕਾਰ ਬਣਨੀ ਤੈਅ ਸੀ। ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਤੁਸੀਂ ਸੰਘਰਸ਼ ਜਾਰੀ ਰੱਖੋ, ਸੱਤਾ ਤੁਹਾਡੇ ਨਜ਼ਦੀਕ ਹੈ।