ਚੋਰੀ ਦੀ ਬਹਾਦਰੀ ਦੇ ਸਿਰ ਉੱਤੇ ਬੜ੍ਹਕਾਂ ਮਾਰਨ ਵਾਲੇ ਰੱਖਿਆ ਮੰਤਰੀ ਨੂੰ ਹਟਾਉਣ ਦੀ ਵਿਰੋਧੀ ਧਿਰਾਂ ਨੇ ਕੀਤੀ ਮੰਗ

sajjanਓਟਵਾ, 1 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਰੱਖਿਆ ਮੰਤਰੀ ਨੂੰ ਸੋਮਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਉਸ ਸਮੇਂ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਵਿਰੋਧੀ ਧਿਰ ਦੇ ਐਮਪੀਜ਼ ਨੇ ਹਰਜੀਤ ਸੱਜਣ ਵੱਲੋਂ 2006 ਵਿੱਚ ਅਫਗਾਨਿਸਤਾਨ ਵਿੱਚ ਹੋਏ ਸੰਘਰਸ਼ ਦੌਰਾਨ ਆਪਣੀ ਭੂਮਿਕਾ ਨੂੰ ਕਥਿਤ ਤੌਰ ਉੱਤੇ ਵਧਾ ਚੜ੍ਹਾ ਕੇ ਦੱਸਣ ਲਈ ਚੋਰੀ ਦੀ ਬਹਾਦਰੀ ਲਈ ਨਾਮਨਾ ਖੱਟਣ ਵਾਲਾ ਦੱਸਿਆ।
ਵਿਰੋਧੀ ਧਿਰਾਂ ਨੇ ਸੱਜਣ ਨੂੰ ਆਪਣੇ ਸਵਾਲਾਂ ਨਾਲ ਘੇਰ ਲਿਆ। ਹਾਊਸ ਆਫ ਕਾਮਨਜ਼ ਵਿੱਚ ਸੱਜਣ ਨੇ ਖੁਦ ਨੂੰ ਆਪਰੇਸ਼ਨ ਮਦੂਸਾ, ਜੋ ਕਿ ਅਫਗਾਨ ਜੰਗ ਦੌਰਾਨ ਕਾਫੀ ਸੰਘਰਸ਼ਪੂਰਨ ਤੇ ਅਹਿਮ ਲੜਾਈ ਰਹੀ, ਦੀ ਰੂਪਰੇਖਾ ਤਿਆਰ ਕਰਨ ਵਾਲਾ ਨੀਤੀਘਾੜਾ ਦੱਸਣ ਲਈ ਮੁੜ ਮੁਆਫੀ ਮੰਗੀ। ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਰੋਨਾ ਐਂਬਰੋਜ਼ ਨੇ ਤਾਂ ਸੱਜਣ ਨੂੰ ਦੂਜਿਆਂ ਦੀ ਸ਼ਹੁਰਤ ਤੋਂ ਨਾਮਨਾ ਖੱਟਣ ਵਾਲਾ ਤੱਕ ਦੱਸਿਆ। ਇਹ ਫੌਜ ਦੇ ਦਾਇਰਿਆਂ ਵਿੱਚ ਪਾਪ ਦੇ ਤੁਲ ਹੈ।
ਐਂਬਰੋਜ਼ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਅਜੇ ਹੋਰ ਕਿੰਨੇ ਸਬੂਤ ਚਾਹੀਦੇ ਹਨ ਕਿ ਉਹ ਇਹ ਮੰਨ ਸਕਣ ਕਿ ਸਾਡੇ ਫੌਜੀ ਭੈਣ-ਭਰਾਵਾਂ ਦਾ ਇਸ ਮੰਤਰੀ ਉੱਤੋਂ ਭਰੋਸਾ ਉੱਠ ਚੁੱਕਿਆ ਹੈ। ਜਦੋਂ ਕੋਈ ਕਿਸੇ ਹੋਰ ਦੀ ਬਹਾਦਰੀ ਦਾ ਸਿਹਰਾ ਆਪਣੇ ਸਿਰ ਬੰਨ੍ਹਦਾ ਹੈ ਤਾਂ ਇਸ ਨੂੰ ਚੋਰੀ ਦੀ ਬਹਾਦਰੀ ਆਖਿਆ ਜਾਂਦਾ ਹੈ। ਇਸ ਸੱਭ ਦੇ ਬਾਵਜੂਦ ਟਰੂਡੋ ਨੇ ਵਾਰੀ ਵਾਰੀ ਇਹੋ ਆਖਿਆ ਕਿ ਮੰਤਰੀ ਤੋਂ ਗਲਤੀ ਹੋ ਗਈ ਹੈ। ਉਨ੍ਹਾਂ ਨੇ ਆਪਣੀ ਗਲਤੀ ਮੰਨ ਵੀ ਲਈ ਹੈ ਤੇ ਇਸ ਲਈ ਮੁਆਫੀ ਵੀ ਮੰਗ ਚੁੱਕੇ ਹਨ। ਜਦੋਂ ਕੋਈ ਗਲਤੀ ਕਰਦਾ ਹੈ ਤਾਂ ਕੈਨੇਡੀਅਨ ਵੀ ਤਾਂ ਇਹੋ ਚਾਹੁੰਦੇ ਹਨ।
ਟਰੂਡੋ ਨੇ ਅੱਗੇ ਆਖਿਆ ਕਿ ਸੱਜਣ ਪੁਲਿਸ ਅਧਿਕਾਰੀ ਤੇ ਸੈਨਿਕ ਵਜੋਂ ਦੇਸ਼ ਦੀ ਕਿੰਨੀ ਸੇਵਾ ਕਰ ਚੁੱਕੇ ਹਨ। ਉਨ੍ਹਾਂ ਆਖਿਆ ਕਿ ਮੰਤਰੀ ਵਜੋਂ ਉਨ੍ਹਾਂ ਉੱਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਇਸ ਮਗਰੋਂ ਸੱਜਣ ਨੇ ਇੱਕ ਵਾਰੀ ਮੁੜ ਸਾਰਿਆਂ ਤੋਂ ਮੁਆਫੀ ਮੰਗੀ। ਸੱਜਣ ਨੇ ਆਖਿਆ ਕਿ ਸਾਡੇ ਦੇਸ਼ ਦੇ ਜਾਂਬਾਜ਼ ਸੈਨਿਕਾਂ ਵੱਲੋਂ ਨਿਭਾਈਆਂ ਭੂਮਿਕਾਵਾਂ ਨੂੰ ਉਹ ਗੰਧਲਾ ਨਹੀਂ ਸੀ ਕਰਨਾ ਚਾਹੁੰਦੇ ਤੇ ਇਸ ਲਈ ਉਹ ਮੁਆਫੀ ਦੇ ਤਲਬਗਾਰ ਹਨ।
ਐਂਬਰੋਜ਼ ਨੇ ਆਖਿਆ ਕਿ ਸੱਜਣ ਨੇ ਦੋ ਵਾਰੀ ਇਹ ਗਲਤੀ ਕੀਤੀ, ਇੱਕ ਵਾਰੀ 2015 ਵਿੱਚ ਤੇ ਹੁਣ ਦੋ ਹਫਤੇ ਪਹਿਲਾਂ। ਪਰ ਸੱਜਣ ਨੇ ਮੁਆਫੀ ਮੰਗਣ ਲੱਗਿਆਂ ਕਿਤੇ ਵੀ ਉਸ ਗਲਤੀ ਦਾ ਵੇਰਵਾ ਨਹੀਂ ਦਿੱਤਾ। ਇਸ ਲਈ ਕੰਜ਼ਰਵੇਟਿਵਾਂ ਤੇ ਐਨਡੀਪੀ ਵੱਲੋਂ ਟਰੂਡੋ ਤੋਂ ਸੱਜਣ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਗਈ। ਪ੍ਰਸ਼ਨ ਕਾਲ ਤੋਂ ਬਾਅਦ ਐਨਡੀਪੀ ਆਗੂ ਟੌਮ ਮਲਕੇਅਰ ਨੇ ਆਖਿਆ ਕਿ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸੱਜਣ ਨੂੰ ਅਸਤੀਫਾ ਦੇਣ ਲਈ ਆਖਿਆ ਜਾਵੇ। ਇੱਕੋ ਗਲਤੀ ਨੂੰ ਦੁਹਰਾਉਣ ਦੀ ਕੋਈ ਤੁਕ ਨਹੀਂ ਬਣਦੀ। ਉਹ ਫੌਜ ਦੀ ਭਰੋਸੇਯੋਗਤਾ ਗੁਆ ਚੁੱਕੇ ਹਨ। ਹੁਣ ਉਨ੍ਹਾਂ ਦੇ ਆਪਣੇ ਅਹੁਦੇ ਉੱਤੇ ਬਣੇ ਰਹਿਣ ਦੀ ਕੋਈ ਤੁਕ ਨਹੀਂ ਬਣਦੀ।
ਜਿ਼ਕਰਯੋਗ ਹੈ ਕਿ 18 ਅਪਰੈਲ ਨੂੰ ਦਿੱਲੀ ਵਿੱਚ ਭਾਰਤੀ ਥਿੰਕ ਟੈਂਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਸਾਹਮਣੇ ਬੜ੍ਹਕ ਮਾਰਦਿਆਂ ਸੱਜਣ ਨੇ ਇਹ ਦਾਅਵਾ ਕੀਤਾ ਸੀ ਕਿ ਆਪਰੇਸ਼ਨ ਮਦੂਸਾ ਅਸਲ ਵਿੱਚ ਉਨ੍ਹਾਂ ਦੇ ਦਿਮਾਗ ਦੀ ਹੀ ਕਾਢ ਸੀ। ਆਪਣੇ ਭਾਸ਼ਣ ਵਿੱਚ ਸੱਜਣ ਨੇ ਆਖਿਆ ਕਿ 2006 ਵਿੱਚ ਕੰਧਾਰ ਵਿੱਚ ਉਨ੍ਹਾਂ ਦੀ ਪਹਿਲੀ ਤਾਇਨਾਤੀ ਸਮੇਂ ਹੀ ਕੁੱਝ ਅਜਿਹੇ ਹਾਲਾਤ ਬਣ ਗਏ ਕਿ ਉਨ੍ਹਾਂ ਨੂੰ ਮਦੂਸਾ ਆਪਰੇਸ਼ਨ ਦਾ ਖਾਕਾ ਉਲੀਕਣਾ ਪਿਆ। ਫਿਰ ਉਨ੍ਹਾਂ ਤਾਲਿਬਾਨ ਲੜਾਕਿਆਂ ਨਾਲ ਲੋਹਾ ਲੈਂਦਿਆਂ 1500 ਨੂੰ ਮਾਰ ਮੁਕਾਇਆ। ਆਪਣੀ ਗਲਤੀ ਸਮਝ ਵਿੱਚ ਆਉਣ ਤੋਂ ਬਾਅਦ ਤੋਂ ਹੀ ਸੱਜਣ ਇਸ ਲਈ ਮੁਆਫੀ ਮੰਗ ਰਹੇ ਹਨ।