ਚੋਣ ਸਰੇਵਖਣਾਂ ਦੇ ਸੱਚ ਅਤੇ ਭੁਲੇਖਿਆਂ ਦਾ ਗੋਰਖਧੰਦਾ

ਆਖਦੇ ਹਨ ਕਿ ਚੋਣਾਂ ਦਾ ਲਾਭ ਤਿੰਨ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਸੱਭ ਤੋਂ ਵੱਧ ਹੁੰਦਾ ਹੈ, ਪਹਿਲਾ ਸਿਆਸਤਦਾਨ, ਦੂਜੇ ਨੰਬਰ ਉੱਤੇ ਸਿਆਸਤਦਾਨਾਂ ਦੇ ਦਲਾਲ ਜਿਹਨਾਂ ਨੂੰ ਆਧੁਨਿਕ ਬੋਲੀ ਦੇ ਸਨਮਾਨਯੋਗ ਸ਼ਬਦਾਂ ਵਿੱਚ ‘ਰਾਜਨੀਤਕ ਜੋੜ ਤੋੜ ਦੇ ਮਾਹਰ’ ਕਿਹਾ ਜਾਂਦਾ ਹੈ ਅਤੇ ਤੀਜੇ ਹਨ ਚੋਣ ਸਰਵੇਖਣ ਕਰਨ ਵਾਲੀਆਂ ਕੰਪਨੀਆਂ। ਵਰਤਮਾਨ ਯੁੱਗ ਵਿੱਚ ਜਿੰਨਾ ਜੋਰ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਵੱਲੋਂ ਆਪੋ ਆਪਣੇ ਚੰਗੇ ਮੰਦੇ ਵਾਅਦਿਆਂ ਬਾਰੇ ਪਰਚਾਰ ਕਰਨ ਉੱਤੇ ਲਾਇਆ ਜਾਂਦਾ ਹੈ, ਜੇ ਵੱਧ ਨਹੀਂ ਤਾਂ ਘੱਟੋ ਘੱਟ ਉੱਨਾ ਹੀ ਜੋਰ ਚੋਣ ਸਰਵੇਖਣ ਅਤੇ ਚੋਣਾਂ ਦੇ ਰੁਝਾਨਾਂ ਬਾਰੇ ਖੋਜ ਕਰਨ ਵਾਲੀਆਂ ਕੰਪਨੀਆਂ ਵੱਲੋਂ ਲਾਇਆ ਜਾਂਦਾ ਹੈ। ਇਹਨਾਂ ਵੱਲੋਂ ਜਾਰੀ ਕੀਤੀ ਜਾਣਕਾਰੀ ਦਾ ਕੇਂਦਰ ਸਾਧਾਰਨ ਵੋਟਰ ਹੁੰਦਾ ਹੈ ਜਿਸਨੂੰ ਜਿਆਦਾਤਰ ਕੇਸਾਂ ਵਿੱਚ ਪਤਾ ਨਹੀਂ ਹੁੰਦਾ ਕਿ ਸਰਵੇਖਣਾਂ ਵੱਲੋਂ ਪੈਦਾ ਕੀਤੇ ਗਏ ਅੰਕੜੇ ਸੱਚੇ ਵੀ ਹੋ ਸਕਦੇ ਹਨ ਅਤੇ ਨਹੀਂ ਵੀ।

7 ਜੂਨ ਨੂੰ ਹੋਣ ਵਾਲੀਆਂ ਉਂਟੇਰੀਓ ਚੋਣਾਂ ਨੂੰ ਲੈ ਕੇ ‘ਸੀ ਬੀ ਸੀ ਦੇ ਪੋਲ ਟਰੈਕਰ ਵਿੱਚ ਵਿਖਾਇਆ ਜਾ ਰਿਹਾ ਹੈ ਕਿ ਚਿਰਾਂ ਤੋਂ ਲੀਡ ਵਿੱਚ ਚੱਲ ਰਹੀ ਕੰਜ਼ਰਵੇਟਿਵ ਪਾਰਟੀ ਨੂੰ ਪਛਾੜ ਕੇ ਐਨ ਡੀ ਪੀ ਅੱਗੇ ਨਿਕਲ ਚੁੱਕੀ ਹੈ। ਪੋਲ ਟਰੈਕਰ ਮੁਤਾਬਕ ਜੇ ਅੱਜ ਚੋਣਾਂ ਹੋ ਜਾਂਦੀਆਂ ਹਨ ਤਾਂ ਐਨ ਡੀ ਪੀ ਨੂੰ 37.6%, ਕੰਜ਼ਰਵੇਟਿਵਾਂ ਨੂੰ 35.8% ਅਤੇ ਲਿਬਰਲਾਂ ਨੂੰ 19.3% ਵੋਟਰ ਵੋਟ ਪਾਉਣਗੇ। ਟਰੈਕਰ ਮੁਤਾਬਕ ਬੇਸ਼ੱਕ ਵੱਧ ਲੋਕ ਐਨ ਡੀ ਪੀ ਨੂੰ ਵੋਟ ਪਾਉਣ ਦੀ ਸੋਚ ਰਹੇ ਹਨ ਪਰ ਤਾਂ ਵੀ 75.1% ਚਾਂਸ ਹਨ ਕਿ ਕੰਜ਼ਰਵੇਟਿਵ ਬਹੁ-ਗਿਣਤੀ ਸਰਕਾਰ ਬਣਾਉਣਗੇ। ਸੱਭ ਤੋਂ ਵੱਧ ਵੋਟ ਪ੍ਰਤੀਸ਼ਸ਼ਤਾ ਦੇ ਬਾਵਜੂਦ ਐਨ ਡੀ ਪੀ ਵੱਲੋਂ ਸਰਕਾਰ ਬਣਾਏ ਜਾਣ ਦੇ ਚਾਂਸ ਸਿਰਫ਼ 10.4% ਹਨ। ਇਸਦਾ ਕਾਰਣ ਐਨ ਡੀ ਪੀ ਦੇ ਸਮਰੱਥਕਾਂ ਦਾ ਵੱਧ ਗਿਣਤੀ ਵਿੱਚ ਘੱਟ ਰਾਈਡਿੰਗਾਂ ਵਿੱਚ ਹੋਣਾ ਹੈ।

Innovative Research Group, New Agnus Reid Group, Pollara/McLean, ਤੋਂ ਲੈ ਕੇ Mainstream Research, Forum Research ਅਨਦ Innovative Research Group ਤੱਕ ਹੋਰ ਅਨੇਕਾਂ ਸਰਵੇਖਣ ਐਨ ਡੀ ਪੀ ਦੀ ਜਿੱਤਾ ਕੇ ਸਰਕਾਰ ਬਣਾਉਣ ਵਾਲੀ ਪਾਰਟੀ ਦਰਸਾ ਰਹੇ ਹਨ। ਵੋਟਰਾਂ ਸਾਹਮਣੇ ਸੁਆਲ ਪੈਦਾ ਹੋ ਜਾਂਦਾ ਹੈ ਕਿ ਉਹ ਕਿਸ ਸਰਵੇਖਣ ਦੀ ਗੱਲ ਮੰਨਣ। ਸਿਆਸਤਦਾਨਾਂ ਨੂੰ ਅਜਿਹੀ ਕੋਈ ਦੁਚਿੱਤੀ ਨਹੀਂ ਹੁੰਦੀ। ਉਹਨਾਂ ਦਾ ਕੰਮ ਹਰ ਸਥਿਤੀ ਤੋਂ ਲਾਭ ਲੈਣਾ ਹੁੰਦਾ ਹੈ। ਜੇ ਸਰਵੇਖਣ ਉਹਨਾਂ ਦੇ ਹਿੱਤ ਵਿੱਚ ਹਨ ਤਾਂ ਉਹ ਚੋਣ ਸਭਾਵਾਂ ਵਿੱਚ ਇਹਨਾਂ ਸਰੇਵਖਣਾਂ ਨੂੰ ਆਧਾਰ ਬਣਾ ਕੇ ਗੱਲ ਕਰਦੇ ਹਨ ਅਤੇ ਜੇ ਸਰਵੇਖਣ ਉਹਨਾਂ ਦੇ ਸਿਆਸੀ ਹਿੱਤਾਂ ਦੇ ਵਿਰੁੱਧ ਜਾਂਦੇ ਹਨ ਤਾਂ ਸਿਆਸਤਦਾਨਾਂ ਨੂੰ ਸਰਵੇਖਣਾਂ ਨੂੰ ਗਲਤ ਕਰਾਰ ਦੇਣ ਵਿੱਚ ਮਜ਼ਾ ਆਉਂਦਾ ਹੈ।

ਇਸ ਸੰਦਰਭ ਵਿੱਚ ਕੈਨੇਡਾ ਦੇ 13ਵੇਂ ਪ੍ਰਧਾਨ ਮੰਤਰੀ ਜੌਹਨ ਡੀਫਨਬੇਕਰ ਦਾ ਕਥਨ ਮਸ਼ਹੂਰ ਹੈ ਜਿਸਨੇ ਸਰਵੇਖਣਾਂ ਨੂੰ ਕੁੱਤੇ ਨੂੰ ਬੰਨਣ ਵਾਲੇ ਕਿੱਲੇ ਦਾ ਦਰਜ਼ਾ ਦਿੱਤਾ ਸੀ। ਜੇ ਡੀਫਨਬੇਕਰ ਦੇ ਕਥਨ ਨਾਲ 100% ਸਹਿਮਤ ਨਹੀਂ ਹੋਇਆ ਜਾ ਸਕਦਾ ਤਾਂ ਵੀ ਉਸਦੀ ਗੱਲ ਇੱਕ ਗੁੱਝੇ ਸੱਚ ਵੱਲ ਇਸ਼ਾਰਾ ਕਰ ਰਹੀ ਹੈ। ਦੋ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਸਾਰੇ ਮੀਡੀਆ ਅਤੇ ਚੋਣ ਸਰਵੇਕਾਰਾਂ ਦਾ ਅੰਦਾਜ਼ਾ ਸੀ ਕਿ ਹਿਲੇਰੀ ਕਲਿੰਟਨ ਦੀ ਜਿੱਤ ਹੋਵੇਗੀ ਪਰ ਡੋਨਾਲਡ ਟਰੰਪ ਸਾਰਿਆਂ ਦੇ ਅਨੁਮਾਨਾਂ ਨੂੰ ਮਿੱਟੀ ਵਿੱਚ ਪਾਉਂਦੇ ਹੋਏ ਸਫ਼ਲ ਹੋਇਆ ਸੀ।

ਦਿਲਚਸਪ ਗੱਲ ਇਹ ਹੈ ਕਿ ਜਿ਼ਆਦਾਤਰ ਸਰਵੇਖਣਾਂ ਦਾ ਸੈਂਪਲ ਸਾਈਜ਼ ਮਸਾਂ 800 ਤੋਂ 1000 ਵਿਅਕਤੀਆਂ ਦੇ ਵਿਚਕਾਰ ਰਹਿੰਦਾ ਹੈ। ਸਰਵੇਖਣ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਇੰਝ ਚੁਣਿਆ ਜਾਂਦਾ ਹੈ ਕਿ ਪੂਰੇ ਪ੍ਰੋਵਿੰਸ ਦੀਆਂ ਸਾਰੀਆਂ ਰਾਈਡਿੰਗਾਂ, ਹਰ ਆਮਦਨ ਵਰਗ, ਹਰ ਆਰਥਕ, ਪ੍ਰੋਫੈਸ਼ਨਲ ਪਿਛੋਕੜ ਵਾਲੇ, ਨੌਜਵਾਨਾਂ, ਔਰਤਾਂ ਅਤੇ ਹੋਰ ਵਿਸ਼ੇਸ਼ ਗਰੁੱਪਾਂ ਦੀ ਨੁਮਾਇੰਦਗੀ ਸ਼ਾਮਲ ਹੋਵੇ। ਐਨੇ ਤੱਥਾਂ ਨੂੰ ਖਿਆਲ ਵਿੱਚ ਰੱਖ ਕੇ 1000 ਲੋਕਾਂ ਤੋਂ ਘੱਟ ਨੂੰ ਆਧਾਰ ਬਣਾ ਕੇ ਸੱਚ ਦੇ ਸਿਧਾਂਤ ਘੜਨੇ ਕੋਈ ਸੌਖਾ ਕੰਮ ਨਹੀਂ ਹੈ। ਵੈਸੇ ਵੀ ਮਨੁੱਖੀ ਮਨ ਨੂੰ ਪੜਨਾ ਐਨਾ ਆਸਾਨ ਨਹੀੰ ਹੁੰਦਾ।

ਨੌਰਥ ਅਮਰੀਕਾ ਦਾ ਇੱਕ ਸੱਚ ਇਹ ਵੀ ਹੈ ਕਿ ਜਿ਼ਆਦਾਤਰ ਸਰਵੇਖਣ ਕਰਨ ਵਾਲੀਆਂ ਕੰਪਨੀਆਂ ਲਿਬਰਲ ਪੱਖੀ ਹੁੰਦੀਆਂ ਹਨ, ਉਸ ਤੋਂ ਬਾਅਦ ਐਨ ਡੀ ਪੀ ਅਤੇ ਕੰਜ਼ਰਵੇਟਿਵ ਤੀਜੇ ਨੰਬਰ ਉੱਤੇ ਆਉਂਦੇ ਹਨ। ਇਸ ਕੌੜੇ ਸੱਚ ਦੇ ਬਾਵਜੂਦ ਕੰਜ਼ਰਵੇਟਿਵਾਂ ਦਾ ਗਾਹੇ ਬਗਾਹੇ ਸਿਆਸੀ ਸਫ਼ਲਤਾ ਹਾਸਲ ਕਰਨਾ ਸਾਬਤ ਕਰਦਾ ਹੈ ਕਿ ਸਰਵੇਖਣ ਸੱਚ ਅਤੇ ਕਿਆਸਅਰਾਈਆ ਦਾ ਮਿਸ਼ਰਣ ਹੁੰਦੇ ਹਨ।

ਐਨ ਡੀ ਪੀ ਨੂੰ ਕਈ ਵਾਰ ਲਿਬਰਲ ਦੀ ‘ਬੀ ਟੀਮ’ ਕਿਹਾ ਜਾਂਦਾ ਹੁੰਦਾ ਹੈ। ਕੀ ਇਸ ਵਾਰ ਸਰਵੇਖਣ ਲਿਬਰਲਾਂ ਦੀ ਬੀ ਟੀਮ ਦੀ ਪਿੱਠ ਪੂਰ ਰਹੇ ਹਨ ਜਾਂ ਉਹਨਾਂ ਦੇ ਛੋਟੇ ਜਿਹੇ ਸੈਂਪਲ ਸਾਈਜ਼ਾਂ ਦੇ ਆਧਾਰ ਉੱਤੇ ਖੜੇ ਕੀਤੇ ਸੱਚ ਨੂੰ ਕੰਜ਼ਰਵੇਟਿਵ ਝੂਠਾ ਕਰ ਵਿਖਾਉਣਗੇ?