ਚੋਣ ਕਮਿਸ਼ਨ ਨੂੰ ਰਿਸ਼ਵਤ ਦੇਣ ਦੇ ਕੇਸ ਵਿੱਚ ਦੋਸ਼ ਪੱਤਰ ਦਾਖਲ

ਸੁਕੇਸ਼ ਚੰਦਰਸ਼ੇਖਰ

ਸੁਕੇਸ਼ ਚੰਦਰਸ਼ੇਖਰ

ਨਵੀਂ ਦਿੱਲੀ, 15 ਜੁਲਾਈ (ਪੋਸਟ ਬਿਊਰੋ)- ਅੰਨਾ ਡੀ ਐੱਮ ਕੇ ਪਾਰਟੀ ਦੇ ਸ਼ਸ਼ੀ ਕਲਾ ਧੜੇ ਦੇ ਲਈ ‘ਦੋ ਪੱਤੀ’ ਦਾ ਚੋਣ ਨਿਸ਼ਾਨ ਦਿਵਾਉਣ ਲਈ ਚੋਣ ਕਮਿਸ਼ਨ ਨੂੰ ਰਿਸ਼ਵਤ ਦੇਣ ਦੇ ਦੋਸ਼ ਵਿੱਚ ਦਿੱਲੀ ਪੁਲਸ ਨੇ ਇੱਕ ਵਿਚੋਲੇ ਸੁਕੇਸ਼ ਚੰਦਰਸ਼ੇਖਰ ਵਿਰੁੱਧ ਵਿਸ਼ੇਸ਼ ਅਦਾਲਤ ਵਿੱਚ ਕੱਲ੍ਹ ਦੋਸ਼ ਪੱਤਰ ਦਾਖਲ ਕੀਤੇ ਹਨ।
ਇਹ ਮਾਮਲਾ ਅੰਨਾ ਡੀ ਐੱਮ ਕੇ ਪਾਰਟੀ ਦੇ ਸ਼ਸ਼ੀ ਕਲਾ ਧੜੇ ਦੇ ਆਗੂ ਟੀ ਟੀ ਵੀ ਦਿਨਾਕਰਨ ਨਾਲ ਜੁੜਿਆ ਹੈ। ਪੁਲਸ ਨੇ ਆਪਣੀ ਰਿਪੋਰਟ ਵਿੱਚ ਦਿਨਾਕਰਨ ਦਾ ਨਾਂਅ ਨਹੀਂ ਲਿਆ ਅਤੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਅਤੇ ਹੋਰ ਮੁਲਜ਼ਮਾਂ ਵਿਰੁੱਧ ਇੱਕ ਸਪਲੀਮੈਂਟਰੀ ਦੋਸ਼ ਪੱਤਰ ਦਾਖਲ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਸੁਕੇਸ਼ ਨੂੰ 16 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੈਸ਼ਨ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਦੋ ਵਾਰ ਇਨਕਾਰ ਕੀਤਾ ਅਤੇ ਇੱਕ ਵਾਰ ਦਿੱਲੀ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਮਾਮਲੇ ਨਾਲ ਜੁੜੇ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ ਪੱਤਰ ਵਿੱਚ ਚੰਦਰਸ਼ੇਖਰ ਵਿਰੁੱਧ ਕਈ ਧਾਰਾਵਾਂ ਅਤੇ ਅਪਰਾਧਾਂ ਦੇ ਦੋਸ਼ ਹਨ। ਦੋਸ਼ੀ ਸਾਬਤ ਹੋਣ ‘ਤੇ ਉਸ ਨੂੰ ਉਮਰ ਕੈਦ ਹੋ ਸਕਦੀ ਹੈ। ਦਿੱਲੀ ਪੁਲਸ ਦੇ ਅਪਰਾਧ ਸੈੱਲ ਨੇ ਚੰਦਰਸ਼ੇਖਰ ਕੋਲੋਂ ਪਾਰਲੀਮੈਂਟ ਦੇ ਰਾਜ ਸਭਾ ਮੈਂਬਰ ਦਾ ਨਕਲੀ ਪਛਾਣ ਪੱਤਰ ਬਰਾਮਦ ਕੀਤਾ ਸੀ।