ਚੋਣ ਕਮਿਸ਼ਨ ਦੇ ਲਈ 3174 ਕਰੋੜ ਦੇ ਫੰਡ ਮਨਜ਼ੂਰ, ਵੀ ਵੀ ਪੈਟ ਮਸ਼ੀਨਾਂ ਖਰੀਦਣ ਲਈ ਰਾਹ ਪੱਧਰਾ

vvpat
ਨਵੀਂ ਦਿੱਲੀ, 20 ਅਪ੍ਰੈਲ (ਪੋਸਟ ਬਿਊਰੋ)- ਵੋਟਿੰਗ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਈ ਵੀ ਐਮਜ਼ (ਇਲੈਕਟਰਾਨਿਕ ਵੋਟਿੰਗ ਮਸ਼ੀਨ) ਵਿੱਚ ਵੀ ਵੀ ਪੈਟ ਮਸ਼ੀਨਾਂ ਲਾਉਣ ਦੀ ਚੋਣ ਕਮਿਸ਼ਨ ਦੀ ਯੋਜਨਾ ਸਿਰੇ ਚੜ੍ਹ ਰਹੀ ਹੈ। ਸਰਕਾਰ ਨੇ ਇਸ ਲਈ 3174 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ।
ਭਾਰਤ ਦੇ ਸਾਰੇ ਚੋਣ ਬੂਥਾਂ ਨੂੰ ਵੀ ਵੀ ਪੈਟ ਮਸ਼ੀਨਾਂ ਦੇ ਘੇਰੇ ਵਿੱਚ ਲੈਣ ਲਈ ਕੁੱਲ 16,15,000 ‘ਵੋਟਰ ਵੈਰੀਫਾਈਬਲ ਪੇਪਰ ਆਡਿਟ ਟਰਾਇਲ’ (ਵੀ ਵੀ ਪੈਟ) ਮਸ਼ੀਨਾਂ ਖਰੀਦੀਆਂ ਜਾਣਗੀਆਂ। ਈ ਵੀ ਐਮਜ਼ ਨਾਲ ਛੇੜ-ਛਾੜ ਦੇ ਸ਼ੱਕ ਜ਼ਾਹਰ ਕਰਕੇ ਕਈ ਪਾਰਟੀਆਂ ਹੁਣ ਵੀ ਵੀ ਪੈਟ ਮਸ਼ੀਨਾਂ ਦੀ ਵਰਤੋਂ ਉਤੇ ਜ਼ੋਰ ਦੇ ਰਹੀਆਂ ਸਨ। ਸੋਲਾਂ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਪਟੀਸ਼ਨ ਦੇ ਕੇ ਪਾਰਦਰਸ਼ੀ ਚੋਣਾਂ ਲਈ ਬੈਲਟ ਪੇਪਰ ਪ੍ਰਣਾਲੀ ਅਪਣਾਉਣ ਲਈ ਕਿਹਾ ਸੀ। ਬਸਪਾ, ‘ਆਪ’ ਪਾਰਟੀ ਅਤੇ ਕਾਂਗਰਸ ਨੇ ਈ ਵੀ ਐਮਜ਼ ਵਿੱਚ ਛੇੜਛਾੜ ਦੇ ਮੁੱਦੇ ਉਤੇ ਚੋਣ ਕਮਿਸ਼ਨ ਉੱਤੇ ਹੱਲਾ ਬੋਲਿਆ ਸੀ। ਵੀ ਵੀ ਪੈਟ ਮਸ਼ੀਨ ਵਿੱਚੋਂ ਪਰਚੀ ਨਿਕਲਦੀ ਹੈ, ਜਿਸ ਤੋਂ ਵੋਟਰ ਨੂੰ ਪੁਸ਼ਟੀ ਹੁੰਦੀ ਹੈ ਕਿ ਈ ਵੀ ਐਮ ਨੇ ਉਸ ਦੀ ਵੋਟ ਉੱਸੇ ਉਮੀਦਵਾਰ ਦੇ ਹੱਕ ਵਿੱਚ ਦਰਜ ਕੀਤੀ ਹੈ। ਇਹ ਫੰਡ ਚੋਣ ਕਮਿਸ਼ਨ ਨੂੰ ਦੋ ਕਿਸ਼ਤਾਂ ਵਿੱਚ ਮਿਲਣਗੇ। 1600 ਕਰੋੜ ਦੀ ਪਹਿਲੀ ਕਿਸ਼ਤ ਮੌਜੂਦਾ ਵਿੱਤੀ ਵਰ੍ਹੇ ਵਿੱਚ ਦਿੱਤੀ ਜਾਵੇਗੀ, ਬਾਕੀ ਫੰਡ ਅਗਲੇ ਸਾਲ ਮਿਲਣਗੇ। ਇਸ ਨੂੰ ਹਰੀ ਝੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੀਟਿੰਗ ਵਿੱਚ ਦਿੱਤੀ ਗਈ।