ਚੋਣ ਕਮਿਸ਼ਨ ਦਾ ਦਾਅਵਾ: ਵੋਟਿੰਗ ਮਸ਼ੀਨਾਂ ਨਾਲ ਛੇੜ-ਛਾੜ ਨਹੀਂ ਹੋ ਸਕਦੀ

elections commision of india
ਨਵੀਂ ਦਿੱਲੀ, 17 ਮਾਰਚ (ਪੋਸਟ ਬਿਊਰੋ)- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਉਠਾਏ ਸਵਾਲਾਂ ਨੂੰ ਰੱਦ ਕਰਦਿਆਂ ਭਾਰਤ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਇਹ ਮਸ਼ੀਨਾਂ ਛੇੜ-ਛਾੜ ਤੋਂ ਮੁਕਤ ਹਨ।
ਚੋਣ ਕਮਿਸ਼ਨ ਨੇ ਸਖਤ ਸ਼ਬਦਾਂ ਵਾਲੇ ਬਿਆਨ ਵਿੱਚ ਕਿਹਾ ਕਿ ਸਿਰਫ ਅੰਦਾਜ਼ੇ ਦੇ ਆਧਾਰ Ḕਤੇ ਬੇਤੁਕੇ ਦੋਸ਼ ਲਾਏ ਜਾ ਰਹੇ ਹਨ, ਜਿਨ੍ਹਾਂ ਨੂੰ ਰੱਦ ਕਰਨਾ ਬਣਦਾ ਹੈ। ਕਮਿਸ਼ਨ ਦਾ ਕਹਿਣਾ ਸੀ ਕਿ ਚੋਣ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਵੱਲੋਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੀ ਕੋਈ ਸਪੱਸ਼ਟ ਜਾਂ ਠੋਸ ਸ਼ਿਕਾਇਤ ਸਾਹਮਣੇ ਨਹੀਂ ਆਈ। ਇਸ ਬਿਆਨ ਮੁਤਾਬਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਬਾਰੇ ਬਹੁਜਨ ਸਮਾਜ ਪਾਰਟੀ ਵੱਲੋਂ ਦੋਸ਼ਾਂ ਦੇ ਸਮਰਥਨ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ, ਜਿਸ ਨੂੰ ਵੇਖਦਿਆਂ ਇਹ ਦੋਸ਼ ਰੱਦ ਕੀਤੇ ਜਾਂਦੇ ਹਨ। ਚੋਣ ਕਮਿਸ਼ਨ ਦਾ ਕਹਿਣਾ ਸੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦਾ ਸ਼ੱਕ ਇਨ੍ਹਾਂ ਦੇ ਹੋਂਦ ਵਿੱਚ ਆਉਣ ਵਾਲੇ ਦਿਨ ਤੋਂ ਹੀ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਨੂੰ ਸੁਪਰੀਮ ਕੋਰਟ ਤੱਕ ਲਿਜਾਇਆ ਗਿਆ। ਅਦਾਲਤ ਵਿੱਚ ਵੀ ਕੁਝ ਸਾਬਤ ਨਹੀਂ ਹੋਇਆ ਅਤੇ ਦੋਸ਼ ਰੱਦ ਹੋ ਗਏ ਸਨ। ਚੋਣ ਕਮਿਸ਼ਨ ਇੱਕ ਆਵਾਜ਼ ਵਿੱਚ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਅਸਰਦਾਰ ਤਕਨੀਕ ਅਤੇ ਪ੍ਰਸ਼ਾਸਨਕ ਸੁਰੱਖਿਆ ਉਪਾਵਾਂ ਨੂੰ ਵੇਖਦਿਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕਰਨਾ ਸੰਭਵ ਨਹੀਂ ਤੇ ਚੋਣ ਪ੍ਰਕਿਰਿਆ ਦਾ ਬੇਦਾਗ ਅਕਸ ਪੂਰੀ ਤਰ੍ਹਾਂ ਕਾਇਮ ਹੈ।