ਚੋਣਾਂ ਤੋਂ ਬਾਅਦ ਕੀਨੀਆ ਵਿੱਚ ਹਿੰਸਾ ਦਾ ਦੌਰ ਸ਼ੁਰੂ

riots in kenya after election
ਨੈਰੋਬੀ, 13 ਅਗਸਤ (ਪੋਸਟ ਬਿਊਰੋ)- ਕੀਨੀਆ ਦੇ ਵਿਰੋਧੀ ਪਾਰਟੀਆਂ ਨੇ ਸ਼ਨੀਵਾਰ ਨੂੰ ਪੁਲਸ ਫੋਰਸਾਂ ਉੱਤੇ ਦੋਸ਼ ਲਾਇਆ ਕਿ ਵੋਟਾਂ ਤੋਂ ਬਾਅਦ ਫੈਲ ਗਈ ਗੜਬੜ ਦੇ ਦੌਰਾਨ ਬੱਚਿਆਂ ਸਮੇਤ 100 ਤੋਂ ਜ਼ਿਆਦਾ ਲੋਕਾਂ ਦਾ ਕਤਲ ਕੀਤਾ ਗਿਆ ਹੈ। ਵਿਰੋਧੀ ਦਲ ‘ਨਾਸਾ’ ਨੇ ਇਸ ਤਰ੍ਹਾਂ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ, ਪਰ ਉਸ ਦੇਸ਼ ਵਿਚ 11 ਲੋਕਾਂ ਦੇ ਇਨ੍ਹਾਂ ਘਟਨਾਵਾਂ ਵਿਚ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
ਵਿਰੋਧੀ ਪਾਰਟੀ ਦੇ ਸੀਨੀਅਰ ਮੈਂਬਰ ਜੇਮਸ ਓਰੇਂਗੋ ਨੇ ਪ੍ਰੈੱਸ ਕਾਨਫਰੰਸ ਵਿਚ ਦੋਸ਼ ਲਾਇਆ ਕਿ ਪੁਲਸ ਨੇ ਹਿੰਸਾ ਨੂੰ ਭੜਕਾਉਣ ਦਾ ਕੰਮ ਕੀਤਾ ਹੈ ਤੇ ਪਾਰਟੀ ਕਿਸੇ ਵੀ ਤਰ੍ਹਾਂ ਦੇ ਦਬਾਅ ਵਿਚ ਨਹੀਂ ਆਵੇਗੀ।
ਇਸ ਦੌਰਾਨ ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਰਾਸ਼ਟਰਪਤੀ ਚੋਣਾਂ ਪਿੱਛੋਂ ਹਿੰਸਾ ਵਿਚ ਸ਼ੁੱਕਰਵਾਰ ਰਾਤ 9 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਨੈਰੋਬੀ ਦੀ ਇਕ ਝੁੱਗੀ ਵਿਚ 9 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਅਧਿਕਾਰੀ ਨੇ ਆਪਣਾ ਨਾਮ ਦੱਸੇ ਬਿਨਾਂ ਕਿਹਾ ਕਿ ਪੁਲਸ ਵੱਲੋਂ ਲੁੱਟ ਨਿਰੋਧੀ ਮੁਹਿੰਮ ਦੇ ਤਹਿਤ ਕੁਝ ਲੋਕਾਂ ਦਾ ਕਤਲ ਕੀਤਾ ਗਿਆ ਹੈ। ਵਰਨਣ ਯੋਗ ਹੈ ਕਿ ਵਿਰੋਧੀ ਪੱਖ ਨੇ ਕੀਨੀਆ ਵਿਚ ਰਾਸ਼ਟਰਪਤੀ ਚੋਣ ਵਿਚ ਧੋਖਾਧੜੀ ਦਾ ਇਲਜ਼ਾਮ ਲਾਉਂਦੇ ਹੋਏ ਚੋਣ ਨਤੀਜਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਵਿਰੋਧੀ ਧਿਰ ਹੁਣ ਦੇਸ਼ ਦੇ ਵੱਖਰੇ ਸ਼ਹਿਰਾਂ ਵਿਚ ਵਿਰੋਧ ਕਰ ਰਹੀ ਹੈ ਅਤੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਕਈ ਲੋਕ ਮਾਰੇ ਗਏ ਹਨ।