ਚੋਣਾਂ ਤੋਂ ਪਹਿਲਾਂ ਹਾਰਦਿਕ ਪਟੇਲ ਦੀ ਸੈਕਸ ਸੀ ਡੀ ਨਾਲ ਹਲਚਲ


* ਹਾਰਦਿਕ ਨੇ ਕਿਹਾ: ਜੋ ਕਰਨਾ ਹੈ ਕਰ ਲਵੋ, ਮੈਂ ਪਿੱਛੇ ਹਟਣ ਵਾਲਾ ਨਹੀਂ
ਨਵੀਂ ਦਿੱਲੀ, 13 ਨਵੰਬਰ, (ਪੋਸਟ ਬਿਊਰੋ)- ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਤੇਜ਼ ਹੁੰਦੀ ਸਰਗਰਮੀਆਂ ਦੌਰਾਨ ਅੱਜ ਇਸ ਰਾਜ ਦੇ ਸਭ ਤੋਂ ਚਰਚਿਤ ਨੌਜਵਾਨ ਚਿਹਰੇ ਹਾਰਦਿਕ ਪਟੇਲ ਬਾਰੇ ਇੱਕ ਸੀ ਡੀ ਚੱਲ ਪਈ ਹੈ।
ਵਰਨਣ ਯੋਗ ਹੈ ਕਿ ਇਕ ਵੀਡੀਓ ਸੀ ਡੀ ਸਾਹਮਣੇ ਆਈ ਹੈ, ਜਿਸ ਨੂੰ ਸੈਕਸ ਸੀ ਡੀ ਕਿਹਾ ਗਿਆ ਹੈ ਤੇ ਦੋਸ਼ ਲਾਇਆ ਗਿਆ ਹੈ ਕਿ ਵੀਡੀਓ ਵਿੱਚ ਇਕ ਔਰਤ ਨਾਲ ਜੋ ਵਿਅਕਤੀ ਨਜ਼ਰ ਆਉਂਦਾ ਹੈ, ਉਹ ਹਾਰਦਿਕ ਪਟੇਲ ਹੈ, ਪਰ ਕਿਸੇ ਵੀ ਨਿਊਜ਼ ਚੈਨਲ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਾਰਦਿਕ ਪਟੇਲ ਨੇ ਟਵੀਟ ਰਾਹੀਂ ਦਿੱਤੇ ਜਵਾਬ ਵਿੱਚ ਕਿਹਾ ਹੈ ਕਿ ਹੁਣ ਗੰਦੀ ਸਿਆਸਤ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਨੂੰ ਬਦਨਾਮ ਕਰ ਲਓ, ਕੋਈ ਫਰਕ ਨਹੀਂ ਪਵੇਗਾ, ਪਰ ਗੁਜਰਾਤ ਦੀਆਂ ਔਰਤਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਹਾਰਦਿਕ ਨੇ ਸਾਫ ਕਿਹਾ ਕਿ ਇਹ ਵੀਡੀਓ ਉਨ੍ਹਾਂ ਦਾ ਨਹੀਂ ਹੈ। ਇਸ ਤੋਂ ਬਾਅਦ ਅੱਜ ਹਾਰਦਿਕ ਪਟੇਲ ਨੇ ਇਕ ਹੋਰ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਨੇ ਲਿਖਿਆ, ‘ਜਿਸ ਨੇ ਜੋ ਕਰਨਾ ਹੈ, ਕਰ ਲਵੇ, ਮੈਂ ਪਿੱਛੇ ਹਟਣ ਵਾਲਾ ਨਹੀਂ, ਜੰਮ ਕੇ ਖੜ੍ਹਾ ਹਾਂ। 23 ਸਾਲ ਦਾ ਹਾਰਦਿਕ ਹੁਣ ਵੱਡਾ ਹੋ ਰਿਹਾ ਹੈ। ਮੈਨੂੰ ਬਦਨਾਮ ਕਰਨ ਲਈ ਕਰੋੜਾਂ ਖਰਚ ਕੀਤੇ ਜਾਂਦੇ ਹਨ।’
ਹਾਰਦਿਕ ਪਟੇਲ ਨੇ ਇਸ ਸੈਕਸ ਸੀ ਡੀ ਦੇ ਆਉਣ ਬਾਰੇ ਪਹਿਲਾਂ ਹੀ ਸ਼ੱਕ ਜ਼ਾਹਰ ਕਰ ਦਿੱਤਾ ਸੀ। ਉਸ ਨੇ 10 ਨਵੰਬਰ ਨੂੰ ਭਾਜਪਾ ਉੱਤੇ ਇਸ ਤਰ੍ਹਾਂ ਦਾ ਦੋਸ਼ ਲਾਇਆ ਅਤੇ ਕਿਹਾ ਸੀ ਕਿ ਭਾਜਪਾ ਸਿਆਸੀ ਲਾਭ ਲਈ ਉਸ ਨੂੰ ਸੈਕਸ ਸੀ ਡੀ ਰਾਹੀਂ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੀ ਹੈ। ਹਾਰਦਿਕ ਨੇ ਦਾਅਵਾ ਕੀਤਾ ਸੀ ਕਿ ਮੈਨੂੰ ਬਦਨਾਮ ਕਰਨ ਲਈ ਭਾਜਪਾ ਨੇ ਇੱਕ ਸੀ ਡੀ ਤਿਆਰ ਕੀਤੀ ਹੈ, ਜਿਸ ਨੂੰ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ਼ ਕੀਤਾ ਜਾਵੇਗਾ, ਭਾਜਪਾ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।
ਉਂਜ ਇਹ ਪਹਿਲੀ ਵਾਰ ਨਹੀਂ, ਜਦੋਂ ਹਾਰਦਿਕ ਪਟੇਲ ਦੀ ਕਥਿਤ ਸੀ ਡੀ ਜਾਰੀ ਹੋਈ ਹੈ। ਸਾਲ 2015 ਵਿੱਚ ਉਸ ਦੇ ਰਾਖਵਾਂਕਰਨ ਅੰਦੋਲਨ ਦੀ ਸ਼ੁਰੂਆਤ ਦੇ ਤੁਰੰਤ ਬਾਅਦ ਵੀ ਅਜਿਹੀ ਸੈਕਸ ਸੀ ਡੀ ਜਾਰੀ ਹੋਈ ਸੀ। ਹਾਰਦਿਕ ਨੇ ਉਸ ਵੀਡੀਓ ਕਲਿਪ ਨੂੰ ਅੱਜ ਤਕ ਵੀ ਕਿਤੇ ਚੈਲਿੰਜ ਨਹੀਂ ਕੀਤਾ।