ਚੇਤ ਮਹੀਨਾ

-ਜਗਤਾਰ ਪੱਖੋ

ਕਣਕਾਂ ਰੰਗ ਵਟਾਇਆ ਚੇਤ ਮਹੀਨੇ ਵਿੱਚ।
ਪੰਛੀਆਂ ਝੂਮਰ ਪਾਇਆ ਚੇਤ ਮਹੀਨੇ ਵਿੱਚ।
ਖੇਤਾਂ ਦੇ ਵਿੱਚ ਸੋਨੇ ਰੰਗੀਆਂ ਕਣਕਾਂ ਤੱਕ,
ਜੱਟ ਫਿਰਦਾ ਨਸ਼ਿਆਇਆ ਚੇਤ ਮਹੀਨੇ ਵਿੱਚ।

ਪੱਛਮ ਦਿਸ਼ਾ Ḕਚ ਕਾਲੀਆਂ ਦੇਖ ਘਟਾਵਾਂ ਨੂੰ,
ਹਰ ਬੰਦਾ ਘਬਰਾਇਆ ਚੇਤ ਮਹੀਨੇ ਵਿੱਚ।
ਕੋਟੀਆਂ ਤੇ ਸਵੈਟਰ ਸਭ ਨੇ ਲਾਹ ਦਿੱਤੇ,
ਪਿਆਰਾ ਮੌਸਮ ਆਇਆ ਚੇਤ ਮਹੀਨੇ ਵਿੱਚ।

ਮੰਗਣੇ ਤੇ ਮੁਕਲਾਵੇ ਦੇਖੋ ਹੋਣ ਲੱਗੇ,
ਦਾਤੇ ਕਾਜ ਰਚਾਇਆ ਚੇਤ ਮਹੀਨੇ ਵਿੱਚ।
ਰੁੱਖਾਂ ਨੇ ਵੀ ਆਪਣੇ ਵਸਤਰ ਬਦਲ ਲਏ,
ਜਾਮਾਂ ਨਵਾਂ ਪਹਿਨਾਇਆ ਚੇਤ ਮਹੀਨੇ ਵਿੱਚ।

ਹਰ ਇਕ ਦੇ ਵਿਹੜੇ ਵਿੱਚ ਰਹਿਮਤ ਕਰ ਦਾਤਾ,
ਪੱਖੋ ਗੀਤ ਬਣਾਇਆ ਚੇਤ ਮਹੀਨੇ ਵਿੱਚ।