ਚੁਣੇ ਜਾਣ ਉੱਤੇ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਾਂਵਾਂਗੇ : ਹੌਰਵਥ

ਮੱਧ ਵਰਗੀ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਬਿਹਤਰੀ ਲਈ ਕਰਾਂਗੇ ਕੰਮ
ਟੋਰਾਂਟੋ, 17 ਅਪਰੈਲ (ਪੋਸਟ ਬਿਊਰੋ) : ਵੱਲੋਂ 40,000 ਡਾਲਰ ਜਾਂ ਇਸ ਤੋਂ ਵੀ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਤੇ ਰੋਜ਼ਾਨਾ ਔਸਤਨ 12 ਡਾਲਰ ਕਮਾਉਣ ਵਾਲਿਆਂ ਲਈ ਐਨਡੀਪੀ ਆਗੂ ਐਂਡਰੀਆ ਹੌਰਵਥ ਵੱਲੋਂ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਵਾਏ ਜਾਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਜੂਨ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਐਨਡੀਪੀ ਦੀ ਜਿੱਤ ਹੋਣ ਦੀ ਸੂਰਤ ਵਿੱਚ ਹੌਰਵਥ ਨੇ ਇਹ ਵਾਅਦਾ ਕੀਤਾ।
ਸੋਮਵਾਰ ਨੂੰ ਟੋਰਾਂਟੋ ਦੇ ਵੈਸਟਰਨ ਹਾਸਪਿਟਲ ਵਿੱਚ 97 ਪੰਨਿਆਂ ਦੇ ਲਾਂਚ ਕੀਤੇ ਗਏ ਪਲੇਟਫੌਰਮ ਵਿੱਚ ਇਹ ਨਾਅਰਾ ਦਿੱਤਾ ਗਿਆ ਕਿ ਚੇਂਜ ਫੌਰ ਦ ਬੈਟਰ। ਲਿਬਰਲਾਂ ਦੇ ਨਵੇਂ ਮੁਫਤ ਡੇਅਰਕੇਅਰ ਪਲੈਨ, ਜੋ ਕਿ ਪ੍ਰੀਸਕੂਲਰਜ਼ : ਜਿਨ੍ਹਾਂ ਦੀ ਉਮਰ ਢਾਈ ਸਾਲ ਤੋਂ ਲੈ ਕੇ ਜੂਨੀਅਰ ਕਿੰਡਰਗਾਰਟਨ ਤੱਕ ਹੀ ਸੀਮਤ ਹੈ, ਦੀ ਗੱਲ ਕਰਦਿਆਂ ਹੌਰਵਥ ਨੇ ਆਖਿਆ ਕਿ ਸਾਡੀ ਯੋਜਨਾ ਤੁਹਾਡੇ ਨਿੱਕੇ ਬੱਚਿਆਂ ਦੀ ਉਮਰ ਉੱਤੇ ਅਧਾਰਿਤ ਨਹੀਂ ਹੈ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਾਰਿਆਂ ਕੋਲ ਕਿਫਾਇਤੀ ਚਾਈਲਡ ਕੇਅਰ ਹੋਵੇ।
ਹੌਰਵਥ ਨੇ ਆਖਿਆ ਕਿ ਉਹ ਆਪਣੇ ਪਹਿਲੇ ਚਾਰ ਸਾਲਾਂ ਵਿੱਚ ਚਾਈਲਡ ਕੇਅਰ ਥਾਂਵਾਂ ਦੀ ਗਿਣਤੀ 50 ਫੀ ਸਦੀ ਤੱਕ ਵਧਾਵੇਗੀ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ 15 ਸਾਲਾਂ ਦੇ ਲਿਬਰਲਾਂ ਦੇ ਰਾਜ ਤੋਂ ਬਾਅਦ ਹੁਣ 7 ਜੂਨ ਮਗਰੋਂ ਤਬਦੀਲੀ ਆ ਕੇ ਰਹੇਗੀ। ਉਨ੍ਹਾਂ ਪੀਸੀ ਪਾਰਟੀ ਆਗੂ ਡੱਗ ਫੋਰਡ ਦੀ ਗੱਲ ਕਰਦਿਆਂ ਆਖਿਆ ਕਿ ਜੇ ਤੁਸੀਂ ਕੈਥਲੀਨ ਵਿੰਨ ਦੀ ਥਾਂ ਉੱਤੇ ਫੋਰਡ ਨੂੰ ਚੁਣਦੇ ਹੋਂ ਤਾਂ ਇਹ ਬਦ ਤੋਂ ਬਦਤਰ ਵਾਲੀ ਗੱਲ ਹੈ।
ਉਨ੍ਹਾਂ ਆਖਿਆ ਕਿ ਐਨਡੀਪੀ ਸਰਕਾਰ ਕਾਰਪੋਰੇਟ ਟੈਕਸ 11.5 ਫੀ ਸਦੀ ਤੋਂ ਵਧਾ ਕੇ 13 ਫੀ ਸਦੀ ਕਰੇਗੀ, ਵੱਡੀਆਂ ਕਾਰੋਬਾਰੀ ਚੋਰਮੋਰੀਆਂ ਨੂੰ ਬਦਲਿਆ ਜਾਵੇਗਾ ਤੇ 220,000 ਡਾਲਰ ਤੋਂ ਵੱਧ ਕਮਾਈ ਕਰਨ ਵਾਲਿਆਂ ਲਈ ਪਰਸਨਲ ਇਨਕਮ ਟੈਕਸ ਵਿੱਚ ਵੀ ਇੱਕ ਫੀ ਸਦੀ ਵਾਧਾ ਕੀਤਾ ਜਾਵੇਗਾ ਤੇ ਜਿਨ੍ਹਾਂ ਦੀ ਕਮਾਈ 300,000 ਡਾਲਰ ਹੈ ਉਨ੍ਹਾਂ ਲਈ ਦੋ ਫੀ ਸਦੀ ਅੰਕ ਦਾ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 90,000 ਡਾਲਰ ਤੋਂ ਵੱਧ ਦੀਆਂ ਲਗਜ਼ਰੀ ਕਾਰਾਂ ਤੇ ਐਸਯੂਵੀਜ਼ ਉੱਤੇ ਤਿੰਨ ਫੀ ਸਦੀ ਸਰਚਾਰਜ ਵਸੂਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅਸੀਂ ਮੱਧ ਵਰਗੀ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਹਿਫਾਜ਼ਤ ਕਰਾਂਗੇ।