ਚੀਨ ਵਿੱਚ ਤਿੰਨ ਮੰਜ਼ਲਾ ਇਮਾਰਤ ਵਿੱਚ ਅੱਗ ਲੱਗਣ ਨਾਲ 18 ਮੌਤਾਂ


* ਅੱਗ ਲੱਗੀ ਦੀ ਬਜਾਏ ਲਾਈ ਹੋਣ ਦੇ ਸ਼ੱਕ ਵਿੱਚ ਜਾਂਚ ਸ਼ੁਰੂ
ਬੀਜਿੰਗ, 24 ਅਪਰੈਲ, (ਪੋਸਟ ਬਿਊਰੋ)- ਚੀਨ ਦੇ ਗੁਆਂਗਦੋਂਗ ਸੂਬੇ ਦੇ ਕਵਿੰਗਯਾਂਗ ਸ਼ਹਿਰ ਵਿਚ ਕਰਾਉਕੇ ਟੀ ਵੀ ਲੌਂਜ ਵਿਚ ਅੱਗ ਲੱਗਣ ਨਾਲ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਤੇ 5 ਹੋਰ ਜ਼ਖ਼ਮੀ ਹੋ ਗਏ ਹਨ। ਮੀਡੀਆ ਰੀਪੋਰਟ ਦੇ ਮੁਤਾਬਕ ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ ਸੀ।
ਇਸ ਸੰਬੰਧ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਇਹ ਅੱਗ ਕਿਸੇ ਨੇ ਜਾਨਬੁੱਝ ਕੇ ਲਾਈ ਹੈ। ਅੱਗ ਲਾਉਣ ਦੇ ਸ਼ੱਕ ਹੇਠ ਇੱਕ ਆਦਮੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕਿਹਾ ਕਿ ਇਸ ਅੱਗ ਦੀ ਘਟਨਾ ਦੇ ਸ਼ੱਕੀ 32 ਸਾਲਾ ਲਿਊ ਚੁਨਲੂ ਨੂੰ ਨੇੜਲੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਸ਼ੱਕੀ ਆਦਮੀ ਨੇ ਅੱਗ ਦੀ ਘਟਨਾ ਵਾਪਰਨ ਤੋਂ ਪਹਿਲਾਂ ਟੀ ਵੀ ਲੌਂਜ ਦੇ ਦਰਵਾਜੇ ਵਿਚ ਮੋਟਰ ਸਾਈਕਲ ਖੜਾ ਕਰ ਕੇ ਇਸ ਨੂੰ ਬੰਦ ਕਰ ਦਿਤਾ ਸੀ। ਉਸ ਦੇ ਲੱਕ ਉੱਤੇ ਅੱਗ ਨਾਲ ਝੁਲਸਣ ਦੇ ਨਿਸ਼ਾਨ ਵੀ ਮਿਲੇ ਦੱਸੇ ਗਏ ਹਨ। ਪਤਾ ਲੱਗਾ ਹੈ ਕਿ ਪੁਲਿਸ ਨੇ ਸ਼ੱਕੀ ਆਦਮੀ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਯੂਆਨ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਵਰਨਣ ਯੋਗ ਹੈ ਕਿ ਚੀਨ ਵਿੱਚ ਸੁਰੱਖਿਆ ਦੇ ਕਾਨੂੰਨ ਨਰਮ ਹੋਣ ਕਾਰਨ ਅੱਗ ਲੱਗਣ ਦੇ ਕਈ ਮਾਮਲੇ ਵਾਪਰਦੇ ਰਹਿੰਦੇ ਹਨ। ਸਾਲ 2015 ਵਿੱਚ ਸਰਕਾਰੀ ਮੁਲਾਜ਼ਮਾਂ ਦੀ ਲਾਪਰਵਾਹੀ ਨਾਲ ਇਕ ਨਰਸਿੰਗ ਹੋਮ ਨੂੰ ਅੱਗ ਲੱਗ ਗਈ ਤੇ 38 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਲਈ 21 ਜਣਿਆਂ ਨੂੰ ਜੇਲ ਦੀ ਸਜ਼ਾ ਹੋਈ ਸੀ। ਪਿਛਲੇ ਸਾਲ ਰਾਜਧਾਨੀ ਬੀਜਿੰਗ ਵਿੱਚ ਅੱਗ ਦੀਆਂ ਦੋ ਘਟਨਾਵਾਂ ਵਿੱਚ ਲਗਭਗ ਦੋ ਦਰਜਨ ਪਰਵਾਸੀ ਲੋਕਾਂ ਦੀ ਮੌਤ ਹੋ ਗਈ ਸੀ।