ਚੀਨ ਵਿੱਚ ਟੈਲੀਕਾਮ ਧੋਖਾਧੜੀ ਲਈ 85 ਲੋਕਾਂ ਨੂੰ ਸਜ਼ਾ


ਬੀਜਿੰਗ, 2 ਫਰਵਰੀ (ਪੋਸਟ ਬਿਊਰੋ)- ਚੀਨ ਦੇ ਅੰਦਰੂਨੀ ਮੰਗੋਲੀਆ ਆਟੋਨੋਮਜ਼ ਖੇਤਰ ਵਿਚ ਟੈਲੀਕਾਮ ਧੋਖਾਧੜੀ ਦੇ ਦੋਸ਼ ਹੇਠ ਅੱਜ ਉੱਤਰੀ ਚੀਨ ਦੀ ਇਕ ਸਥਾਨਕ ਅਦਾਲਤ ਨੇ ਕੁਲ 85 ਲੋਕਾਂ ਨੂੰ 1 ਸਾਲ ਤੋਂ 13 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਟੈਲੀਕਾਮ ਧੋਖਾਧੜੀ ਦੇ ਇਸ ਕੇਸ ਦੇ ਦੋਸ਼ੀਆਂ ਨੇ ਚੀਨ ਦੇ ਮੰਗੋਲੀਆ ਖੇਤਰ ਵਿਚ ਸੰਪਰਕ ਵੇਰਵਾ ਇਕੱਠਾ ਕਰਨ ਲਈ ਜਾਅਲੀ ਮੈਡੀਕਲ ਵਿਗਿਆਪਨਾਂ ਦੀ ਵਰਤੋਂ ਕੀਤੀ ਸੀ।
ਔਰਡੋਸ ਦੇ ਇਕ ਵਾਸੀ ਵੱਲੋਂ ਪੁਲਸ ਵਿਚ ਸ਼ਿਕਾਇਤ ਕਰਨ ਪਿੱਛੋਂ ਇਹ ਕੇਸ ਸਾਹਮਣੇ ਆਇਆ ਸੀ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਜੁਲਾਈ 2016 ਵਿਚ ਉਸ ਨਾਲ 5,560 ਡਾਲਰ ਦਾ ਧੋਖਾ ਕੀਤਾ ਗਿਆ ਸੀ। ਇਕ ਸਮਾਚਾਰ ਏਜੰਸੀ ਦੇ ਮੁਤਾਬਕ ਜਾਂਚ ਪਿੱਛੋਂ ਪੁਲਸ ਨੇ ਨਵੰਬਰ 2016 ਵਿਚ ਧੋਖਾਧੜੀ ਕੇਸ ਦੇ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਕ ਜਾਂਚ ਤੋਂ ਪਤਾ ਲੱਗਾ ਹੈ ਕਿ ਲੋਕਾਂ ਤੋਂ ਸੰਪਰਕ ਸੂਚਨਾ ਇਕੱਠੀ ਕਰਨ ਲਈ ਇਨ੍ਹਾਂ ਦੋਸ਼ੀਆਂ ਨੇ ਨਕਲੀ ਮੈਡੀਕਲ ਇਸ਼ਤਿਹਾਰ ਛਪਵਾਏ ਸਨ। ਉਨ੍ਹਾਂ ਨੇ ਲੋਕਾਂ ਨਾਲ ਮੋਬਾਈਲ ਜਾਂ ਸੋਸ਼ਲ ਨੈੱਟਵਰਕਿੰਗ ਰਾਹੀਂ ਸੰਪਰਕ ਕੀਤਾ। ਰਿਸ਼ਤੇਦਾਰਾਂ ਜਾਂ ਮੈਡੀਕਲ ਸਟਾਫ ਦੇ ਵਿਦਿਆਰਥੀ ਹੋਣ ਦਾ ਨਾਟਕ ਕੀਤਾ ਅਤੇ ਉਨ੍ਹਾਂ ਨੂੰ ਨਕਲੀ ਹੇਲਥਕੇਅਰ ਜਾਂ ਖੁਰਾਕ ਉਤਪਾਦਾਂ ਨੂੰ ਖਰੀਦਣ ਦਾ ਭਰੋਸਾ ਦਿੱਤਾ। ਮੱਧ ਜੂਨ ਤੋਂ ਨਵੰਬਰ 2016 ਤੱਕ 8900 ਤੋਂ ਵੱਧ ਲੋਕਾਂ ਨੂੰ ਠੱਗਿਆ ਗਿਆ ਅਤੇ ਕਰੀਬ 1.6 ਮਿਲੀਅਨ ਡਾਲਰ ਤੋਂ ਵੱਧ ਧੋਖਾਧੜੀ ਕੀਤੀ ਗਈ। ਅੱਜ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ 3 ਦੋਸ਼ੀਆਂ ਨੂੰ 11 ਤੋਂ 13 ਸਾਲ ਦੀ ਸਜ਼ਾ ਸੁਣਾਈ ਅਤੇ 82 ਦੋਸ਼ੀਆਂ ਨੂੰ 1 ਤੋਂ 6 ਸਾਲ ਤੱਕ ਦੀ ਜੇਲ ਦੀ ਸਜ਼ਾ ਦਿੱਤੀ ਹੈ।