ਚੀਨ-ਪਾਕਿ ਕਾਰੀਡੋਰ ਦਾ ਕਸ਼ਮੀਰ ਨਾਲ ਵਾਸਤਾ ਨਹੀਂ: ਵਾਂਗ ਯੇਈ

wang yi
ਬੀਜਿੰਗ, 19 ਅਪ੍ਰੈਲ (ਪੋਸਟ ਬਿਊਰੋ)- ਚੀਨ ਮਹੱਤਵ ਪੂਰਨ ‘ਵੰਨ ਬੈਲਟ ਵੰਨ ਰੋਡ’ ਯੋਜਨਾ ਉੱਤੇ ਅਗਲੇ ਮਹੀਨੇ ਵਿਸ਼ਵ ਪੱਧਰੀ ਸੰਮੇਲਨ ਆਯੋਜਤ ਕਰਨ ਜਾ ਰਿਹਾ ਹੈ, ਜਿਸ ਵਿੱਚ 110 ਦੇਸ਼ ਸ਼ਾਮਲ ਹੋਣਗੇ। ਚਾਈਨਾ-ਪਾਕਿਸਤਾਨ ਇਕੋਨੋਮਿਕ ਕਾਰੀਡੋਰ (ਸੀਪੈਕ) ਪ੍ਰੋਜੈਕਟ ਵਨ ਬੈਲਟ ਵਨ ਰੋਡ (ਓ ਬੀ ਓ ਆਰ) ਦਾ ਹੀ ਹਿੱਸਾ ਹੈ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੋਂ ਲੰਘਣ ਦੇ ਕਾਰਨ ਭਾਰਤ ਸ਼ੁਰੂ ਤੋੋਂ ਹੀ ਵਿਰੋਧ ਕਰਦਾ ਰਿਹਾ ਹੈ।
ਚੀਨ ਨੇ ਇਸ ਪ੍ਰੋਜੈਕਟ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਦਾ ਕਸ਼ਮੀਰ ਮਸਲੇ ਨਾਲ ਸਿੱਧਾ ਸੰਬੰਧ ਨਹੀਂ ਹੈ, ਕਿਉਂਕਿ ਇਹ ਆਰਥਿਕ ਗਲਿਆਰਾ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੇਈ ਨੇ ਸੰਮੇਲਨ ਵਿੱਚ ਭਾਰਤੀ ਵਫਦ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ, ਚੀਨ ਓ ਬੀ ਓ ਆਰ ਪ੍ਰੋਜੈਕਟ ਦੇ ਨਿਰਮਾਣ ਵਿੱਚ ਭਾਰਤ ਦੀ ਭਾਈਵਾਲ ਦਾ ਸਵਾਗਤ ਕਰਦਾ ਹੈ। ਸੀ-ਪੈਕ ਆਰਥਿਕ ਗਲਿਆਰਾ ਹੈ ਤੇ ਆਰਥਿਕ ਹੀ ਰਹੇਗਾ। ਇਸ ਦਾ ਸਰਹੱਦੀ ਵਿਵਾਦ ਨਾਲ ਕੋਈ ਸੰਬੰਧ ਨਹੀਂ। ਸੀ-ਪੈਕ ਦੇ ਕੁਝ ਹਿੱਸੇ ਬਾਰੇ ਭਾਰਤ ਨੂੰ ਚਿੰਤਾ ਹੈ, ਪ੍ਰੰਤੂ ਇਹ ਵਿਵਾਦ ਆਰਥਿਕ ਗਲਿਆਰੇ ਜਾਂ ਆਰਥਿਕ ਸਰਗਰਮੀਆਂ ਦਾ ਨਤੀਜਾ ਨਹੀਂ। ਸੀ-ਪੈਕ ਦੇ ਕੁਝ ਖੇਤਰਾਂ ਵਿੱਚ ਜਾਰੀ ਰੇੜਕੇ ਨਾਲ ਕੋਈ ਲੈਣਾ ਦੇਣਾ ਨਹੀਂ। ਕਸ਼ਮੀਰ ਵਿਵਾਦ ‘ਤੇ ਚੀਨ ਦੇ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ।
ਚੀਨ ਨੇ ਬੰਗਲਾ ਦੇਸ਼, ਚੀਨ, ਭਾਰਤ, ਮੀਆਂਮਾਰ (ਬੀ ਸੀ ਆਈ ਐੱਮ) ਸਮੇਤ ਕਾਰੀਡੋਰ ਵਿੱਚ ਭਾਰਤ ਦੀ ਭਾਈਵਾਲੀ ਨੂੰ ਹਾਂ-ਪੱਖੀ ਤਰੀਕੇ ਨਾਲ ਲਿਆ ਹੈ।