ਚੀਨ ਨੇ ਪਹਿਲੀ ਵਾਰ ਤਿੱਬਤ ‘ਚ ਫੌਜੀ ਮਸ਼ਕਾਂ ਕੀਤੀਆਂ


ਬੀਜਿੰਗ, 30 ਜੂਨ (ਪੋਸਟ ਬਿਊਰੋ)- ਤਿੱਬਤ ਵਿੱਚ ਲੱਗੀ ਹੋਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐਲ ਏ) ਨੇ ਬੀਤੇ ਮੰਗਲਵਾਰ ਇਕ ਫੌਜੀ ਅਭਿਆਸ ਕੀਤਾ। ਇਸ ਵਿੱਚ ਚੀਨੀ ਫੌਜ ਨੇ ਆਪਣੀ ਰਸਦ ਸਪਲਾਈ, ਹਥਿਆਰਾਂ ਦੀ ਸਮਰੱਥਾ ਅਤੇ ਫੌਜੀ ਨਾਗਰਿਕ ਸਹਿਯੋਗ ਦੀ ਪਰਖ ਕੀਤੀ। ਭਾਰਤ ਚੀਨ ਵਿਚਾਲੇ ਡੋਕਲਾਮ ਤਣਾਅ ਤੋਂ ਬਾਅਦ ਤਿੱਬਤ ਵਿੱਚ ਇਹ ਚੀਨ ਦਾ ਪਹਿਲਾ ਫੌਜੀ ਅਭਿਆਸ ਹੈ।
ਚੀਨ ਦੇ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਨੇ ਇਸ ਦੀ ਖਬਰ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿੱਚ ਪਿਛਲੇ ਸਾਲ ਅਗਸਤ ਵਿੱਚ 4600 ਮੀਟਰ ਦੀ ਉਚਾਈ ਉਤੇ ਕੀਤੇ ਗਏ 13 ਘੰਟੇ ਦੇ ਅਭਿਆਸ ਦਾ ਵੀ ਜ਼ਿਕਰ ਹੈ। ਸਥਾਨਕ ਕੰਪਨੀਆਂ ਤੇ ਸਰਕਾਰ ਦੇ ਸਹਿਯੋਗ ਨਾਲ ਕੀਤੇ ਗਏ ਇਸ ਅਭਿਆਸ ਦੀ ਸ਼ਲਾਘਾ ਕਰਦੇ ਹੋਏ ਮਾਹਰਾਂ ਨੇ ਇਸ ਨੂੰ ਫੌਜੀ ਨਾਗਰਿਕ ਸਹਿਯੋਗ ਦੇ ਲਿਹਾਜ਼ ਨਾਲ ਬੇਹੱਦ ਮਹੱਤਵ ਪੂਰਨ ਕਰਾਰ ਦਿੱਤਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਤਿੱਬਤ ਵਿੱਚ ਹਾਲੇ ਵੀ ਦਲਾਈ ਲਾਮਾ ਦਾ ਕਾਫੀ ਪ੍ਰਭਾਵ ਹੈ।
ਵਰਨਣ ਯੋਗ ਹੈ ਕਿ ਕਵਿੰਗਹਾਈ-ਤਿੱਬਤ ਪਠਾਰ ਦੀ ਜਲਵਾਯੂ ਭੂਗੋਲਿਕ ਸਥਿਤੀ ਤੋਂ ਕਾਫੀ ਮੁਸ਼ਕਿਲ ਹੈ। ਰਸਦ ਸਪਲਾਈ ਵਿਭਾਗ ਦੇ ਕਮਾਂਡ ਮੁਖੀ ਝਾਂਗ ਵੇਨਲਾਂਗ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਫੌਜੀਆਂ ਨੂੰ ਰਸਦ ਅਤੇ ਹਥਿਆਰਾਂ ਦੀ ਸਪਲਾਈ ਕਰਨਾ ਬੇਹੱਦ ਮੁਸ਼ਕਿਲ ਰਿਹਾ ਹੈ। ਇਸ ਮੁਸ਼ਕਲ ਦੇ ਹੱਲ ਲਈ ਪੀ ਐਲ ਏ ਨੇ ਫੌਜੀ ਨਾਗਰਿਕ ਸਹਿਯੋਗ ਦੀ ਰਣਨੀਤੀ ਅਪਣਾਈ ਅਤੇ ਲਗਾਤਾਰ ਆਪਣੀ ਰਸਦ ਸਪਲਾਈ ਸਮਰੱਥਾ ਨੂੰ ਉਨਤ ਕੀਤਾ ਹੈ। ਫੌਜੀ ਅਭਿਆਸ ਵੇਲੇ ਜਦੋਂ ਫੌਜ ਦੀ ਹਥਿਆਰਬੰਦ ਯੂਨਿਟ ਕੋਲ ਤੇਲ ਖਤਮ ਹੋ ਗਿਆ ਤਾਂ ਸਥਾਨਕ ਪੈਟਰੋਲੀਅਮ ਕੰਪਨੀਆਂ ਨੇ ਤੁਰੰਤ ਉਨ੍ਹਾਂ ਨੂੰ ਇਸ ਦੀ ਸਪਲਾਈ ਦਿੱਤੀ। ਇਸੇ ਤਰ੍ਹਾਂ ਲਹਾਸਾ ਦੀ ਸਥਾਨਕ ਸਰਕਾਰ ਨੇ ਦਿਨ ਭਰ ਦੇ ਫੌਜੀ ਅਭਿਆਸ ਤੋਂ ਬਾਅਦ ਫੌਜੀਆਂ ਨੂੰ ਤੁਰੰਤ ਭੋਜਨ ਦੀ ਸਪਲਾਈ ਕੀਤੀ। ਫੌਜੀ ਮਾਹਰ ਸੋਂਗ ਝੋਂਗਪਿੰਗ ਨੇ ‘ਗਲੋਬਲ ਟਾਈਮਜ਼’ ਨੂੰ ਕਿਹਾ, ‘ਬਹੁਤ ਉਚਾਈ ਵਾਲੇ ਇਲਾਕਿਆਂ ਵਿੱਚ ਲੜਾਈ ਦੌਰਾਨ ਸਭ ਤੋਂ ਵੱਡੀ ਚੁਣੌਤੀ ਰਸਦ ਅਤੇ ਹਥਿਆਰਾਂ ਦੀ ਸਪਲਾਈ ਨੂੰ ਲਗਾਤਾਰ ਬਣਾਏ ਰੱਖਣ ਦੀ ਹੁੰਦੀ ਹੈ।