ਚੀਨ ਨੇ ਨਵੀਂ ਚਾਲ ਹੇਠ ਅਰੁਣਾਚਲ ਪ੍ਰਦੇਸ਼ ਦੇ ਛੇ ਥਾਂਵਾਂ ਦੇ ਨਾਮ ਵੀ ਬਦਲ ਦਿੱਤੇ

china
ਬੀਜਿੰਗ, 20 ਅਪ੍ਰੈਲ (ਪੋਸਟ ਬਿਊਰੋ)- ਪਿਛਲੇ ਦਿਨੀਂ ਦਲਾਈ ਲਾਮਾ ਦੇ ਅਰੁਣਾਚਲ ਪ੍ਰਦੇਸ਼ ਦੌਰੇ ਤੋਂ ਬੌਖਲਾਏ ਹੋਏ ਚੀਨ ਨੇ ਭਾਰਤ ਨੂੰ ਆਪਣਾ ਰੋਸ ਵਿਖਾਉਣ ਦੇ ਕੁਝ ਦਿਨ ਬਾਅਦ ਅਰੁਣਾਚਲ ਪ੍ਰਦੇਸ਼ ਦੇ ਛੇ ਥਾਂਵਾਂ ਦੇ ਆਧਿਕਾਰਤ ਚੀਨੀ ਨਾਮ ਐਲਾਨ ਕੀਤੇ ਹਨ। ਪਹਿਲੀ ਵਾਰ ਇਹ ਕਦਮ ਚੁੱਕਦੇ ਹੋਏ ਚੀਨ ਨੇ ਇਨ੍ਹਾਂ ਨਾਵਾਂ ਨੂੰ ਤਿੱਬਤ, ਰੋਮਨ ਅਤੇ ਚੀਨ ਦੀ ਲਿੱਪੀ ਦੇ ਅੱਖਰਾਂ ਨਾਲ ਸਟੈਂਡਰਡਾਈਜ਼ ਕੀਤਾ ਹੈ।
ਚੀਨੀ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਉਸ ਦੇਸ਼ ਦਾ ਉਦੇਸ਼ ਇਥੇ ਚੀਨ ਦੇ ਦਾਅਵੇ ਨੂੰ ਪੱਕੇ ਕਰਨਾ ਹੈ। ਭਾਰਤ ਦੇ ਇਸ ਰਾਜ ਨੂੰ ਚੀਨ ਆਪਣਾ ‘ਦੱਖਣੀ ਤਿੱਬਤ’ ਕਹਿੰਦਾ ਹੈ। ਇਸ ਰਾਜ ਦੇ ਬਦਲੇ ਨਾਂਅ ਵਾਲੇ ਛੇ ਸਥਾਨਾਂ ਦੇ ਨਾਮ ਵੋਗੇਲਿੰਗ, ਮਿਲਾ ਰੀ, ਕੋਈਦਰੇਗਾਰਬੋ ਰੀ, ਮੇਨਕੂ ਕਾ, ਬੂਮੋ ਲਾ ਅਤੇ ਨਮਕਾਪਬ ਰੀ ਰੱਖੇ ਗਏ ਹੈ। ਹੁਣ ਚੀਨ ਦੀ ਸਰਕਾਰੀ ਮੀਡੀਆ ‘ਗਲੋਬਲ ਟਾਈਮਜ਼’ ਨੇ ਇਨ੍ਹਾਂ ਛੇ ਸਥਾਨਾਂ ਨੂੰ ਨਵਾਂ ਨਾਮ ਦੇਣ ਦੇ ਨਾਲ ਕਿਹਾ ਹੈ ਕਿ ‘ਭਾਰਤ ਨੂੰ ਇਸ ਖੇਤਰ ਦੀ ਪ੍ਰਭੂਸੱਤਾ ਦਿਖਾਉਣ ਲਈ ਇਹ ਨਾਮ ਬਦਲੇ ਗਏ ਹਨ।’ ਚੀਨ ਸਰਕਾਰ ਦੇ ਮੁਤਾਬਕ ਨਵੇਂ ਨਾਮ ਵਾਲੇ ਇਨ੍ਹਾਂ ਇਲਾਕਿਆਂ ਦਾ ਤਿੱਬਤ ਖੁਦਮੁਖਤਾਰ ਖੇਤਰ (ਟੀ ਏ ਆਰ) ਨਾਲ ਬੌਧਿਕ ਸੰਬੰਧ ਹਨ। ਸਰਕਾਰੀ ਚੀਨੀ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ।
‘ਗਲੋਬਲ ਟਾਈਮਜ਼’ ਨੇ ਦੱਸਿਆ ਕਿ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਇਹ ਐਲਾਨ 14 ਅਪ੍ਰੈਲ ਨੂੰ ਕੀਤਾ ਸੀ। ਚੀਨ ਨੇ ਜਿਨ੍ਹਾਂ ਛੇ ਇਲਾਕਿਆਂ ਦਾ ਨਾਮਕਰਨ ਕੀਤਾ ਗਿਆ ਹੈ, ਉਨ੍ਹਾਂ ਨੂੰ ਉਸ ਨੇ ਆਪਣਾ ਹਿੱਸਾ ਮੰਨਦੇ ਹੋਏ ਕਿਹਾ ਹੈ ਕਿ ਇਸ ਵਿੱਚੋਂ ਕੁਝ ਖੇਤਰਾਂ ਦਾ ਕੰਟਰੋਲ ਭਾਰਤ ਵੱਲੋਂ ਕੀਤਾ ਜਾਂਦਾ ਹੈ। ਇਨ੍ਹਾਂ ਛੇ ਥਾਂਵਾਂ ਨੂੰ ਨਵਾਂ ਨਾਮ ਦੇਣ ਦੀ ਜਾਣਕਾਰੀ ਉਸ ਵੇਲੇ ਜ਼ਾਹਰ ਹੋਈ ਹੈ, ਜਦ ਇਕ ਦਿਨ ਪਹਿਲਾਂ ਭਾਰਤ ਨੇ ਦਲਾਈ ਲਾਮਾ ਦੇ ਮੁੱਦੇ ‘ਤੇ ਚੀਨ ਨੂੰ ਖਾਮੋਸ ਰਹਿਣ ਦੀ ਨਸੀਹਤ ਦਿੱਤੀ ਸੀ।