ਚੀਨ ਨੇ ਘੱਟ ਉੱਚਾਈ ਤੋਂ ਹਮਲੇ ਕਰਨ ਵਾਲਾ ਹੈਲੀਕਾਪਟਰ ਬਣਾ ਲਿਆ

attack helicopter china
ਬੀਜਿੰਗ, 18 ਮਈ (ਪੋਸਟ ਬਿਊਰੋ)- ਦੁਨੀਆ ਦੀ ਮਹਾ ਸ਼ਕਤੀ ਬਣਨ ਲਈ ਯਤਨਸ਼ੀਲ ਚੀਨ ਨੇ ਹੁਣ ਇੱਕ ਅਟੈਕ ਹੈਲੀਕਾਪਟਰ ਬਣਾ ਕੇ ਦੁਨੀਆ ਨੂੰ ਵਿਖਾ ਦਿੱਤਾ ਹੈ। ਮਾਹਿਰਾਂ ਦੇ ਅਨੁਸਾਰ ਚੀਨ ਨੇ ਬਰਾਮਦ ਸਬੰਧੀ ਮੰਗ ਨੂੰ ਵੇਖਦੇ ਹੋਏ ਇਸ ਹੈਲੀਕਾਪਟਰ ਦਾ ਵਿਕਾਸ ਕੀਤਾ ਹੈ, ਜਿਹੜਾ ਹੋਰ ਦੇਸ਼ਾਂ ਦੇ ਬਣਾਏ ਹੈਲੀਕਾਪਟਰ ਦੇ ਮੁਕਾਬਲੇ ਵਿੱਚ ਬੜਾ ਸਸਤਾ ਹੋਏਗਾ। ਚੀਨ ਦੀ ਫ਼ੌਜ ਨੂੰ ਵੀ ਵੱਡੀ ਗਿਣਤੀ ਵਿੱਚ ਇਸ ਤਰ੍ਹਾਂ ਦੇ ਹੈਲੀਕਾਪਟਰਾਂ ਦੀ ਲੋੜ ਹੈ।
ਚੀਨ ਦਾ ਜ਼ੈੱਡ-19 ਈ ਨਾਂਅ ਦਾ ਇਹ ਹੈਲੀਕਾਪਟਰ ਸਰਕਾਰ ਦੀ ਮਾਲਕੀ ਵਾਲੀ ਕੰਪਨੀ ਏ ਵੀ ਆਈ ਸੀ ਹਾਰਬਿਨ ਏਅਰਕ੍ਰਾਫਟ ਇੰਡਸਟਰੀਜ਼ ਨੇ ਬਣਾਇਆ ਹੈ। ਪਰਖ ਦੇ ਲਈ ਵੀਰਵਾਰ ਨੂੰ ਹਾਰਬਿਨ ਸ਼ਹਿਰ ਦੇ ਆਕਾਸ਼ ਉੱਤੇ ਇਹ ਹੈਲੀਕਾਪਟਰ ਕਾਫ਼ੀ ਦੇਰ ਤਕ ਉਡਾਇਆ ਗਿਆ। ਉੱਡਦਾ ਹੈਲੀਕਾਪਟਰ ਟੈਲੀਵਿਜ਼ਨ ਉੱਤੇ ਵਿਖਾਇਆ ਗਿਆ ਅਤੇ ਇਸ ਨੂੰ ਚੀਨ ਦੀ ਵਧਦੀ ਹੋਈ ਤਾਕਤ ਦੇ ਤੌਰ ਉੱਤੇ ਪ੍ਰਦਰਸ਼ਿਤ ਕੀਤਾ ਗਿਆ।
ਖ਼ਬਰ ਏਜੰਸੀ ਦੇ ਅਨੁਸਾਰ ਪਤਲੇ ਆਕਾਰ ਦਾ ਇਹ ਹੈਲੀਕਾਪਟਰ ਜਲਦੀ ਸਪੀਡ ਫੜ ਲੈਂਦਾ ਹੈ ਤੇ ਇਸ ਨੂੰ ਦੂਸਰੇ ਦੇਸ਼ਾਂ ਦੀਆਂ ਲੋੜਾਂ ਦਾ ਧਿਆ ਰੱਖ ਕੇ ਬਣਾਇਆ ਗਿਆ ਹੈ। ਇਹ ਖ਼ਾਸ ਤੌਰ ਉੱਤੇ ਹਮਲੇ ਦੇ ਲਈ ਬਣਾਇਆ ਗਿਆ ਹੈ। ਡਿਪਟੀ ਚੀਫ਼ ਡਿਜ਼ਾਈਨਰ ਲੀ ਸ਼ੇਂਗਵੇਈ ਅਨੁਸਾਰ ਇਹ ਹੈਲੀਕਾਪਟਰ ਯੁੱਧ ਦੇ ਮੈਦਾਨ ਵਿੱਚ ਸਹਾਇਤਾ ਪੁਚਾਉਣ, ਅੱਤਵਾਦ ਦੇ ਕੇਸਾਂ ਅਤੇ ਡਰੱਗ ਸਮੱਗਲਰਾਂ ਦੇ ਖ਼ਿਲਾਫ਼ ਕਾਰਵਾਈ ਵਿੱਚ ਲਾਭਕਾਰੀ ਸਾਬਿਤ ਹੋਏਗਾ। ਇਹ ਟੈਂਕ ਤੇ ਜ਼ਮੀਨੀ ਲੜਾਈ ਦੇ ਹਥਿਆਰਾਂ ਉੱਤੇ ਕਾਫ਼ੀ ਹੇਠਾਂ ਜਾ ਕੇ ਹਮਲਾ ਕਰ ਸਕਦਾ ਹੈ। ਇਸ ਵਿੱਚ ਦੋ ਪਾਇਲਟਾਂ ਦੇ ਬੈਠਣ ਦੀ ਥਾਂ ਹੈ ਅਤੇ ਉਹ ਦੋਵੇਂ ਹੀ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੋਣਗੇ। ਚੀਨ ਨੇ ਪਿਛਲੇ ਕੁਝ ਸਾਲਾਂ ਵਿੱਚ ਫੌਜੀ ਲੋੜਾਂ ਉੱਤੇ ਚੋਖਾ ਕੰਮ ਕੀਤਾ ਹੈ। ਰਾਡਾਰ ਦੀ ਪਕੜ ਵਿੱਚ ਨਾ ਆਉਣ ਵਾਲਾ ਸਟੀਲਥ ਫਾਈਟਰ ਜੈੱਟ ਅਤੇ ਸਮੁੰਦਰੀ ਬੇੜਾ ਵੀ ਚੀਨ ਨੇ ਤਿਆਰ ਕੀਤਾ ਹੈ, ਜਿਸ ਤੋਂ ਜਹਾਜ਼ ਵੀ ਉਡਾਣ ਭਰ ਸਕਦੇ ਹਨ।