ਚੀਨ ਨੇ ਕਿਹਾ: ਬ੍ਰਹਮਪੁੱਤਰ ਬਾਰੇ ਡਾਟਾ ਹਾਲ ਦੀ ਘੜੀ ਭਾਰਤ ਨਾਲ ਸਾਂਝਾ ਨਹੀਂ ਕਰਨਾ

ਵਿਦੇਸ਼ ਮੰਤਰੀ ਦੇ ਬੁਲਾਰੇ ਗੇਂਗ ਸੁਆਂਗ

ਵਿਦੇਸ਼ ਮੰਤਰੀ ਦੇ ਬੁਲਾਰੇ ਗੇਂਗ ਸੁਆਂਗ

ਬੀਜਿੰਗ, 12 ਸਤੰਬਰ (ਪੋਸਟ ਬਿਊਰੋ)- ਚੀਨ ਨੇ ਅੱਜ ਸਾਫ ਕਿਹਾ ਕਿ ਉਹ ਬ੍ਰਹਮਪੁੱਤਰ ਨਦੀ ਦੇ ਪਾਣੀ ਨਾਲ ਸੰਬੰਧਤ ਵਿਸ਼ਲੇਸ਼ਣ ਹਾਲ ਦੀ ਘੜੀ ਭਾਰਤ ਨਾਲ ਸਾਂਝਾ ਨਹੀਂ ਕਰ ਸਕਦਾ, ਕਿਉਂਕਿ ਤਿੱਬਤ ਵਿੱਚ ਅੰਕੜਾ ਸਟੋਰੇਜ ਦੇ ਕੇਂਦਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਤਿੱਬਤ ਵਿੱਚ ਕੈਲਾਸ਼ ਅਤੇ ਮਾਨਸਰੋਵਰ ਆ ਰਹੇ ਭਾਰਤੀ ਤੀਰਥ ਯਾਤਰੀਆਂ ਲਈ ਸਿੱਕਮ ਦੇ ਨਾਥੁਲਾ ਦੱਰੇ ਨੂੰ ਫਿਰ ਖੋਲ੍ਹਣ ਵਾਸਤੇ ਭਾਰਤ ਨਾਲ ਗੱਲਬਾਤ ਜਾਰੀ ਰੱਖਣ ਨੂੰ ਤਿਆਰ ਹਨ। ਡੋਕਲਾਮ ਵਿਵਾਦ ਦੇ ਕਾਰਨ ਮੱਧ ਜੂਨ ਵਿੱਚ ਇਹ ਗੱਲਬਾਤ ਬੰਦ ਕਰ ਦਿੱਤੀ ਗਈ ਸੀ।
ਅੱਜ ਏਥੇ ਚੀਨ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਗੇਂਗ ਸੁਆਂਗ ਨੇ ਮੀਡੀਆ ਕਰਮੀਆਂ ਨੂੰ ਕਿਹਾ ਕਿ ਲੰਬੇ ਸਮੇਂ ਤੱਕ ਅਸੀਂ ਭਾਰਤ ਨਾਲ ਨਦੀ ਦੇ ਅੰਕੜੇ ਉੱਤੇ ਸਹਿਯੋਗ ਕੀਤਾ ਹੈ, ਪਰ ਚੀਨ ਵਿੱਚ ਸਬੰਧਤ ਸਟੇਸ਼ਨ ਨੂੰ ਅਪਡੇਟ ਕਰਨ ਨੂੰ ਲੈ ਕੇ ਹਾਲ ਦੀ ਘੜੀ ਅਸੀਂ ਇਸ ਸਥਿਤੀ ਵਿੱਚ ਨਹੀਂ ਕਿ ਨਦੀ ਦੇ ਸਬੰਧਤ ਅੰਕੜੇ ਜੁਟਾ ਸਕੀਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੀਨ ਇਹ ਅੰਕੜੇ ਕਦੋਂ ਦੇਵੇਗਾ, ਜੋ ਡੋਕਲਾਮ ਵਿਵਾਦ ਕਾਰਨ ਦੇਣੇ ਬੰਦ ਕਰ ਦਿੱਤੇ ਸਨ, ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਉੱਤੇ ਬਾਅਦ ਵਿੱਚ ਵਿਚਾਰ ਕਰਾਂਗੇ। ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਨੂੰ ਜਲਵਾਯੂ ਡੇਟਾ ਸਾਂਝਾ ਨਾ ਕਰਨ ਬਾਰੇ ਸੂਚਨਾ ਦੇ ਦਿੱਤੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਭਾਰਤ ਇਸ ਤੋਂ ਵਾਕਿਫ ਹੈ।
18 ਅਗਸਤ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਪਹਿਲਾਂ ਹੀ ਸਾਲ 2006 ਵਿੱਚ ਸਥਾਪਿਤ ਮਾਹਰ ਪੱਧਰ ਦੀ ਪ੍ਰਣਾਲੀ ਹੈ ਅਤੇ ਦੋ ਅਜਿਹੇ ਸਹਿਮਤੀ ਪੱਤਰ ਹਨ, ਜਿਨ੍ਹਾਂ ਹੇਠ ਚੀਨ ਤੋਂ 15 ਮਈ-15 ਜੂਨ ਦੇ ਹੜ੍ਹ ਦੇ ਸੀਜ਼ਨ ਮੌਕੇ ਸਤਲੁਜ ਤੇ ਬ੍ਰਹਿਮਪੁੱਤਰ ਨਦੀਆਂ ਦੇ ਜਲਵਾਯੂ ਡਾਟਾ ਸਾਂਝਾ ਕਰਨ ਦੀ ਆਸ ਕੀਤੀ ਜਾਂਦੀ ਹੈ। ਕੁਮਾਰ ਨੇ ਕਿਹਾ ਸੀ ਕਿ ਇਸ ਸਾਲ ਸਾਨੂੰ ਚੀਨੀ ਧਿਰ ਤੋਂ ਕੋਈ ਜਲਵਾਯੂ ਡਾਟਾ ਨਹੀਂ ਮਿਲਿਆ।