ਚੀਨ ਨੂੰ ਨਦੀ ਵਿੱਚ ਤਿੰਨ ਸਦੀਆਂ ਪਹਿਲਾਂ ਡੁੱਬਾ ਖਜ਼ਾਨਾ ਮਿਲਿਆ

chinda river
ਬੀਜਿੰਗ, 20 ਮਾਰਚ (ਪੋਸਟ ਬਿਊਰੋ)- ਚੀਨੀ ਪੁਰਾਤਤਵ ਮਾਹਰਾਂ ਨੂੰ ਦੱਖਣ-ਪੱਛਮੀ ਸੂਬੇ ਸਿਚੁਆਨ ਦੀ ਨਦੀ ਵਿੱਚ 300 ਸਾਲ ਪਹਿਲਾਂ ਡੁੱਬਾ ਖ਼ਜ਼ਾਨਾ ਮਿਲਿਆ ਹੈ। ਇਸ ਵਿੱਚ ਸੋਨੇ ਤੇ ਚਾਂਦੀ ਦੀਆਂ ਦਸ ਹਜ਼ਾਰ ਤੋਂ ਵੱਧ ਚੀਜ਼ਾਂ ਹਨ।
ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਸੂਬਾਈ ਸੱਭਿਆਚਾਰਕ ਨਿਸ਼ਾਨੀਆਂ ਤੇ ਪੁਰਾਤਤਵ ਸੋਧ ਸੰਸਥਾਵਾਂ ਦੇ ਡਾਇਰੈਕਟਰ ਗਾਓ ਡਾਲੂਨ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਵਸਤਾਂ ਵਿੱਚ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਅਤੇ ਗਹਿਣਿਆਂ ਤੋਂ ਇਲਾਵਾ ਲੋਹੇ ਤੋਂ ਬਣੇ ਹਥਿਆਰ ਹਨ। ਇਨ੍ਹਾਂ ਹਥਿਆਰਾਂ ਵਿੱਚ ਤਲਵਾਰ, ਚਾਕੂ ਅਤੇ ਭਾਲੇ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੇ ਬਰਤਨ ਵੀ ਪਾਏ ਗਏ ਹਨ। ਗਹਿਣਿਆਂ ਦਾ ਡਿਜ਼ਾਈਨ ਉਸ ਦੌਰ ਦੀ ਕਾਰੀਗਰੀ ਦੀ ਕੁਸ਼ਲਤਾ ਨੂੰ ਦਿਖਾਉਂਦਾ ਹੈ।
ਮਿੰਜਿਯਾਂਗ ਨਦੀ ਵਿੱਚ ਇਹ ਖੁਦਾਈ ਜਿਸ ਜਗ੍ਹਾ ਉੱਤੇ ਕੀਤੀ ਗਈ, ਉਹ ਸਿਚੁਆਨ ਦੀ ਰਾਜਧਾਨੀ ਚੇਂਗਦੂ ਤੋਂ 50 ਕਿਲੋਮੀਟਰ ਦੂਰ ਹੈ। ਇਥੇ ਖ਼ਜ਼ਾਨਾ ਖੋਜਣ ਦਾ ਕੰਮ ਇਸ ਸਾਲ ਜਨਵਰੀ ਵਿੱਚ ਸ਼ੁਰੂ ਹੋਇਆ ਤੇ ਅਪ੍ਰੈਲ ਤਕ ਚੱਲੇਗਾ। ਇਸ ਸਮੇਂ ਉਥੇ ਸੋਕੇ ਦਾ ਮੌਸਮ ਹੁੰਦਾ ਹੈ। ਪੁਰਾਤਤਵ ਮਾਹਰਾਂ ਨੂੰ ਹੋਰ ਚੀਜ਼ਾਂ ਮਿਲਣ ਦੀ ਆਸ ਹੈ। ਮੰਨਿਆ ਜਾਂਦਾ ਹੈ ਕਿ ਸਾਲ 1646 ਵਿੱਚ ਕਿਸਾਨ ਕਰਾਂਤੀ ਦੇ ਲੀਡਰ ਝਾਂਗ ਸ਼ਿਨਝੋਂਗ ਨੂੰ ਮਿੰਗ ਵੰਸ਼ ਦੇ ਫ਼ੌਜੀਆਂ ਨੂੰ ਉਸ ਸਮੇਂ ਹਰਾਇਆ ਗਿਆ ਸੀ, ਜਦ ਉਹ ਆਪਣਾ ਖਜ਼ਾਨਾ ਦੱਖਣ ਵੱਲ ਜਾ ਰਹੇ ਸਨ। ਕਰੀਬ ਇਕ ਹਜ਼ਾਰ ਕਿਸ਼ਤੀਆਂ ਉੱਤੇ ਲੱਦ ਕੇ ਲਿਜਾਏ ਜਾ ਰਹੇ ਸਿੱਕੇ ਤੇ ਕੀਮਤੀ ਵਸਤਾਂ ਲੜਾਈ ਦੌਰਾਨ ਨਦੀ ਵਿੱਚ ਡੁੱਬ ਗਈਆਂ ਸਨ।