ਚੀਨ ਦੇ ਸ਼ਾਪਿੰਗ ਮਾਲ ਵਿੱਚ ਚਾਕੂ ਨਾਲ ਹਮਲੇ ਕਾਰਨ ਇਕ ਮੌਤ, 12 ਜ਼ਖਮੀ


ਬੀਜਿੰਗ, 12 ਫਰਵਰੀ (ਪੋਸਟ ਬਿਊਰੋ)- ਚੀਨ ਦੀ ਰਾਜਧਾਨੀ ਬੀਜਿੰਗ ਦੇ ਮਾਲ ‘ਚ ਕੱਲ੍ਹ ਇਕ ਸਿਰਫਿਰੇ ਨੇ ਚਾਕੂ ਨਾਲ ਹਮਲਾ ਕਰਕੇ ਕਈ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਇਕ ਮਹਿਲਾ ਦੀ ਬਾਅਦ ‘ਚ ਹਸਪਤਾਲ ‘ਚ ਮੌਤ ਹੋ ਗਈ। ਹਮਲੇ ‘ਚ ਜ਼ਖਮੀ 12 ਵਿਅਕਤੀਆਂ ‘ਚ ਤਿੰਨ ਪੁਰਸ਼ ਤੇ ਨੌ ਔਰਤਾਂ ਹਨ।
ਪੁਲਸ ਦੇ ਦੱਸਣ ਅਨੁਸਾਰ 35 ਸਾਲਾਂ ਦੇ ਹਮਲਾਵਰ ਝੂ ਨੇ ਰਾਜਧਾਨੀ ਦੇ ਭੀੜ ਭੜੱਕੇ ਵਾਲੇ ਇਲਾਕੇ ਦੇ ਸ਼ਾਪਿੰਗ ਮਾਲ ‘ਚ ਦੁਪਹਿਰ ਕਰੀਬ ਇਕ ਵਜੇ ਅਚਾਨਕ ਲੋਕਾਂ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਝੂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ‘ਚ ਝੂ ਨੇ ਦੱਸਿਆ ਕਿ ਵਿਅਕਤੀਗਤ ਪਰੇਸ਼ਾਨੀਆਂ ਤੋਂ ਤੰਗ ਹੋ ਕੇ ਉਸ ਨੇ ਇਸ ਤਰ੍ਹਾਂ ਕੀਤਾ ਹੈ। ਚੀਨ ‘ਚ ਸਕੂਲ ਤੇ ਜਨਤਕ ਸਥਾਨਾਂ ‘ਤੇ ਚਾਕੂ ਨਾਲ ਹਮਲਾ ਕਰਨ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਹੋਰ ਦੇਸ਼ਾਂ ਦੇ ਮੁਕਾਬਲੇ ਹਾਲਾਂਕਿ ਚੀਨ ਵਿੱਚ ਹਿੰਸਕ ਘਟਨਾਵਾਂ ਘੱਟ ਹੁੰਦੀਆਂ ਹਨ, ਪਰ ਪਿਛਲੇ ਕੁਝ ਸਾਲਾਂ ‘ਚ ਚਾਕੂ ਅਤੇ ਕੁਹਾੜੀ ਨਾਲ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ। ਪਿਛਲੇ ਸਾਲ ਗੁਆਂਗਝੀ ਇਲਾਕੇ ਦੇ ਇਕ ਨਰਸਰੀ ਸਕੂਲ ਵਿੱਚ ਇਕ ਵਿਅਕਤੀ ਨੇ ਬਲੇਡ ਨਾਲ ਹਮਲਾ ਕਰਕੇ 11 ਬੱਚਿਆਂ ਨੂੰ ਜ਼ਖਮੀ ਕਰ ਦਿੱਤਾ ਸੀ। ਦੇਸ਼ ਵਿੱਚ ਵਧ ਰਹੀ ਆਬਾਦੀ ਤੇ ਰੁਜ਼ਗਾਰ ਦੇ ਤਣਾਅ ਕਾਰਨ ਲੋਕਾਂ ‘ਚ ਸਹਿਨਸ਼ੀਲਤਾ ਦਾ ਪੱਧਰ ਘੱਟ ਰਿਹਾ ਹੈ।