ਚੀਨ ਦੇ ਮੁਤਾਬਕ ਦਲਾਈ ਲਾਮਾ ਨੂੰ ਮਿਲਣਾ ਜਾਂ ਉਨ੍ਹਾਂ ਨੂੰ ਬੁਲਾਉਣਾ ਵੱਡਾ ਅਪਰਾਧ


ਬੀਜਿੰਗ, 22 ਅਕਤੂਬਰ (ਪੋਸਟ ਬਿਊਰੋ)- ਬੋਧੀਆਂ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨਾਲ ਮੁਲਾਕਾਤ ਦੇ ਸਵਾਲ ‘ਤੇ ਚੀਨ ਨੇ ਇੱਕ ਵਾਰੀ ਫਿਰ ਤੋਂ ਦੁਨੀਆ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਹੈ ਕਿ ਜੇ ਕੋਈ ਦੇਸ਼ ਜਾਂ ਨੇਤਾ ਦਲਾਈ ਲਾਮਾ ਨੂੰ ਆਪਣੇ ਕੋਲ ਬੁਲਾਉਂਦਾ ਹੈ ਜਾਂ ਉਨ੍ਹਾਂ ਨਾਲ ਮੁਲਾਕਾਤ ਕਰਦਾ ਹੈ ਤਾਂ ਉਹ ਚੀਨ ਦੀ ਨਜ਼ਰ ਵਿੱਚ ਵੱਡਾ ਅਪਰਾਧ ਕਰੇਗਾ। ਚੀਨ ਨੇ ਕਿਹਾ ਕਿ ਉਹ ਦਲਾਈ ਲਾਮਾ ਨੂੰ ਖਤਰਨਾਕ ਵੱਖਵਾਦੀ ਮੰਨਦਾ ਹੈ, ਜੋ ਤਿੱਬਤ ਨੂੰ ਚੀਨ ਤੋਂ ਅਲੱਗ ਕਰਨਾ ਚਾਹੁੰਦਾ ਹੈ। ਦਲਾਈ ਲਾਮਾ ਨਾਲ ਦੁਨੀਆ ਦੇ ਨੇਤਾਵਾਂ ਦੀ ਮੁਲਾਕਾਤ ‘ਤੇ ਚੀਨ ਪਹਿਲਾਂ ਵੀ ਸਖਤ ਵਿਰੋਧ ਪ੍ਰਗਟਾਉਂਦਾ ਰਿਹਾ ਹੈ।
ਨੋਬਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਦਲਾਈ ਲਾਮਾ ਨੇ ਸੰਨ 1959 ਵਿੱਚ ਤਿੱਬਤ ਤੋਂ ਭੱਜ ਕੇ ਭਾਰਤ ਵਿੱਚ ਸ਼ਰਨ ਲਈ ਸੀ ਅਤੇ ਤਦ ਤੋਂ ਇਥੇ ਜਲਾਵਤਨੀ ‘ਚ ਹਨ। ਦਲਾਈ ਲਾਮਾ ਦੇ ਸਵਾਲ ‘ਤੇ ਚੀਨ ਹਮੇਸ਼ਾ ਤੋਂ ਭਾਰਤ ਦੇ ਰੁਖ਼ ਦਾ ਵਿਰੋਧੀ ਰਿਹਾ ਹੈ। ਦੁਨੀਆ ਵਿੱਚ ਜਿੱਥੇ ਕਿਤੇ ਦਲਾਈ ਲਾਮਾ ਜਾਂਦੇ ਹਨ, ਚੀਨ ਉਨ੍ਹਾਂ ਦੀ ਯਾਤਰਾ ਦਾ ਵਿਰੋਧ ਕਰਦਾ ਹੈ। ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਦੇ ਕਾਰਜਕਾਰੀ ਉਪ ਮੰਤਰੀ ਝਾਂਗ ਇੰਜੀਓਂਗ ਮੁਤਾਬਕ ਦਲਾਈ ਲਾਮਾ ਨੂੰ ਮਿਲਣ ਜਾਂ ਉਨ੍ਹਾਂ ਨੂੰ ਸੱਦਾ ਦੇਣ ਵਾਲੇ ਵਿਅਕਤੀ ਜਾਂ ਦੇਸ਼ ਨੂੰ ਅਸੀਂ ਚੀਨੀ ਲੋਕਾਂ ਦੀਆਂ ਭਵਨਾਵਾਂ ਦਾ ਵਿਰੋਧੀ ਮੰਨਦੇ ਹਾਂ। ਝਾਂਗ ਨੇ ਇਹ ਗੱਲ ਕਮਿਊਨਿਸਟ ਪਾਰਟੀ ਦੇ ਇਜਲਾਸ ਤੋਂ ਅਲੱਗ ਕਹੀ ਹੈ। ਇਜੀਓਂਗ ਨੇ ਕਿਹਾ ਕਿ 14ਵੇਂ ਦਲਾਈ ਲਾਮਾ ਧਰਮ ਦੇ ਨਾਂਅ ‘ਤੇ ਸਿਆਸਤ ਕਰ ਰਹੇ ਹਨ। ਭਾਰਤ ਦਾ ਨਾਂਅ ਲਏ ਬਗੈਰ ਉਨ੍ਹਾਂ ਕਿਹਾ ਕਿ 1959 ‘ਚ ਇੱਕ ਹੋਰ ਦੇਸ਼ ਦੀ ਹਮਾਇਤ ਨਾਲ ਦਲਾਈ ਲਾਮਾ ਨੇ ਤਿੱਬਤ ਦੀ ਜਲਾਵਤਨੀ ਸਰਕਾਰ ਗਠਿਤ ਕਰ ਲਈ। ਇਹ ਜਲਾਵਤਨ ਤਿੱਬਤ ਨੂੰ ਚੀਨ ਤੋਂ ਅਲੱਗ ਕਰਨ ਦੇ ਇੱਕੋ ਇੱਕ ਟੀਚੇ ‘ਤੇ ਕੰਮ ਕਰ ਰਹੀ ਹੈ। ਕਮਿਊਨਿਸਟ ਨੇਤਾ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਜ਼ਿੰਮੇਵਾਰ ਸਰਕਾਰ ਦਲਾਈ ਲਾਮਾ ਅਤੇ ਉਨ੍ਹਾਂ ਦੀ ਜਲਾਵਤਨੀ ਸਰਕਾਰ ਨੂੰ ਮਾਨਤਾ ਨਹੀਂ ਦਿੰਦੀ, ਪਰ ਕੁਝ ਦੇਸ਼ ਇਸ ਤਰ੍ਹਾਂ ਨਾ ਕਰ ਕੇ ਚੀਨ ਦੇ ਲੋਕਾਂ ਦੀ ਭਾਵਨਾ ਨੂੰ ਦੁਖੀ ਕਰਦੇ ਹਨ।