ਚੀਨ ਦੀ ਨਵੀਂ ਕੈਬਨਿਟ ਵਿੱਚ ਜਿਨਪਿੰਗ ਦੇ ਨਿੱਜੀ ਨੇੜਲਿਆਂ ਨੂੰ ਵਧੇਰੇ ਥਾਂ ਮਿਲੀ


ਬੀਜਿੰਗ, 19 ਮਾਰਚ (ਪੋਸਟ ਬਿਊਰੋ)- ਚੀਨ ਵਿੱਚ ਨਵੇਂ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਸ ਨਵੇਂ ਫੇਰਬਦਲ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨੇੜਲੇ ਲੋਕਾਂ ਨੂੰ ਵਧੇਰੇ ਥਾਂ ਮਿਲੀ ਹੈ।
ਵਰਨਣ ਯੋਗ ਹੈ ਕਿ ਚੀਨ ਦੀ ਪਾਰਲੀਮੈਂਟ ਨੇ ਚਾਰ ਉਪ ਪ੍ਰਧਾਨ ਮੰਤਰੀਆਂ ਸਮੇਤ ਰੱਖਿਆ ਮੰਤਰੀ ਤੇ ਹੋਰ ਮੁੱਖ ਅਧਿਕਾਰੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਮੰਤਰੀ ਵਾਂਗ ਯੀ ਦਾ ਕੱਦ ਹੋਰ ਵਧਾ ਕੇ ਉਨ੍ਹਾਂ ਨੂੰ ਸਟੇਟ ਕੌਂਸਲਰ ਬਣਾਇਆ ਗਿਆ ਹੈ। ਇਸ ਤਰੱਕੀ ਨਾਲ ਉਹ ਭਾਰਤ ਨਾਲ ਸਰਹੱਦੀ ਮੁੱਦਿਆਂ ਉੱਤੇ ਚੀਨ ਦੇ ਮੁੱਖ ਵਾਰਤਾਕਾਰ ਬਣ ਸਕਦੇ ਹਨ। ਚੀਨ ਦੇ ਪ੍ਰਧਾਨ ਮੰਤਰੀ ਲੀ ਕਛਯਾਂਗ ਨੇ ਕਈ ਨਿਯੁਕਤੀਆਂ ਦਾ ਪ੍ਰਸਤਾਵ ਰੱਖਿਆ ਸੀ। ਜਿਨਪਿੰਗ ਵੱਲੋਂ ਬਣਾਈ ਗਈ ਰਾਜਨੀਤਿਕ ਵਿਵਸਥਾ ਵਿੱਚ ਕਛਯਾਂਗ ਨੂੰ ਦੂਜੇ ਕਾਰਜਕਾਲ ਲਈ ਐਤਵਾਰ ਫਿਰ ਨਿਯੁਕਤ ਕੀਤਾ ਗਿਆ ਸੀ। ਸੋਮਵਾਰ ਨੂੰ ਹਾਨ ਝੌਂਗ, ਸੁਨ ਚੁਨਲਾਨ, ਹੂ ਚੁਨਹੁਆ ਅਤੇ ਲਿਓ ਹੇ ਨੂੰ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ। ਲਿਊ ਦੇ ਚੀਨ ਦੇ ਅਰਥਚਾਰਾ ਪ੫ਬੰਧਨ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਹੈ।
ਇਨ੍ਹਾਂ ਤੋਂ ਇਲਾਵਾ ਲੈਫਟੀਨੈਂਟ ਜਨਰਲ ਵੀ ਫੇਂਘੇ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਅਤੇ ਸਟੇਟ ਕੌਂਲਸਰ ਅਹੁਦੇ ਉੱਤੇ ਨਿਯੁਕਤੀ ਪਿੱਛੋਂ ਵਿਦੇਸ਼ ਮੰਤਰੀ ਵਾਂਗ ਯੀ ਚੀਨ ਦੇ ਮੁੱਖ ਡਿਪਲੋਮੈਟ ਬਣ ਗਏ ਹਨ। ਇਹ ਅਹੁਦਾ ਵਿਦੇਸ਼ ਮੰਤਰੀ ਤੋਂ ਉੱਪਰ ਹੁੰਦਾ ਹੈ। ਉਹ ਵਿਦੇਸ਼ ਮੰਤਰੀ ਵੀ ਰਹਿਣਗੇ। ਬੀਤੇ ਸਾਲਾਂ ਵਿੱਚ ਦੋਵੇਂ ਅਹੁਦੇ ਸੰਭਾਲਣ ਵਾਲੇ ਉਹ ਚੀਨ ਦੇ ਪਹਿਲੇ ਆਗੂ ਹੋਣਗੇ। ਉਨ੍ਹਾਂ ਨੂੰ ਯਾਂਗ ਜਿਆਚੀ ਦੇ ਸਥਾਨ ਉੱਤੇ ਸਟੇਟ ਕੌਂਸਲਰ ਬਣਾਇਆ ਗਿਆ ਹੈ, ਜੋ ਹਾਲੇ ਤਕ ਭਾਰਤ ਨਾਲ ਚੱਲਦੀ ਸਰਹੱਦੀ ਗੱਲਬਾਤ ਦੇ ਮੁੱਖ ਵਾਰਤਾਕਾਰ ਸਨ। ਇਸ ਤਰ੍ਹਾਂ ਯੀ ਨੂੰ ਮੁੱਖ ਵਾਰਤਾਕਾਰ ਦੀ ਭੂਮਿਕਾ ਵੀ ਸੌਂਪੀ ਜਾ ਸਕਦੀ ਹੈ। ਵਿਦੇਸ਼ ਮੰਤਰੀ ਯੀ ਨੇ ਪਿਛਲੇ ਦਿਨੀਂ ਆਪਣੇ ਸਾਲਾਨਾ ਪ੍ਰੈੱਸ ਕਾਨਫਰੰਸ ਵਿੱਚ ਭਾਰਤ ਬਾਰੇ ਨਰਮ ਤੇ ਸਾਕਰਾਤਮਕ ਰੁਖ਼ ਅਪਨਾਇਆ ਸੀ।