ਚੀਨੀ ਫ਼ੌਜ ਵੱਲੋਂ ਪਿਛਲੇ ਹਫਤੇ ਉੱਤਰਾਖੰਡ ਵਿੱਚ ਘੁਸਪੈਠ ਦੀ ਖਬਰ ਨਿਕਲੀ

chinese army
* ਸਰਕਾਰ ਨੇ ਕਿਹਾ: ਏਨਾ ਕੁ ਤਾਂ ਚੱਲਦਾ ਹੀ ਰਹਿੰਦੈ
ਨਵੀਂ ਦਿੱਲੀ, 31 ਜੁਲਾਈ, (ਪੋਸਟ ਬਿਊਰੋ)- ਸਿੱਕਮ ਅਤੇ ਲੱਦਾਖ਼ ਤੋਂ ਬਾਅਦ ਚੀਨ ਨੇ ਉੱਤਰਾਖੰਡ ਨਾਲ ਲੱਗਣ ਵਾਲੀ ਕੌਮਾਂਤਰੀ ਸਰਹੱਦ ਉਤੇ ਵੀ ਭਾਰਤੀ ਇਲਾਕੇ ਵਿੱਚ ਘੁਸਪੈਠ ਕਰ ਦਿੱਤੀ ਹੈ। ਪਛੜ ਕੇ ਮਿਲੀ ਖਬਰ ਮੁਤਾਬਕ ਜੁਲਾਈ ਵਿਚ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਟੀ ਇਲਾਕੇ ਵਿੱਚ ਚੀਨੀ ਫ਼ੌਜ ਦੇ ਦਸਤੇ ਦੋ ਵਾਰ ਕਰੀਬ ਇਕ ਕਿਲੋਮੀਟਰ ਤੱਕ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਏ ਤੇ ਉਥੇ ਪਸ਼ੂ ਚਾਰਦੇ ਚਰਵਾਹਿਆਂ ਨੂੰ ਧਮਕੀਆਂ ਦਿੱਤੀਆਂ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਏਦਾਂ ਦੀਆਂ ਘਟਨਾਵਾਂ ਨੂੰ ‘ਵਾਧੂ ਅਹਿਮੀਅਤ` ਨਹੀਂ ਦਿੱਤੀ ਜਾਣੀ ਚਾਹੀਦੀ।
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਇੰਡੋ ਤਿੱਬਤਨ ਬਾਰਡਰ ਪੁਲਸ (ਆਈ ਟੀ ਬੀ ਪੀ) ਦੇ ਸੂਤਰਾਂ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਖੁਲਾਸਾ ਕੀਤਾ ਕਿ ਇਹ ਘਟਨਾਵਾਂ ਬੀਤੀ 15 ਅਤੇ 25 ਜੁਲਾਈ ਨੂੰ ਵਾਪਰੀਆਂ ਸਨ ਤੇ ਚੀਨੀ ਫੌਜ (ਪੀ ਐਲ ਏ) ਦੇ 15-20 ਜਵਾਨਾਂ ਨੇ ਪਸ਼ੂ ਚਾਰਦੇ ਚਰਵਾਹਿਆਂ ਨੂੰ ਉਥੋਂ ਚਲੇ ਜਾਣ ਨੂੰ ਵੀ ਕਿਹਾ ਸੀ। ਇਹ ਘਟਨਾਵਾਂ ਸਿੱਕਮ ਵਿੱਚ ਡੋਕਲਾਮ ਇਲਾਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਜਾਰੀ ਰੇੜਕੇ ਦੇ ਬਾਅਦ ਵਾਪਰੀਆਂ ਹਨ। ਇੱਕ ਘਟਨਾ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ ਐਸ ਏ) ਅਜੀਤ ਡੋਵਾਲ ਦੇ ਚੀਨ ਵਿੱਚ ਬਰਿਕਸ ਦੇਸ਼ਾਂ ਦੇ ਐਨ ਐਸ ਏਜ਼ ਦੀ ਮੀਟਿੰਗ ਲਈ ਬੀਜਿੰਗ ਨੂੰ ਤੁਰਨ ਤੋਂ ਮਸਾਂ ਇਕ ਦਿਨ ਪਹਿਲਾਂ ਵਾਪਰੀ ਸੀ। ਮਿਲੀ ਜਾਣਕਾਰੀ ਮੁਤਾਬਕ ਭਾਰਤੀ ਦਸਤਿਆਂ ਵੱਲੋਂ ਇਤਰਾਜ਼ ਕੀਤੇ ਜਾਣ ਉੱਤੇ ਚੀਨੀ ਫੌਜੀ ਵਾਪਸ ਚਲੇ ਗਏ ਸਨ।
ਬਾਰਾਹੋਟੀ ਇਲਾਕਾ ਕਰੀਬ 80 ਵਰਗ ਕਿਲੋਮੀਟਰ ਦੀ ਇਕ ਢਲਾਣ ਵਾਲੀ ਚਰਾਂਦ ਹੈ, ਜੋ ਉੱਤਰਾਖੰਡਰ ਰਾਜ ਦੀ ਰਾਜਧਾਨੀ ਦੇਹਰਾਦੂਨ ਤੋਂ ਕਰੀਬ 140 ਕਿਲੋਮੀਟਰ ਦੂਰ ਹੈ। ਇਹ ਸਰਹੱਦ ਦੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ‘ਮਿਡਲ ਸੈਕਟਰ` ਦੀਆਂ ਤਿੰਨ ਸਰਹੱਦੀ ਚੌਕੀਆਂ ਵਿੱਚੋਂ ਇਕ ਹੈ। ਅਧਿਕਾਰੀਆਂ ਮੁਤਾਬਕ ਇਹ ਗ਼ੈਰ-ਫ਼ੌਜੀ ਇਲਾਕਾ ਹੈ, ਜਿਥੇ ਆਈ ਟੀ ਬੀ ਪੀੇ ਜਵਾਨਾਂ ਨੂੰ ਆਪਣੇ ਹਥਿਆਰ ਲਿਜਾਣ ਦੀ ਇਜਾਜ਼ਤ ਨਹੀਂ। ਇਸ ਇਲਾਕੇ ਨੂੰ 1958 ਵਿੱਚ ਭਾਰਤ ਤੇ ਚੀਨ ਨੇ ਵਿਵਾਦ ਗ੍ਰਸਤ ਐਲਾਨਿਆ ਸੀ, ਜਿਥੇ ਕੋਈ ਵੀ ਦੇਸ਼ ਆਪਣੀ ਫ਼ੌਜ ਨਹੀਂ ਭੇਜ ਸਕਦਾ।
ਵਰਨਣ ਯੋਗ ਹੈ ਕਿ 1962 ਦੀ ਜੰਗ ਮੌਕੇ ਵੀ ‘ਮਿਡਲ ਸੈਕਟਰ` ਵਿੱਚ ਅਮਨ ਰਿਹਾ ਸੀ ਅਤੇ ਚੀਨੀ ਫੌਜੀ ਇਸ ਖੇਤਰ ਵਿੱਚ ਦਾਖ਼ਲ ਨਹੀਂ ਸਨ ਹੋਏ। ਇਹ ਜੰਗ ਪੱਛਮੀ ਸੈਕਟਰ (ਲੱਦਾਖ਼) ਅਤੇ ਪੂਰਬੀ ਸੈਕਟਰ (ਅਰੁਣਾਚਲ ਪ੍ਰਦੇਸ਼) ਵਿੱਚ ਹੀ ਚੱਲਦੀ ਰਹੀ ਸੀ। ਜੰਗ ਤੋਂ ਬਾਅਦ ਆਈ ਟੀ ਬੀ ਪੀ ਜਵਾਨਾਂ ਨੂੰ ਇਸ ਇਲਾਕੇ ਵਿੱਚ ਹਥਿਆਰਾਂ ਸਣੇ ਗ਼ੈਰ-ਹਮਲਾਵਰ ਢੰਗ ਨਾਲ ਗਸ਼ਤ ਕਰਨ ਦੀ ਆਗਿਆ ਦਿੱਤੀ ਗਈ ਸੀ, ਭਾਵ ਇਸ ਸੀ ਕਿ ਉਨ੍ਹਾਂ ਨੂੰ ਬੰਦੂਕਾਂ ਦੀਆਂ ਨਾਲੀਆਂ ਜ਼ਮੀਨ ਵੱਲ ਰੱਖਣੀਆਂ ਹੁੰਦੀਆਂ ਹਨ। ਇਸ ਪਿੱਛੋਂ ਸਰਹੱਦੀ ਝਗੜਾ ਨਿਬੇੜਨ ਲਈ ਦੀਆਂ ਵਾਰਤਾਵਾਂ ਮੌਕੇ ਜੂਨ 2000 ਵਿੱਚ ਭਾਰਤ ਨੇ ਇਕਪਾਸੜ ਤੌਰ ਉੱਤੇ ਸਹਿਮਤੀ ਦਿੱਤੀ ਸੀ ਕਿ ਆਈ ਟੀ ਬੀ ਪੀ ਦਸਤੇ ਤਿੰਨ ਚੌਕੀਆਂ ਉਤੇ ਹਥਿਆਰ ਲੈ ਕੇ ਨਹੀਂ ਜਾਣਗੇ। ਇਨ੍ਹਾਂ ਵਿੱਚ ਬਾਰਾਹੋਟੀ ਅਤੇ ਕੌਰਿਲ ਅਤੇ ਹਿਮਾਚਲ ਪ੍ਰਦੇਸ਼ ਦੀ ਸ਼ਿਪਕੀ ਚੌਕੀਂ ਸ਼ਾਮਲ ਹਨ। ਇਸ ਤੋਂ ਬਾਅਦ ਆਈ ਟੀ ਬੀ ਪੀ ਜਵਾਨ ਉਥੇ ਸਾਦਾ ਕੱਪੜਿਆਂ ਵਿੱਚ ਗਸ਼ਤ ਕਰਦੇ ਹਨ। ਬਾਰਾਹੋਟੀ ਚਰਾਂਦ ਵਿੱਚ ਭਾਰਤੀ ਲੋਕ ਹੀ ਆਪਣੇ ਪਸ਼ੂ ਨਹੀਂ ਚਾਰਦੇ, ਤਿੱਬਤੀ ਲੋਕ ਵੀ ਆਪਣੇ ਯਾਕ ਇਥੇ ਚਾਰਨ ਲਈ ਲਿਆ ਸਕਦੇ ਹਨ।
ਇਸ ਦੌਰਾਨ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ਦੇ ‘ਮਿਡਲ ਸੈਕਟਰ` ਵਿਚ ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ, ਜਿਸ ਨੂੰ ‘ਵਾਧ ਦੀ ਅਹਿਮੀਅਤ` ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਜਿਹਾ ਅਸਲ ਕੰਟਰੋਲ ਰੇਖਾ (ਐਲ ਓ ਏ ਸੀ) ਬਾਰੇ ਮੱਤਭੇਦਾਂ ਕਾਰਨ ਏਦਾਂ ਹੁੰਦਾ ਹੈ। ਆਈ ਟੀ ਬੀ ਪੀ ਦੇ ਇਕ ਅਧਿਕਾਰੀ ਨੇ ਕਿਹਾ, ‘ਚੀਨ ਦੇ ਫ਼ੌਜੀ ਸਾਡੇ ਇਲਾਕੇ ਵਿੱਚ ਆਉਂਦੇ ਤੇ ਕੁਝ ਸਮੇਂ ਬਾਅਦ ਚਲੇ ਜਾਂਦੇ ਹਨ। ਏਦਾਂ ਕਦੀ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ, ਜਿਸ ਨੂੰ ਭਾਵੇਂ ਆਮ ਨਹੀਂ ਕਿਹਾ ਜਾ ਸਕਦਾ, ਪਰ ਇਹ ਕੋਈ ਖਾਸ ਗੱਲ ਵੀ ਨਹੀਂ ਹੈ।`