ਚਿੰਤਾ ਛੱਡੋ, ਚਿੰਤਨ ਕਰੋ


-ਪ੍ਰੋ. ਜਸਪ੍ਰੀਤ ਕੌਰ
ਅੱਜ ਕੱਲ੍ਹ ਹਰ ਕੋਈ ਚਿੰਤਾ ਤੇ ਪ੍ਰੇਸ਼ਾਨੀ ਤੋਂ ਗ੍ਰਸਤ ਹੈ। ਚਿੰਤਾ ਜਾਂ ਫਿਕਰ ਅੰਦਰੂਨੀ ਗੜਬੜ ਵਾਲੀ ਦੁਖਦਾਈ ਮਾਨਸਿਕ ਅਵਸਥਾ ਹੁੰਦੀ ਹੈ, ਜੋ ਆਮ ਤੌਰ ‘ਤੇ ਬੇਚੈਨੀ, ਸ਼ੱਕ, ਡਰ ਅਤੇ ਕਲੇਸ਼ ਨਾਲ ਸਬੰਧਤ ਹਾਵ ਭਾਵ ਵਾਲੀ ਮਨੋ-ਦਸ਼ਾ ਹੈ, ਜਿਹੜੀ ਕਿਸੇ ਕਮੀ ਜਾਂ ਨੁਕਸਾਨ ਕਰਕੇ ਪੈਦਾ ਹੁੰਦੀ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਚਿੰਤਾ ਕਦੀ ਖਤਮ ਨਹੀਂ ਹੁੰਦੀ। ਚਿੰਤਾ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਕਿਸੇ ਵਸਤੂ ਦੀ ਕਮੀ ਜਾਂ ਲੋੜ ਤੋਂ ਵੱਧ ਹੋਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੀ ਚਿੰਤਾ, ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ, ਕਿਸੇ ਨੂੰ ਰੋਟੀ, ਕੱਪੜਾ, ਮਕਾਨ ਤੇ ਨੌਕਰੀ ਦੀ ਚਿੰਤਾ, ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ, ਗੰਭੀਰ ਮਾਨਸਿਕ ਜਾਂ ਸਰੀਰਕ ਦੁਰਘਟਨਾ, ਕਿਸੇ ਆਪਣੇ ਦਾ ਵਿਛੋੜਾ, ਗਲਤ ਕੰਮ ਦੇ ਜੱਗ ਜ਼ਾਹਰ ਹੋਣ ਦਾ ਡਰ। ਗੱਲ ਕੀ, ਮਨੁੱਖ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ।
ਜੀਵਨ ਦੇ ਸਫਰ ਦੌਰਾਨ ਮਨੁੱਖ ਨੂੰ ਬੇਅੰਤ ਦੁੱਖਾਂ ਸੁੱਖਾਂ ਤੇ ਸੰਘਰਸਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪਰ ਜਿਨ੍ਹਾਂ ਗੱਲਾਂ ਦਾ ਕੋਈ ਹੱਲ ਨਹੀਂ, ਉਨ੍ਹਾਂ ਦੀ ਵਾਰ-ਵਾਰ ਚਿੰਤਾ ਕਰਨ ਦਾ ਕੋਈ ਲਾਭ ਨਹੀਂ। ਚਿੰਤਾ ਇਕ ਵੱਡਾ ਰੋਗ ਹੈ, ਜੋ ਇਨਸਾਨ ਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰਦਾ ਹੈ, ਫਿਰ ਹੌਲੀ-ਹੌਲੀ ਸਰੀਰਿਕ ਤੌਰ ਉੱਤੇ। ਕੁਝ ਚਿੰਤਾਵਾਂ ਜਾਇਜ਼ ਤੇ ਜ਼ਰੂਰੀ ਹੁੰਦੀਆਂ ਹੈ, ਪਰ ਕੁਝ ਅਸਲੋਂ ਹੀ ਨਾਜਾਇਜ਼ ਤੇ ਬੇਬੁਨਿਆਦ। ਕੇਵਲ ਚਿੰਤਾ ਕਰਨਾ ਅਤੇ ਉਸ ਸਮੱਸਿਆ ਨੂੰ ਟਾਲਣ ਨਾਲ ਸਮੱਸਿਆ ਹੋਰ ਵੀ ਵੱਡੀ ਹੋ ਕੇ ਵਿਕਰਾਲ ਰੂਪ ਧਾਰਨ ਕਰਦੀ ਹੈ। ਚਿੰਤਾ ਉਦੋਂ ਇਕ ਬਿਮਾਰੀ ਬਣ ਜਾਂਦੀ ਹੈ, ਜਦੋਂ ਇਸ ਨਾਲ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਵਿੱਚ ਰੁਕਾਵਟ ਪਵੇ, ਜਦੋਂ ਮਨ ਵਿੱਚ ਕਿਸੇ ਚੀਜ਼ ਦੀ ਪ੍ਰਾਪਤੀ ਲਈ ਗਲਤ ਤਰੀਕੇ ਪੈਦਾ ਹੋਣ ਲੱਗਣ ਜਾਂ ਦਿਮਾਗ ਕੋਈ ਹੱਲ ਨਾ ਕੱਢ ਸਕੇ। ਗੰਭੀਰ ਚਿੰਤਾ ਕਾਰਨ ਨੀਂਦ ਨਾ ਆਉਣਾ, ਖੂਨ ਦੇ ਦਬਾਅ ਦਾ ਵਧਣਾ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਹੱਥ ਪੈਰ ਕੰਬਣੇ, ਥਕਾਵਟ, ਪਸੀਨਾ ਆਉਣਾ ਜਾਂ ਹੱਥ ਠੰਢੇ ਹੋਣੇ, ਕੁਝ ਬੁਰਾ ਹੋਣ ਬਾਰੇ ਵਿਚਾਰ ਆਉਂਦੇ ਰਹਿਣਾ, ਕਿਸੇ ਵੀ ਕੰਮ ਵਿੱਚ ਮਨ ਨਾ ਲੱਗਣਾ, ਖਿੱਝਣਾ ਤੇ ਗੁੱਸਾ ਆਉਣਾ, ਮਾਸਪੇਸ਼ੀਆਂ ਵਿੱਚ ਖਿਚਾਅ, ਉਦਾਸ ਰਹਿਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ। ਇਹ ਸਿਰ ਦਰਦ, ਬਦਹਜ਼ਮੀ, ਦਿਲ ਦਾ ਦੌਰਾ, ਡਿਪਰੈਸ਼ਨ, ਚਮੜੀ ਦੀਆਂ ਬਿਮਾਰੀਆਂ, ਸ਼ੂਗਰ ਤੇ ਨਪੁੰਸਕਤਾ ਦਾ ਕਾਰਨ ਬਣਦਾ ਹੈ। ਚਿੰਤਾ ਨਾਲ ਆਤਮ ਵਿਸ਼ਵਾਸ ਵਿੱਚ ਕਮੀ ਆਉਂਦੀ ਹੈ। ਵਿਅਕਤੀ ਦੂਜਿਆਂ ਦੀ ਸਲਾਹ ਤੋਂ ਬਿਨਾਂ ਕੋਈ ਵੀ ਫੈਸਲਾ ਨਹੀਂ ਲੈ ਸਕਦਾ।
ਚਿੰਤਾ ਨੂੰ ਸਹੀ ਸੋਚ ਅਤੇ ਚਿੰਤਨ ਨਾਲ ਕਾਬੂ ਕੀਤਾ ਜਾ ਸਕਦਾ ਹੈ। ਮਨ ਨੂੰ ਢਹਿੰਦੀ ਕਲਾ ਵਿੱਚੋਂ ਕੱਢ ਕੇ ਆਤਮ ਵਿਸ਼ਵਾਸ ਨਾਲ ਉਸਾਰੂ ਪਾਸੇ ਲਾਉਣਾ ਹੀ ਚਿੰਤਾ ਤੋਂ ਚਿੰਤਨ ਦਾ ਸਫਰ ਹੈ। ਆਮ ਤੌਰ ਉਤੇ ਮਨੁੱਖ ਕਿਸੇ ਸਮੱਸਿਆ ਉਤੇ ਚਿੰਤਾ ਅਤੇ ਚਿੰਤਨ ਇਕੋ ਸਮੇਂ ਕਰਦਾ ਹੈ। ਚਿੰਤਾ ਤੋਂ ਚਿੰਤਨ ਤੱਕ ਪਹੁੰਚਣ ਲਈ ਸਾਨੂੰ ਆਪਣੀ ਨਾਂਹ ਪੱਖੀ ਸੋਚ ਨੂੰ ਹਾਂ ਪੱਖੀ ਬਣਾਉਣਾ ਪੈਂਦਾ ਹੈ। ਜਿਨ੍ਹਾਂ ਮਾੜੀਆਂ ਘਟਨਾਵਾਂ ਦਾ ਕੋਈ ਇਲਾਜ ਨਹੀਂ, ਉਨ੍ਹਾਂ ਬਾਰੇ ਸੋਚਣਾ ਛੱਡ ਕੇ ਪਿਛਲੀਆਂ ਮਾੜੀਆਂ ਘਟਨਾਵਾਂ ਚੋਂ ਸਬਕ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਸੋਚ ਕੇ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ। ਚਿੰਤਾ ਕੇਵਲ ਸਮੱਸਿਆ ਦਾ ਹੱਲ ਕੱਢਣ ਨਾਲ ਹੀ ਖਤਮ ਹੋ ਸਕਦੀ ਹੈ।
ਚਿੰਤਾ ਕਰਕੇ ਸਰੀਰ ਤੇ ਬੁੱਧੀ ਦਾ ਨਾਸ਼ ਹੁੰਦਾ ਹੈ, ਪਰ ਚਿੰਤਨ ਕਰਕੇ ਦਿਮਾਗ ਅਤੇ ਬੁੱਧੀ ਦਾ ਵਿਕਾਸ ਹੁੰਦਾ ਹੈ। ਚਿੰਤਨ ਕਰਕੇ ਆਪਣਾ ਆਤਮ ਵਿਸ਼ਵਾਸ ਵਧਾਓ। ਜੀਵਨ ਵਿੱਚ ਅਸੀਂ ਕਿੰਨਾ ਕੁਝ ਗੁਆ ਬੈਠੇ ਹਾਂ, ਇਸ ਦੀ ਚਿੰਤਾ ਛੱਡ ਕੇ, ਅਸੀਂ ਨਵਾਂ ਕੀ ਕਰ ਸਕਦੇ ਹਾਂ, ਉਸ ਵੱਲ ਧਿਆਨ ਦਿਓ। ਕਸਰਤ ਮਨ ਨੂੰ ਸ਼ਾਂਤ ਕਰਦੀ ਹੈ। ਕੈਫੀਨ, ਸਿਗਰਟ, ਸ਼ਰਾਬ ਨਾ ਪੀਓ ਤੇ ਡਿਪਰੈਸ਼ਨ ਦੀਆਂ ਅੰਨ੍ਹੇਵਾਹ ਦਵਾਈਆਂ ਨਾ ਖਾਓ। ਇਹ ਸਭ ਕੁਝ ਸਮੇਂ ਲਈ ਤੁਹਾਡੇ ਅਹਿਸਾਸਾਂ ਨੂੰ ਦਬਾਉਂਦੇ ਹਨ, ਪਰ ਜਦੋਂ ਇਨ੍ਹਾਂ ਦਾ ਅਸਰ ਚਲਾ ਜਾਂਦਾ ਹੈ ਤਾਂ ਹਾਲਤ ਗੰਭੀਰ ਹੋ ਜਾਂਦੀ ਹੈ। ਖੁਸ਼ ਰਹਿਣ ਲਈ ਆਪਣੇ ਆਪ ਨੂੰ ਰੁੱਝੇ ਰੱਖੋ। ਚੰਗੀਆਂ ਕਿਤਾਬਾਂ ਪੜ੍ਹੋ। ਆਪਣੇ ਵਿਸ਼ਵਾਸ ਯੋਗ ਦੋਸਤਾਂ ਤੇ ਪਰਵਾਰ ਨਾਲ ਆਪਣੀਆਂ ਚਿੰਤਾਵਾਂ ਬਾਰੇ ਗੱਲਬਾਤ ਕਰੋ। ਗੱਲਬਾਤ ਕਰਨ ਨਾਲ ਚਿੰਤਾ ਉਤੇ ਕਾਬੂ ਪਾਉਣ ਵਿੱਚ ਮਦਦ ਮਿਲਦੀ ਹੈ।
ਆਰਾਮ ਕਰੋ ਤੇ ਥੋੜ੍ਹਾ ਮਨੋਰੰਜਨ ਲਈ ਵੀ ਸਮਾਂ ਕੱਢੋ। ਦੂਸਰਿਆਂ ਦੀ ਮਦਦ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਪਰ ਹਮੇਸ਼ਾ ਚੰਗੇ ਬਣਨ ਦਾ ਯਤਨ ਕਰਕੇ ਵਾਧੂ ਸਮੱਸਿਆਵਾਂ ਨਾ ਸਹੇੜੋ। ਨਾਂਹ ਕਹਿਣਾ ਵੀ ਸਿੱਖੋ। ਇਸ ਤਰ੍ਹਾਂ ਨਾਲ ਤੁਹਾਡੀਆਂ ਬਹੁਤੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਜੇ ਚਿੰਤਾ ਕਾਰਨ ਤੁਹਾਨੂੰ ਅਚਾਨਕ ਬਿਨਾ ਕਿਸੇ ਕਾਰਨ ਤੋਂ ਥਾਵਾਂ ਤੇ ਵਸਤਾਂ ਤੋਂ ਡਰ ਲੱਗੇ, ਡਰ ਵਾਲੇ ਸੁਪਨਿਆਂ ਤੋਂ ਜਾਗ ਜਾਂਦੇ ਹੋ, ਵਹਿਮ ਜਿਵੇਂ ਵਾਰ-ਵਾਰ ਹੱਥ ਧੋਣਾ, ਵਾਰ-ਵਾਰ ਚੈਕ ਕਰਨਾ ਕਿ ਕੀ ਤੁਸੀਂ ਦਰਵਾਜ਼ੇ ਨੂੰ ਤਾਲਾ ਲਾ ਦਿੱਤਾ ਹੈ ਜਾਂ ਨਹੀਂ, ਇਹ ਮਾਨਸਿਕ ਰੋਗ ਹੈ ਤੇ ਯੋਗ ਇਲਾਜ ਰਾਹੀਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਡਾਕਟਰ ਰੋਗੀ ਦੇ ਮਨ ਵਿੱਚ ਲੋੜੀਂਦੀ ਧੀਰਜ, ਸਾਹਸ, ਵਿਸ਼ਵਾਸ ਤੇ ਸਹਿਣ ਸ਼ਕਤੀ ਦਾ ਵਿਕਾਸ ਪੈਦਾ ਕਰਕੇ ਚਿੰਤਾ ਦੇ ਅਸਲ ਅਤੇ ਕਾਲਪਨਿਕ ਕਾਰਨ ਸਮਝਾਉਂਦਾ ਹੈ ਤੇ ਸਥਿਤੀਆਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਰੋਗੀ ਦੇ ਸਰੀਰਿਕ ਲੱਛਣਾਂ ਨੂੰ ਦੂਰ ਕਰਨ ਲਈ ਡਾਕਟਰ ਦਵਾਈ ਦੀ ਦੇਂਦੇ ਹਨ। ਇਸ ਨਾਲ ਹੌਲੀ-ਹੌਲੀ ਭਾਵਨਾਤਮਕ ਤਣਾਅ ਵਿੱਚ ਕਮੀ ਆਉਂਦੀ ਹੈ। ਤੰਦਰੁਸਤ ਹੋਣ ਤੋਂ ਬਾਅਦ ਵੀ ਰੋਗੀ ਨੂੰ ਨਿਯਮਤ ਰੂਪ ਨਾਲ ਡਾਕਟਰ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਚਿੰਤਾ ਤੋਂ ਛੁਟਕਾਰਾ ਮਿਲ ਜਾਂਦਾ ਹੈ। ਮੁਸੀਬਤ ਸਮੇਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਧੀਰਜ ਰੱਖ ਕੇ ਚਿੰਤਾ ਕਰਨ ਦੀ ਜਗ੍ਹਾ ਠਰੰਮੇ ਨਾਲ ਉਸ ਦਾ ਹੱਲ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਮੁਸ਼ਕਿਲ ਜ਼ਰੂਰ ਹੈ, ਪਰ ਅਸੰਭਵ ਨਹੀਂ। ਇਸ ਲਈ ਜ਼ਿੰਦਗੀ ਵਿੱਚ ਚਿੰਤਾ ਛੱਡ ਕੇ ਚਿੰਤਨ ਕਰਨਾ ਸ਼ੁਰੂ ਕਰੋ ਤਾਂ ਕਿ ਅਸੀਂ ਜ਼ਿੰਦਗੀ ਦੀ ਢਲਾਣ ‘ਤੇ ਜਦੋਂ ਮੁੜ ਕੇ ਦੇਖੀਏ ਤਾਂ ਅਜਿਹਾ ਨਾ ਮਹਿਸੂਸ ਹੋਵੇ ਕਿ ਵਿਅਰਥ ਦੀ ਚਿੰਤਾ ਨੇ ਸਾਡੇ ਬਹੁਤ ਸਾਰੇ ਸੁਨਹਿਰੇ ਪਲ ਸਾਡੇ ਕੋਲੋਂ ਖੋਹ ਲਏ ਸਨ। ਸੱਚਮੁੱਚ ਅਸੀਂ ਇੰਨੀਆਂ ਚਿੰਤਾਵਾਂ ਪਾਲ ਲੈਂਦੇ ਹਾਂ ਕਿ ਅਸਲ ਜ਼ਿੰਦਗੀ ਜਿਊਣਾ ਭੁੱਲ ਜਾਂਦੇ ਹਾਂ, ਖੁੱਲ੍ਹ ਕੇ ਸੋਚ ਨਹੀਂ ਸਕਦੇ, ਆਪਣੇ ਕੰਮਾਂ ਨੂੰ ਰਫਤਾਰ ਨਹੀਂ ਦੇ ਸਕਦੇ।
ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਮੁਸ਼ਕਲਾਂ ਬਾਰੇ ਸੋਚੋ। ਕੱਲ੍ਹ ਬਾਰੇ ਸੋਚ-ਸੋਚ ਕੇ ਅੱਜ ਦੀਆਂ ਪਰੇਸ਼ਾਨੀਆਂ ਹੋਰ ਨਾ ਵਧਾਓ ਕਿਉਂਕਿ ਜੋ ਗੁਜ਼ਰ ਗਿਆ ਉਸ ਦੀ ਅੱਜ ਅਹਿਮੀਅਤ ਨਹੀਂ। ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਬੇਕਾਰ ਦੀਆਂ ਚਿੰਤਾਵਾਂ ਸਨ।