ਚਿੜੀ ਵਿਚਾਰੀ ਕੀ ਕਰੇ

-ਸ਼ਸ਼ੀ ਲਤਾ
ਸਵੇਰੇ ਸੁਵੱਖਤੇ ਉਠੀਏ ਤਾਂ ਨੇੜੇ-ਤੇੜੇ ਦੇ ਰੁੱਖਾਂ ਤੋਂ ਪੰਛੀਆਂ ਦੀਆਂ ਬੜੀਆਂ ਹੀ ਸੁਰੀਲੀਆਂ ਅਤੇ ਮਨਮੋਹਕ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ। ਉਹ ਸਾਨੂੁੰ ਉਠਣ ਦਾ ਸੁਨੇਹਾ ਦਿੰਦੀਆਂ ਹਨ। ਇੱਕ ਟਹਿਣੀ ਤੋਂ ਦੂਜੀ ਟਹਿਣੀ ਤੇ ਉਡ-ਉਡ ਕੇ ਕਰੋਲਾਂ ਕਰਦੇ ਬੜੇ ਹੀ ਪਿਆਰੇ ਲੱਗਦੇ ਹਨ। ਅਸਮਾਨ ਵਿੱਚ ਦੋਵੇਂ ਖੰਭ ਖਿਲਾਰ ਕੇ ਤੈਰਦੇ ਕਿੰਨੇ ਵਧੀਆ ਲੱਗਦੇ ਹਨ। ਇਨ੍ਹਾਂ ਨੂੰ ਉਡਦੇ ਵੇਖ ਕੇ ਹੀ ਸ਼ਾਇਦ ਮਨੁੱਖ ਦੇ ਮਨ ਵਿੱਚ ਰਾਕੇਟ ਬਣਾਉਣ ਦਾ ਵਿਚਾਰ ਆਇਆ ਹੋਵੇਗਾ। ਇਨ੍ਹਾਂ ਵਿੱਚੋਂ ਬਹੁਤੇ ਪੰਛੀ ਸਾਡੀਆਂ ਛੱਤਾਂ ਜਾਂ ਵਿਹੜਿਆਂ ਵਿੱਚ ਖਿਲਾਰੇ ਦਾਣੇ ਖਾਣ ਲਈ ਉਤਰਦੇ ਹਨ। ਇਹ ਗੁਟਾਰਾਂ, ਘੁੱਗੀਆਂ, ਕਬੂਤਰ, ਚਿੜੀਆਂ, ਕਾਂ ਅਤੇ ਤੋਤੇ ਹੁੰਦੇ ਹਨ, ਪਰ ਭੂਰੇ ਰੰਗ ਦੀ ਭੋਲੀ ਚਿੜੀ ਕਦੇ-ਕਦਾਈਂ ਨਜ਼ਰੀਂ ਪੈਂਦੀ ਹੈ। ਪਹਿਲਾਂ ਵਾਂਗ ਚਿੜੀਆਂ ਦੇ ਝੁੰਡ ਵਿਖਾਈ ਨਹੀਂ ਦਿੰਦੇ, ਜਦੋਂ ਇਹ ਖੂਹਾਂ ਤੇ ਨਲਕਿਆਂ ਨੇੜੇ ਪਏ ਟੋਇਆਂ ਤੇ ਪਾਣੀ ਵਿੱਚ ਨਹਾਉਂਦੀਆਂ ਰਹਿੰਦੀਆਂ ਸਨ, ਹੁਣ ਪਤਾ ਨਹੀਂ ਰੁੱਸ ਕੇ ਕਿਧਰ ਨੂੰ ਉਡਾਰੀ ਮਾਰ ਗਈਆਂ ਹਨ।
ਗੱਲ ਚਿੜੀ ਦੀ ਕਰਦੇ ਹਾਂ। ਛੋਟੇ ਹੁੰਦਿਆਂ ਇਸ ਦੀਆਂ ਕਈ ਕਹਾਣੀਆਂ ਮਾਂ ਤੋਂ ਸੁਣਦੇ। ਇੱਕ ਕਹਾਣੀ ਵਿੱਚ ਕਾਂ-ਚਿੜੀ ਨੇ ਰਲ ਕੇ ਖਿਚੜੀ ਬਣਾਈ ਅਤੇ ਸਾਰੀ ਖਿਚੜੀ ਚਿੜੀ ਖਾ ਗਈ। ਇੱਕ ਕਹਾਣੀ ਵਿੱਚ ਚਿੜੀ ਨੇ ਦਾਣਾ ਬੀਜਿਆ। ਸਾਰਾ ਕੰਮ ਚਿੜੀ ਨੇ ਕੀਤਾ। ਦਾਣੇ ਵੰਡਣ ਵੇਲੇ ਕਾਂ ਨੇ ਸਾਰੇ ਦਾਣੇ ਮੰਗੇ ਤਾਂ ਕੁਦਰਤ ਨੇ ਬਿਗਾਨਾ ਹੱਕ ਖਾਣ ਵਾਲੇ ਨੂੰ ਸਜ਼ਾ ਦਿੱਤੀ ਅਤੇ ਕਾਂ ਮੀਂਹ ਵਿੱਚ ਮਾਰਿਆ ਗਿਆ। ਸੋ ਅਜਿਹੀਆਂ ਕਹਾਣੀਆਂ ਤੋਂ ਪੰਛੀਆਂ ਪ੍ਰਤੀ ਪ੍ਰੇਮ ਜਾਗਦਾ ਅਤੇ ਕੁਝ ਨਾ ਕੁਝ ਸਿਖਿਆ ਵੀ ਮਿਲਦੀ। ਸਾਡੇ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਹੈ ਜਿਵੇਂ :
‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉਡ ਜਾਣਾ’
ਜਾਂ
ਉਡ ਉਡ ਚਿੜੀਏ ਨੀ ਉਡ ਬਹਿ ਜਾ ਖਿੜਕੀ ਮੇਰੀ,
ਅੰਮੜੀ ਬਾਝੋਂ ਨੀ ਮੈਂ ਸਭ ਨੇ ਝਿੜਕੀ।
ਕੁੜੀਆਂ ਨੂੰ ਚਿੜੀਆਂ ਨਾਲ ਮੇਲਿਆ ਜਾਂਦਾ ਹੈ ਕਿਉਂਕਿ ਕੁੜੀਆਂ ਨੇ ਵੀ ਬਾਬਲ ਦੇ ਘਰੋਂ ਉਡਾਰੀ ਮਾਰਨੀ ਹੈ। ਇੱਕ ਕਵੀ ਨੇ ਵੀ ਆਪਣੀ ਕਵਿਤਾ ਵਿੱਚ ਲਿਖਿਆ ਹੈ :
‘ਚਿੜੀ ਚੂਕਦੀ ਨਾਲ ਜਾ ਟੁਰੇ ਪਾਂਧੀ
ਪਾਈਆਂ ਚਾਟੀ ਵਿੱਚ ਮਧਾਣੀਆਂ ਨੇ।’
ਪਹਿਲਾਂ ਲੋਕ ਜਦੋਂ ਪੈਦਲ ਤੁਰਦੇ ਤਾਂ ਸੁਵੱਖਦੇ ਜਾਂਦੇ, ਔਰਤਾਂ ਸੁਵੱਖਤੇ ਉਠ ਕੇ ਦੁੱਧ ਰਿੜਕਦੀਆਂ ਚੁੱਲ੍ਹੇ-ਚੌਕੇ ਦਾ ਆਹਰ ਕਰਦੀਆਂ ਸਨ। ਕੰਮ ਕਰਦੇ ਛੋਟੇ ਬੱਚੇ ਨੂੰ ਪਰਚਾਉਣ ਲਈ ਆਟੇ ਦੀ ਚਿੜੀ ਬਣਾ ਕੇ ਡੱਕੇ ਤੇ ਟੰਗ ਕੇ ਬੱਚੇ ਨੂੰ ਦਿੰਦੀਆਂ, ਚਿੜੀ ਵੇਖ ਕੇ ਬੱਚਾ ਰੋਂਦਾ-ਰੋਂਦਾ ਹੱਸ ਪੈਂਦਾ।
ਭਾਵੇਂ ਪੰਛੀਆਂ ਨਾਲ ਸਾਡੀ ਭਾਸ਼ਾ ਦੀ ਸਾਂਝ ਨਹੀਂ ਹੈ, ਪਰ ਫਿਰ ਵੀ ਉਹ ਸਾਡੇ ਪਿਆਰ ਦੇ ਅਹਿਸਾਸ ਨੂੰ ਸਮਝਦੇ ਹਨ ਅਤੇ ਸਾਡੇ ਨੇੜੇ ਤੇੜੇ ਹੀ ਰਹਿੰਦੇ ਹਨ। ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਇਹ ਪੰਛੀ ਆਪਣੀ ਹੀ ਮਸਤੀ ਵਿੱਚ ਰਹਿੰਦੇ ਹਨ। ਇਹ ਸਾਡੇ ਅੰਬਰ ਦਾ ਸ਼ਿੰਗਾਰ ਹਨ।
ਸੋ ਅੱਜ ਦੇ ਆਧੁਨਿਕੀਕਰਨ ਨਾਲ ਮਨੁੱਖ ਨੇ ਆਪਣੇ ਘਰ ਵਾਲੀਆਂ ਛੱਤਾਂ ਪੱਥਰ-ਕੰਕਰੀਟ ਦੀਆਂ ਬਣਾ ਲਈਆਂ ਹਨ। ਦੂਜੇ ਦਰਵਾਜ਼ੇ ਲਾ ਕੇ ਵਿਹੜੇ ਛੱਤ ਲਏ ਹਨ। ਜਾਲੀਆਂ ਵਾਲੇ ਦਰਵਾਜ਼ਿਆਂ ਨਾਲ ਪੰਛੀਆਂ ਲਈ ਅੰਦਰ ਆਉਣ ਦਾ ਤਾਂ ਕੋਈ ਰਾਹ ਹੀ ਨਹੀਂ ਛੱਡਿਆ। ਉਹ ਆਪਣੇ ਬਸੇਰੇ ਕਿੱਥੇ ਕਰਨ? ਰੁੱਖ ਕੱਟੇ ਜਾ ਰਹੇ ਹਨ, ਸੜਕਾਂ ਜੁ ਚੌੜੀਆਂ ਕਰਨੀਆਂ ਹਨ। ਉਚੇ ਟਾਵਰਾਂ ਵਿੱਚੋਂ ਨਿਕਲਦੀਆਂ ਖਤਰਨਾਕ ਕਿਰਨਾਂ ਇਨ੍ਹਾਂ ਪੰਛੀਆਂ ਦੇ ਖਾਤਮੇ ਲਈ ਜ਼ਿੰਮੇਵਾਰ ਹਨ। ਕਿਸਾਨ ਖੇਤਾਂ ਵਿੱਚੋਂ ਵੱਧ ਝਾੜ ਪ੍ਰਾਪਤ ਕਰਨ ਲਈ ਵੱਧ ਕੀਟਨਾਸ਼ਕ ਪਾ ਰਿਹਾ ਹੈ। ਇਹ ਵੀ ਚਿੜੀਆਂ ਦੇ ਵਾਧੇ ਨੂੰ ਰੋਕਣ ਦਾ ਕਾਰਨ ਹੈ। ਫਿਰ ਹੁਣ ਚਿੜੀ ਵਿਚਾਰੀ ਕੀ ਕਰੇ?
ਪਰ ਹੁਣ ਕੁਝ ਥਾਵਾਂ ਤੇ ਬਾਹਰਵਾਰ ਚਿੜ੍ਹੀਆਂ ਦੇ ਝੁੰਡ ਵਿਖਾਈ ਦਿੱਤੇ ਹਨ। ਉਨ੍ਹਾਂ ਦੀ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਲਈ ਪਾਣੀ, ਚੋਗਾ ਅਤੇ ਬਨਾਉਟੀ ਆਲ੍ਹਣੇ ਟੰਗੇ ਗਏ ਹਨ ਤਾਂ ਕਿ ਇਨ੍ਹਾਂ ਦਾ ਵਾਧਾ ਹੋ ਸਕੇ ਅਤੇ ਨਸਲ ਬਚਾਈ ਜਾ ਸਕੇ। ਸਾਡੇ ਬਜ਼ੁਰਗ ਬੀਜ ਬੀਜਦੇ ਸਮੇਂ ਪਹਿਲਾ ਛੱਟਾ ਇਨ੍ਹਾਂ ਜਨੌਰਾਂ ਦੇ ਨਾਂਅ ਦਾ ਸੁੱਟਦੇ ਅਤੇ ਪ੍ਰਮਤਾਮਾ ਦਾ ਕਰਜ਼ ਉਤਾਰਦੇ। ਸਾਡੀ ਮਾਂ, ਦਾਦੀ, ਨਾਨੀ ਵੀ ਪਹਿਲੀ ਰੋਟੀ ਪੰਛੀਆਂ ਲਈ ਉਤਾਰਦੀ ਅਤੇ ਭੋਰ-ਭੋਰ ਵਿਹੜੇ ਵਿੱਚ ਖਿਲਾਰਦੀ। ਅੱਜ ਦੀ ਨੱਠ-ਭੱਜ ਵਾਲੀ ਜ਼ਿੰਦਗੀ ਵਿੱਚ ਵੀ ਕੁਝ ਲੋਕ ਪੰਛੀ ਪ੍ਰੇਮੀ ਹਨ। ਉਨ੍ਹਾਂ ਦੇ ਉਦਮਾਂ ਸਦਕਾ ਆਸ ਬੱਝੀ ਹੈ ਕਿ ਸ਼ਾਲਾ ਇਹ ਚਿੜੀਆਂ ਮੁੜ ਸਾਡੇ ਵਿਹੜਿਆਂ ਤੇ ਬਨੇਰਿਆਂ ਦਾ ਸ਼ਿੰਗਾਰ ਬਣ ਜਾਣ। ਖੁੱਲ੍ਹੇ ਆਕਾਸ਼ ਵਿੱਚ ਤਾਰੀਆਂ ਲਾਉਂਦੇ ਹਿ ਪੰਛੀ ਪੌਣਾਂ ਵਿੱਚ ਥਿਰਕਣ ਪੈਦਾ ਕਰਦੇ ਰਹਿਣ। ਜ਼ਰਾ ਸੋਚੋ ਕਿ ਜੇ ਆਕਾਸ਼ ਵਿੱਚ ਇਹ ਪੰਛੀ ਨਾ ਹੋਣ ਤਾਂ ਮਾਤਮ ਜਿਹਾ ਨਾ ਛਾ ਜਾਏ? ਕਾਸ਼! ਅਜਿਹਾ ਨਾ ਹੀ ਵਾਪਰੇ।