ਚਾਰ ਲੱਖ ਦੀ ਫਿਰੌਤੀ ਲੈਣ ਲਈ ਨੌਜਵਾਨ ਦਾ ਕਤਲ

murder of boy firoti
ਭਿੰਡੀ ਸੈਦਾਂ, 16 ਅਪ੍ਰੈਲ (ਪੋਸਟ ਬਿਊਰੋ)- ਥਾਣਾ ਭਿੰਡੀ ਸੈਦਾਂ ਦੇ ਪਿੰਡ ਡੱਗਤੂਤ ਦੇ ਨੌਜਵਾਨ ਨੂੰ ਕੱਲ੍ਹ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰ ਕੇ ਚਾਰ ਲੱਖ ਦੀ ਫਿਰੌਤੀ ਮੰਗਣ ਪਿੱਛੋੋਂ ਕਤਲ ਕਰ ਦੇਣ ਦਾ ਪਤਾ ਲੱਗਾ ਹੈ।
ਅਵਤਾਰ ਸਿੰਘ ਪੁੱਤਰ ਬੰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਹਰਵਿੰਦਰ ਸਿੰਘ ਉਰਫ ਗੋਲਡੀ (20) ਪਿੰਡ ਵਿੱਚ ਕੋਲਡ ਡਰਿੰਕਸ ਅਤੇ ਡੇਅਰੀ ਦੀ ਦੁਕਾਨ ਕਰਦਾ ਸੀ। ਕੱਲ੍ਹ ਚਾਰ ਵਜੇ ਦੇ ਕਰੀਬ ਉਹ ਮੋਟਰ ਸਾਈਕਲ ‘ਤੇ ਇੱਕ ਕੋਲਡ ਡਰਿੰਕ ਦੀ ਬੋਤਲ ਅਤੇ ਬਿਸਕੁਟ ਲੈ ਕੇ ਗਿਆ। ਕਾਫੀ ਦੇਰ ਤੱਕ ਵਾਪਸ ਨਾ ਆਉਣ ਉੱਤੇ ਉਸ ਦੇ ਮੋਬਾਈਲ ਉੱਤੇ ਫੋਨ ਕੀਤਾ ਗਿਆ, ਪਰ ਫੋਨ ਨਹੀਂ ਮਿਲਿਆ। ਆਸ ਪਾਸ ਪੁੱਛਣ ‘ਤੇ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਗੋਲਡੀ ਪਿੰਡ ਦੇ ਲਾਗੇ ਮੋਬਾਈਲ ਟਾਵਰ ਕੋਲ ਦੋ ਨੌਜਵਾਨਾਂ ਨਾਲ ਖੜ੍ਹਾ ਸੀ। ਵਾਰ ਵਾਰ ਉਸ ਦਾ ਮੋਬਾਈਲ ਨੰਬਰ ਡਾਇਲ ਕਰਨ ਉੱਤੇ ਕਰੀਬ ਅੱਠ ਵਜੇ ਨੰਬਰ ਮਿਲਿਆ, ਜੋ ਕਿਸੇ ਹੋਰ ਨੇ ਚੁੱਕਿਆ। ਗੋਲਡੀ ਦੇ ਵੱਡੇ ਭਰਾ ਸੋਨੂੰ ਵੱਲੋਂ ਗੋਲਡੀ ਬਾਰੇ ਪੁੱਛਣ ਉੱਤੇ ਅੱਗੋਂ ਫੋਨ ਚੁੱਕਣ ਵਾਲੇ ਨੇ ਕਿਹਾ ਕਿ ਜੇ ਗੋਲਡੀ ਨੂੰ ਸਹੀ ਸਲਾਮਤ ਦੇਖਣਾ ਚਾਹੁੰਦੇ ਹੋ ਤਾਂ ਸਵੇਰੇ ਛੇ ਵਜੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਚਾਰ ਲੱਖ ਰੁਪਏ ਲੈ ਕੇ ਆ ਜਾਣਾ। ਪੈਸੇ ਮਿਲਣ ਤੋਂ ਛੇ ਘੰਟੇ ਪਿੱਛੋਂ ਗੋਲਡੀ ਸਹੀ-ਸਲਾਮਤ ਮਿਲ ਜਾਵੇਗਾ, ਜੇ ਚਲਾਕੀ ਕੀਤੀ ਜਾਂ ਪੈਸੇ ਨਾ ਦਿੱਤੇ ਤਾਂ ਉਸ ਦੀ ਲਾਸ਼ ਮਿਲੇਗੀ। ਕਰੀਬ ਨੌਂ ਵਜੇ ਗੋਲਡੀ ਦਾ ਮੋਟਰ ਸਾਈਕਲ ਵੀ ਟਾਵਰ ਤੋਂ ਮਿਲਿਆ, ਜਿਸ ਨੂੰ ਲਾਕ ਲੱਗਾ ਹੋਇਆ ਸੀ।
ਥਾਣਾ ਭਿੰਡੀ ਸੈਦਾਂ ਦੇ ਮੁਖੀ ਹਰਜੀਤ ਸਿੰਘ ਦੇ ਮੁਤਾਬਕ ਫੋਨ ਟਰੇਸ ਦੇ ਆਧਾਰ ਉੱਤੇ ਲਵਪ੍ਰੀਤ ਸਿੰਘ ਵਾਸੀ ਪੱਛੀਆਂ ਨੂੰ ਥਾਣੇ ਲਿਆ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕੇ ਆਪਣੇ ਇੱਕ ਸਾਥੀ ਬਿਕਰਮ ਮਸੀਹ ਵਾਸੀ ਪੱਛੀਆਂ ਦਾ ਨਾਂ ਲੈਂਦੇ ਹੋਏ ਕਿਹਾ ਕਿ ਦੋਵਾਂ ਨੇ ਨਿੱਜੀ ਰੰਜਿਸ਼ ਹੇਠ ਗੋਲਡੀ ਨੂੰ ਕੋਲਡ ਡਰਿੰਕ ਦੇ ਬਹਾਨੇ ਬੁਲਾ ਕੇ ਅਗਵਾ ਕੀਤਾ ਸੀ ਤੇ ਰਾਤ ਨੂੰ ਪਿੰਡ ਪੱਛੀਆਂ ਲਿਜਾ ਕੇ ਉਸ ਦੀ ਧੌਣ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮਾਰ ਦਿੱਤਾ ਤੇ ਲਾਸ਼ ਦਰਿਆ ਲਾਗੇ ਝਾੜੀਆਂ ਵਿੱਚ ਲੁਕੋ ਦਿੱਤੀ।