ਚਾਰ ਮੁਲਕਾਂ ਵਿੱਚ ਖੜ੍ਹੇ ਹੋਏ ਅਕਾਲ ਦੇ ਖਤਰੇ ਨੂੰ ਪਹਿਲੀ ਵਾਰੀ ਸੰਯੁਕਤ ਰਾਸ਼ਟਰ ਨੇ ਹਿੰਸਾ ਨਾਲ ਜੋੜਿਆ

1
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਨੇ ਪਹਿਲੀ ਵਾਰੀ ਬੁੱਧਵਾਰ ਨੂੰ ਕਿਸੇ ਵਿਵਾਦ ਨੂੰ ਅਕਾਲ ਦੇ ਡਰ ਨਾਲ ਜੋੜਿਆ ਹੈ। ਯਮਨ, ਸੋਮਾਲੀਆ, ਦੱਖਣੀ ਸੁਡਾਨ ਤੇ ਉੱਤਰਪੂਰਬੀ ਨਾਈਜੀਰੀਆ ਵਿੱਚ 20 ਮਿਲੀਅਨ ਲੋਕਾਂ ਨੂੰ ਅਕਾਲ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਉਂਸਲ ਨੇ ਸਾਰੇ 15 ਮੈਂਬਰਾਂ ਵੱਲੋਂ ਮਨਜ਼ੂਰ ਪ੍ਰੈਜ਼ੀਡੈਂਸ਼ੀਅਲ ਬਿਆਨ ਵਿੱਚ ਆਖਿਆ ਕਿ ਇਹ ਲੱਗਦਾ ਹੈ ਕਿ ਕੁੱਝ ਪਾਰਟੀਆਂ ਨੇ ਇਨ੍ਹਾਂ ਚਾਰ ਮੁਲਕਾਂ ਦੇ ਲੋਕਾਂ ਲਈ ਖੁਰਾਕ ਤੇ ਮਾਨਵਤਾਵਾਦੀ ਮਦਦ ਦਾ ਰਾਹ ਰੋਕ ਲਿਆ ਹੈ। ਕਾਉਂਸਲ ਮੈਂਬਰਾਂ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਝਗੜੇ ਤੇ ਹਿੰਸਾ ਦੇ ਗੰਭੀਰ ਮਾਨਵਤਾਵਾਦੀ ਸਿੱਟੇ ਨਿਕਲਦੇ ਹਨ। ਇਸ ਲਈ ਇਹੋ ਹੀ ਇਨ੍ਹਾਂ ਚਾਰ ਦੇਸ਼ਾਂ ਵਿੱਚ ਅਕਾਲ ਦਾ ਮੁੱਖ ਕਾਰਨ ਹਨ।
ਅਰਬ ਜਗਤ ਦੇ ਸੱਭ ਤੋਂ ਗਰੀਬ ਮੁਲਕ ਯਮਨ ਵਿੱਚ 2014 ਤੋਂ ਖਾਨਾਜੰਗੀ ਚੱਲ ਰਹੀ ਹੈ। ਸੋਮਾਲੀਆ ਵਿੱਚ ਕਮਜੋ਼ਰ ਸਰਕਾਰ ਨੂੰ ਅਲ ਕਾਇਦਾ ਨਾਲ ਸਬੰਧਤ ਅਲ ਸ਼ਬਾਬ ਦੇ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਸੁਡਾਨ, ਜੋ ਕਿ ਦੁਨੀਆ ਦਾ ਸੱਭ ਤੋਂ ਨਵਾਂ ਮੁਲਕ ਹੈ, ਵਿੱਚ ਦਸੰਬਰ 2013 ਵਿੱਚ ਨਸਲੀ ਹਿੰਸਾ ਸ਼ੁਰੂ ਹੋਈ ਸੀ ਤੇ 2015 ਵਿੱਚ ਸ਼ਾਂਤੀ ਸਮਝੌਤੇ ਦੇ ਬਾਵਜੂਦ ਇੱਥੇ ਹਿੰਸਾ ਨੂੰ ਕੋਈ ਠੱਲ੍ਹ ਨਹੀਂ ਪਈ। ਉੱਤਰਪੂਰਬੀ ਨਾਈਜੀਰੀਆ ਪਿਛਲੇ ਸੱਤ ਸਾਲਾਂ ਤੋਂ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀ ਧੜੇ ਬੋਕੋ ਹਰਮ ਦੀਆਂ ਵਧੀਕੀਆਂ ਨੂੰ ਜਰਨ ਲਈ ਮਜਬੂਰ ਹੈ।
ਸਕਿਊਰਿਟੀ ਕਾਉਂਸਲ ਨੇ ਇਨ੍ਹਾਂ ਚਾਰ ਸੰਕਟਗ੍ਰਸਤ ਮੁਲਕਾਂ ਦੀ ਮਦਦ ਲਈ ਮਾਨਵਤਾਵਾਦੀ ਸਹਿਯੋਗ ਮੁਹੱਈਆ ਕਰਵਾਉਣ ਵਾਲੇ ਦਾਨੀਆਂ ਦੀ ਸ਼ਲਾਘਾ ਕੀਤੀ ਪਰ ਆਖਿਆ ਕਿ ਇਨ੍ਹਾਂ ਦੀ ਮਦਦ ਲਈ ਵਾਧੂ ਵਸੀਲੇ ਤੇ ਫੰਡ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਅਕਾਲ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਜਾ ਸਕੇ। ਸੰਯੁਕਤ ਰਾਸ਼ਟਰ ਅਨੁਸਾਰ ਲੋੜੀਂਦੇ 4.9 ਬਿਲੀਅਨ ਡਾਲਰ ਵਿੱਚੋਂ ਸਿਰਫ 2.5 ਬਿਲੀਅਨ ਡਾਲਰ ਹੀ ਹਾਸਲ ਹੋਏ ਹਨ। 4 ਅਗਸਤ ਤੱਕ ਸੰਯੁਕਤ ਰਾਸ਼ਟਰ, ਯੂਨਾਈਟਿਡ ਕਿੰਗਡਮ, ਯੂਰਪੀਅਨ ਯੂਨੀਅਨ, ਜਰਮਨੀ ਤੇ ਸਾਊਦੀ ਅਰਬ ਵੱਲੋਂ ਸੱਭ ਤੋਂ ਵੱਧ ਯੋਗਦਾਨ ਹਾਸਲ ਹੋਇਆ ਜਾਂ ਇਨ੍ਹਾਂ ਨੇ ਮਦਦ ਦਾ ਵਚਨ ਦਿੱਤਾ।
ਕਾਉਂਸਲ ਨੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੂੰ ਆਖਿਆ ਕਿ ਉਹ ਇਨ੍ਹਾਂ ਚਾਰ ਮੁਲਕਾਂ ਵਿੱਚ ਅਕਾਲ ਦੇ ਖੜ੍ਹੇ ਹੋ ਚੁੱਕੇ ਖਤਰੇ ਤੇ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਅਕਤੂਬਰ ਵਿੱਚ ਮੈਂਬਰਾਂ ਨੂੰ ਜਾਣਕਾਰੀ ਦੇ ਦੇਣ। ਇਸ ਮੌਕੇ ਸਵੀਡਨ ਦੇ ਡਿਪਟੀ ਅੰਬੈਸਡਰ ਕਾਰਲ ਸਕਾਊ ਨੇ ਆਖਿਆ ਕਿ ਉਨ੍ਹਾਂ ਦੇ ਦੇਸ਼ ਨੇ ਪਹਿਲਕਦਮੀ ਕਰਦਿਆਂ ਇਹ ਫੈਸਲਾ ਕੀਤਾ ਹੈ ਕਿ 20 ਮਿਲੀਅਨ ਲੋਕਾਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਨੂੰ ਮਰਨ ਤੋਂ ਬਚਾਉਣ ਲਈ ਅਜੇ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਬ੍ਰਿਟੇਨ ਦੇ ਅੰਬੈਸਡਰ ਮੈਥਿਊ ਰਾਇਕ੍ਰੌਫਟ ਨੇ ਕਾਉਂਸਲ ਦੇ ਬਿਆਨ ਨੂੰ ਬੇਹੱਦ ਅਹਿਮ ਦੱਸਿਆ ਕਿਉਂਕਿ ਪਹਿਲੀ ਵਾਰੀ ਇਸ ਵਿੱਚ ਚਾਰ ਮੁਲਕਾਂ ਵਿੱਚ ਪੈਣ ਵਾਲੇ ਅਕਾਲ ਲਈ ਹਿੰਸਾ ਨੂੰ ਜਿੰ਼ਮੇਵਾਰ ਠਹਿਰਾਇਆ ਗਿਆ ਹੈ। ਅਮਰੀਕਾ ਦੀ ਅੰਬੈਸਡਰ ਨਿੱਕੀ ਹਾਲੇ ਨੇ ਆਖਿਆ ਕਿ ਚਾਰ ਮੁਲਕਾਂ ਵਿੱਚ ਅਕਾਲ ਦਾ ਖਤਰਾ ਦੂਜੀ ਵਿਸ਼ਵ ਜੰਗ ਤੋਂ ਬਾਅਦ ਖੜ੍ਹਾ ਹੋਇਆ ਖੁਰਾਕ ਸਬੰਧੀ ਵੱਡਾ ਸੰਕਟ ਹੈ।