ਚਾਰਾ ਘਪਲੇ ਵਿੱਚ ਲਾਲੂ ਨੇ ਅਦਾਲਤ ਵਿੱਚ ਗਵਾਹੀ ਦਰਜ ਕਰਾਉਣ ਤੋਂ ਨਾਂਹ ਕੀਤੀ

lalu yadav
ਰਾਂਚੀ, 11 ਅਗਸਤ (ਪੋਸਟ ਬਿਊਰੋ)- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੇ ਚਾਰਾ ਘਪਲੇ ਨਾਲ ਜੁੜੇ ਦੇਵਘਰ ਖਜ਼ਾਨੇ ਵਾਲੇ ਮਾਮਲੇ ਵਿੱਚ ਕੱਲ੍ਹ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਇਹ ਕਹਿ ਕੇ ਆਪਣੇ ਪੱਖ ਦੀ ਗਵਾਹੀ ਕਰਵਾਉਣ ਤੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੇ ਹਾਈ ਕੋਰਟ ਨੂੰ ਅਦਾਲਤ ਬਦਲਣ ਦੀ ਅਪੀਲ ਕੀਤੀ ਹੋਈ ਹੈ, ਇਸ ਲਈ ਉਸ ਫੈਸਲੇ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ।
ਲਾਲੂ ਪ੍ਰਸਾਦ ਦੇ ਵਕੀਲ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਕੱਲ੍ਹ ਸਵੇਰੇ ਮਾਮਲੇ ਵਿੱਚ ਸੀ ਬੀ ਆਈ ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਸੀ। ਅਦਾਲਤ ਵਿੱਚ ਲਾਲੂ ਪ੍ਰਸਾਦ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਦੇ ਕੇ ਇਸ ਅਦਾਲਤ ਵਿੱਚ ਭਰੋਸਾ ਨਾ ਹੋਣ ਦੀ ਗੱਲ ਕਹਿੰਦੇ ਹੋਏ ਮੁਕੱਦਮੇ ਨੂੰ ਕਿਸੇ ਹੋਰ ਅਦਾਲਤ ਵਿੱਚ ਬਦਲਣ ਦੀ ਬੇਨਤੀ ਕੀਤੀ ਹੋਈ ਹੈ। ਵਕੀਲ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਰਿੱਟ ਝਾਰਖੰਡ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਹੈ।