ਚਾਨਣ ਦੀ ਹਾਮੀ ਕੌਣ ਭਰੇ?

-ਡਾ ਗੁਰਬਖ਼ਸ਼ ਸਿੰਘ ਭੰਡਾਲ

ਚਾਨਣ, ਇਕ ਸੋਚ। ਹਰਫ਼ਾਂ ਦੀ ਪਾਰਦਸ਼ੀ ਨਂੈਅ, ਕਾਰਜਸੈਲੀ ਨੂੰ ਸਮਰਪਿੱਤ ਜੀਵਨ ਜਾਚ ਅਤੇ ਆਪਣੇ ਅੰਦਰਲੇ ਨੂੰ ਚਾਨਣ ਚਾਨਣ ਕਰਨ ਦੀ ਤਜ਼ਵੀਜ।

ਚਾਨਣ ਆਪੇ ਤੋਂ ਆਪੇ ਤੀਕ ਦਾ ਸਫਰ। ਆਪਣੇ ਅੰਤਰੀਵ `ਚ ਉਤਰ ਕੇ ਆਪਣੇ ਰੂਬਰੂ ਹੋਣ ਦੀ ਅਕੱਥ ਕਹਾਣੀ।  ਆਪਣੇ ਕਿਰਦਾਰ, ਵਿਵਹਾਰ, ਅਚਾਰ ਅਤੇ ਸਦਾਚਾਰ ਵਿਚਲੇ ਅਸਾਂਵੇਪਣ ਨੂੰ ਮੁਖਾਤਬੀ।

ਚਾਨਣ ਸਾਡੇ ਸਾਰਿਆਂ ਦੇ ਅੰਗ-ਸੰਂਗ।  ਹਰ ਇਕ ਦੀ ਸੋਚ ਨੂੰ ਰੁ਼ਸ਼ਨਾਉਣ ਦਾ ਚਾਹਵਾਨ,  ਸਭ ਦੀ ਤਲੀ `ਤੇ ਸੋਨ-ਰੰਗੇ ਸੁਪਨਿਆਂ ਦੀ ਤਾਜਪੋਸ਼ੀ ਕਰਨ ਲਈ ਬੇਚੈਨ ਅਤੇ ਕਾਲੇ ਲੇਖਾਂ ਵਿਚ ਤਾਰਿਆਂ ਦੀ ਖੇਤੀ ਕਰਨ ਦਾ ਚਾਹਵਾਨ। ਪਰ ਅਸੀਂ ਹੀ ਚਾਨਣ ਦੇ ਹੋਕਰੇ ਤੋਂ ਅਣਜਾਣ ਅਤੇ ਚਾਨਣ ਨੂੰ ਦੁਰਕਾਰਨਾ, ਸਾਡੀ ਜੀਵਨ-ਜਾਚ।

ਚਾਨਣ  ਹਨੇਰੀਆਂ ਰਾਤਾਂ ਦੇ ਗਰਭ ਵਿਚ ਸੂਰਜ ਧਰਦਾ ਅਤੇ ਹੌਲੀ ਹੌਲੀ ਰਾਤ ਦੀ ਵੱਖੀ ਵਿਚੋਂ ਸਰਘੀ ਜਨਮਦੀ। ਸਵੇਰ ਜੀਵਨ-ਮੁੱਖ `ਤੇ ਰੁੱਸ਼ਨਾਉਂਦੀ ਅਤੇ ਕੁਦਰਤ ਦੀ ਅਸੀਮਤਾ ਵਿਚ ਰੰਗ ਭਰਦੀ, ਯੁੱਗ ਜਿਉਣ ਦਾ ਸੁੱਖ-ਸੁਨੇਹਾ ਬਣਦੀ।

ਚਾਨਣ ਦਾ ਧਰਮ ਰੋਸ਼ਨੀ ਦਾ ਵਣਜ ਕਰਨਾ, ਸੁਪਨਿਆਂ `ਚ ਚਾਨਣ ਕਾਤਰਾਂ ਬੀਜਣ, ਸੋਚਾਂ ਵਿਚ ਨਿੱਕੇ ਨਿੱਕੇ ਸੂਰਜਾਂ ਦੀਆਂ ਕਲਮਾਂ ਲਾਉਣਾ ਅਤੇ ਫਿਰ ਇਹਨਾਂ ਕਲਮਾਂ ਨੂੰ ਅੰਬਰ ਦੇ ਖੇਤੀਂ ਬੀਜਣਾ। ਤਾਰਾ ਤਾਰਾ ਹੋ ਕੇ ਜਿਊਣ ਵਾਲਾ ਅੰਬਰ ਚਾਨਣ ਦੀ ਸੂਖਮ ਤਸ਼ਬੀਹ ਹੀ ਤਾਂ ਹੈ।

ਚਾਨਣ, ਚਾਨਣੀ ਦਾ ਰਾਗ। ਕੁਝ ਲੋਕ ਇਸਦੀ ਹਾਮੀ ਭਰਦੇ। ਕਈ ਵਾਰ ਇਹ ਹਾਮੀ ਉਹਨਾਂ ਦਾ ਅਤੀਤ ਮਿਟਾਉਂਦੀ। ਪਰ ਚਾਨਣ `ਚ ਉਕਰੇ ਹਰਫ਼ ਸਦਾ-ਚਿਰੰਜੀਵ। ਅਸੀਮਤ ਸਮਿਆਂ ਤੱਕ ਪਹੁੰਚ ਅਤੇ ਭਵਿੱਖ ਦੇ ਮੱਥੇ ਦਾ ਦਗਦਾ ਸੂਰਜ।

ਚਾਨਣ, ਕਾਲਖੀ ਰਾਤਾਂ ਦਾ ਵੈਰੀ। ਏਸੇ ਲਈ ਰਾਤ ਦੇ ਪਹਿਰੇ ਹੇਠ ਕੁਕਰਮਾਂ ਦੀ ਭਰਵੀਂ ਫਸਲ ਨੂੰ ਦੇਖ ਕੇ ਚਾਨਣ ਰੋਣਹਾਕਾ ਹੁੰਦਾ, ਉਸਦੀ ਹਿੱਕ ਵਿਚ ਹਟਕੋਰੇ ਉਗਦੇ ਅਤੇ ਕਈ ਵਾਰ ਸਿਸਕੀਆਂ ਦੀ ਆਊਧ ਵਿਚ ਹੀ ਜੀਵਨ ਵਿਹਾਜ ਜਾਂਦਾ।

ਆਲੇ ਦੁਆਲੇ ਪਸਰੇ ਹੋਏ ਚਾਨਣ ਦੀ ਹੋਂਦ ਤੋਂ ਜਦ ਚੌਗਿਰਦਾ ਹੀ ਮੁੱਨਕਰ ਹੋ ਜਾਵੇ ਤਾਂ ਚਾਨਣ ਬਹੁਤ ਉਦਾਸ ਹੋ ਜਾਂਦਾ। ਉਸਦੀ ੳਦਾਸੀ `ਚ ਉਗਮਦਾ ਅਕਾਰਥ ਪਲ੍ਹਾਂ ਦਾ ਸੋਗ ਅਤੇ ਉਹ ਆਪਣੇ ਪਿੰਡੇ `ਤੇ ਚੁੱਪ ਦੀ ਚਾਦਰ ਤਾਣ ਲੈਂਦਾ।

ਜਦ ਲੋਕ ਚਾਨਣ ਦੀਆਂ ਚੁਗਲੀਆਂ ਕਰਦੇ ਤਾਂ ਚਾਨਣ ਨਿਰਾਸ਼ ਹੁੰਦਾ। ਉਸਦੀ ਨਿਰਾਸ਼ਤਾ ਪੀਲੇ ਪੱਤਿਆਂ ਦੀ ਦਾਸਤਾਨ ਬਣ ਕੇ ਸਮਿਆਂ ਦੇ ਸਫ਼ੇ `ਤੇ ਵਿੱਛ ਜਾਂਦੀ ਅਤੇ ਇਸਦੀ ਇਬਾਰਤ `ਚ ਅਰਥਾਂ ਦੀ ਸਲੀਬ ਲਟਕਦੀ।

ਚਾਨਣ `ਚ ਨਹਾਉਣ ਦੇ ਚਾਹਵਾਨ ਜਦ ਕਾਲਖਾਂ `ਚ ਭਿੱਜ ਜਾਣ ਤਾਂ ਸਵੇਰੇ ਧੁਆਂਖਿਆ ਜਾਂਦਾ। ਸੰਦਲੀ ਸਵੇਰ ਦੇ ਮੁੱਖ `ਤੇ ਰਾਤ ਦੀ ਪ੍ਰਛਾਈ ਆਪਣੇ ਨਕਸ਼ ਉਘਾੜਦੀ ਰਹਿੰਦੀ।

ਚਾਨਣ ਚਾਨਣ ਹੋਣ ਲਈ ਬਹੁਤ ਵਿਰਲੇ ਤੱਤਪਰ। ਜਿ਼ਆਦਾ ਲੋਕ ਹਨੇਰੇ ਪਲ੍ਹਾਂ ਨੂੰ ਜੀਵਨ ਸਮਝ ਉਮਰ ਵਿਹਾਜ ਜਾਂਦੇ। ਇਹਨਾਂ ਮਾਤਮੀ ਪਲ੍ਹਾਂ ਵਿਚ ਕਿਸੇ ਦੇ ਸਾਹਾਂ ਦੀ ਡੋਰ ਟੁੱਟਦੀ, ਕਿਸੇ ਦੀ ਮਾਂਗ ਦਾ ਸੰਧੂਰ ਰੋਲਿਆ ਜਾਂਦਾ, ਕਿਸੇ ਦਾ ਬਚਪਨਾ ਲੀਰਾਂ ਲੀਰਾਂ ਹੂੰਦਾ ਅਤੇ ਕਿਸੇ ਦੀ ਆਬਰੂ ਨਿਲਾਮ ਹੁੰਦੀ। ਅਜੇਹੇ ਹਨੇਰ ਦੀ ਹਾਮੀ ਭਰਨ ਵਾਲੇ ਹਾਊਮੈਂ ਅਤੇ ਨਿੱਜੀ ਮੁਫਾਦਾਂ ਕਾਰਨ ਮੂੰਹ ਸਿਊਂ ਲੈਂਦੇ। ਇਹਨਾਂ ਪਲ੍ਹਾਂ `ਚ ਨਿੰਮਾ ਜਿਹਾ ਚਾਨਣ ਵੀ ਖੁਦਕੁਸ਼ੀ ਕਰ ਲੈਂਦਾ।

ਭਲਾ! ਹਨੇਰ ਨੂੰ ਆਪਣੇ ਹਮਜੋਲੀ ਸਮਝਣ ਵਾਲਿਆਂ ਤੋਂ ਚਾਨਣ ਦੀ ਕੀ ਆਸ ਰਖੋਗੇ? ਕਿਹੜੇ ਮੂੰਹ ਨਾਲ ਉਹ ਚਾਨਣ ਦੀ ਕਿਰਤ ਕਰਨਗੇ ਜਿਹਨਾਂ ਨੇ ਹਨੇਰਿਆਂ ਨੂੰ ਹੀ ਆਪਣੀ ਕਿਰਤ ਸਾਧਨਾ ਬਣਾ ਲਿਆ ਹੋਵੇ?

ਚਾਨਣ ਹਰ ਰੂਪ ਵਿਚ ਸਾਰਥਿਕ, ਹਰ ਕਿਸਮ ਵਿਚ ਦੁਰਲੱਭ, ਹਰ ਪ੍ਰਕਾਰ ਵਿਚ ਪੂਰਨ ਅਤੇ ਸਰਬਾਂਗੀ ਸਮਰੂਪ।

ਸਾਦਗੀ, ਸੁਹੱਪਣ, ਸਮਰਪਿੱਤਾ, ਸਦਭਾਵਨਾ ਅਤੇ ਸਹਿਯੋਗ ਦਾ ਚਾਨਣ ਜਦ ਕਿਸੇ ਮੁੱਖ ਤੋਂ ਛਲਕਦਾ ਏ ਤਾਂ ਮਨੁੱਖਤਾ ਦੀ ਰੂਹ ਨਸਿ਼ਆ ਜਾਂਦੀ। ਮਨੁੱਖ ਦਾ ਮਾਨਵੀਕਰਨ ਹੀ ਉਸ ਚਾਨਣ ਦੀ ਕਾਤਰ ਦੀ ਚਸ਼ਮਦੀਦ ਗਵਾਹ ਹੈ ਜਿਸ ਨੇ ਮਾਨਵਤਾ ਨੂੰ ਵਡਿਆਉਣਾ ਏ।

ਚਾਨਣ ਸਾਡੇ ਬੋਲਾਂ ਦਾ ਵੀ ਹੁੰਦਾ ਜੋ ਕਿਸੇ ਲਈ ਮਰਹਮ ਬਣਦਾ, ਕਿਸੇ ਲਈ ਹਮਦਰਦੀ ਦਾ ਪੈਗਾਮ, ਕਿਸੇ ਲਈ ਮਹੁੱਬਤ ਦਾ ਕੋਰਾ ਵਰਕਾ ਜਾਂ ਕਿਸੇ ਲਈ ਘਰ `ਚ ਆਉਂਦੇ ਕਦਮਾਂ ਲਈ ਖੁਸ਼ਆਮਦੀਦ ਹੁੰਦਾ। ਮਹਾਂ ਪੁਰਖਾਂ ਦੇ ਬੋਲ ਅਤੇ ਬਜੁਰਗਾਂ ਦੀ ਕਹਾਣੀਆਂ ਚਾਨਣ ਦੀ ਸੱਦ। ਇਹ ਸਾਡੀਆਂ ਬੀਹੀਆਂ ਵਿਚ ਹੀ ਲੱਗਦੀ ਪਰ ਸੁਣੇ ਨੂੰ ਅਣਸੁਣਿਆ ਕਰਨ ਦੇ ਆਦੀ।

ਚਾਨਣ ਹਰਫ਼ਾਂ ਵਿਚ ਵੀ ਸਿੰੰਮਦਾ ਜੋ ਪਾਠਕ ਦੇ ਨੈਣਾਂ ਵਿਚ ਦੁੱਧ-ਧੋਤੀ ਚਾਨਣੀ ਧਰਦਾ, , ਮਸਤਕ ਵਿਚ ਸੁਮੱਤ ਦਾ ਚਿਰਾਗ ਜਗਾਉਂਦਾ, ਪੈੜਾਂ ਵਿਚ ਵਿਚ ਚਾਨਣ ਤਰੌਂਕਦਾ ਅਤੇ ਮੰਜ਼ਲ਼ਾਂ ਨੂੰ ਉਹਨਾਂ ਦੇ ਨਾਵੇਂ ਕਰਦਾ। ਧਰਮ ਗ੍ਰੰਥ ਅਤੇ ਦੁਰਲੱਭ ਖਰੜਿਆਂ ਦੀ ਇਬਾਰਤ, ਚਾਨਣ ਦਾ ਸੁੱਚਾ ਸਿਰਨਾਵਾਂ। ਕਦੇ ਇਸ ਸਿਰਨਾਵੇਂ ਨੂੰ ਅੰਦਰ ਉਤਾਰਨ ਦਾ ਸ਼ੁਭ-ਕਰਮਨ ਕਰਨਾ, ਤੁਹਾਡੇ ਪੱਲੇ ਸਾਹਾਂ ਦੀ ਖੁਸ਼ਬੋਈ ਪਵੇਗੀ।

ਚਾਨਣ ਚਾਨਣ ਹੋ ਕੇ ਜਿਊਣਾ ਕੁਝ ਕੁ ਵਿਰਲਿਆਂ ਦਾ ਧੰਨਭਾਗ। ਅਜੇਹੇ ਲੋਕ ਚਾਨਣ ਦਾ ਵਣਜ ਕਰਦੇ, ਚਾਣਨ ਦੀ ਗਵਾਹੀ ਭਰਦੇ ਅਤੇ ਚਾਨਣੀਆਂ ਰਾਤਾਂ ਦਾ ਦਰਦ, ਚਾਨਣ `ਚ ਭਿਊਂ, ਚਾਨਣ ਦੇ ਦਿਸਹੱਦੇ `ਤੇ ਧਰ ਆਉਂਦੇ ਜਿਸਨੇ ਆਉਣ ਵਾਲੇ ਸਮਿਆਂ ਦੀ ਮਾਰਗ ਦਰਸ਼ਨਾ ਕਰਨੀ ਹੁੰਦੀ।

ਚਾਨਣ ਦੀ ਫੁੱਲਕਾਰੀ ਦੇ ਸੂਹੇ ਰੰਗ ਜਦ ਜੀਵਨ ਦਾ ਸੁੱਚਮ ਬਣਦੇ ਤਾਂ ਜਿ਼ੰਦਗੀ ਦੇ ਰੰਗ ਸੂਹੀ ਭਾਅ ਮਾਰਦੇ। ਕਦੇ ਜਿ਼ੰਦਗੀ ਦੀ ਚਾਦਰ `ਤੇ ਚਾਨਣ ਦੀਆਂ ਬੂਟੀਆਂ ਪਾਉਣਾ, ਤੁਹਾਡੇ ਵਿਹੜੇ `ਚ ਸ਼ਗਨਾਂ ਦੀ ਰੁੱਤ ਮੌਲੇਗੀ।

ਚਾਨਣ ਦੇ ਦਰ `ਤੇ ਕਦੇ ਦਸਤਕ ਬਣਨਾ, ਚਾਨਣ ਤੁਹਾਡੇ ਘਰ ਦੀ ਪ੍ਰਕਰਮਾ ਚੋਂ ਆਪਣੇ ਆਪ ਨੂੰ ਵਿਸਥਾਰੇਗਾ। ਯਾਦ ਰਹੇ ਚਾਨਣ `ਚ ਨਹਾਤੇ ਘਰ ਹੀ ਚਾਨਣ ਦਾ ਰੈਣ-ਬਸੇਰਾ, ਅਲਾਹੀ ਫੁਰਮਾਨ ਅਤੇ ਪੈਗਾਮ ਹੁੰਦੇ।

ਜੀਵਨ ਦੇ ਵਿਹੜੇ `ਤੇ ਜਦ ਚਾਨਣ ਦੀਆਂ ਕਣੀਆਂ  ਦੀ ਕਿੱਣਮਿੱਣ ਹੁੰਦੀ, ਬਰਸਾਤ `ਚ  ਸਮੁੱਚੀ ਕਾਇਨਾਤ ਨਹਾਉਂਦੀ ਤਾਂ ਅਸੀਂ ਵੀ ਚਾਨਣ ਸੰਗ ਇਕਸੁਰ ਹੁੰਦੇ।

ਚਾਨਣ ਦੀ ਲੋਚਾ ਮਨ ਵਿਚ ਪਾਲਣਾ ਜਰੂਰੀ ਹੁੰਦਾ। ਚਾਨਣ ਦੀ ਅਭਿਲਾਸ਼ਾ ਨੂੰ ਆਪਣੀ ਕਰਮਸ਼ੈਲੀ ਵਿਚ ਅਪਨਾਉਣਾ ਹੋਰ ਜਰੂਰੀਹੁੰਦਾ ਪਰ ਸਭ ਤੋਂ ਜਰੂਰੀ ਹੁੰਦਾ ਏ ਚਾਨਣ ਸੰਗ ਚਾਨਣ ਬਣ ਕੇ ਚਾਨਣਾਂ ਦੀ ਸੇਵ ਕਮਾਉਣੀ।

ਚਾਨਣ ਮੁੱਲ ਨਹੀਂ ਵਿਕਦਾ। ਇਹ ਕਮਾਉਣਾ ਪੈਂਦਾ ਆਪਣੀ ਸੋਚ ਦੀ ਜੋਤ ਜਗਾ ਕੇ ਅਤੇ ਮਾਨਵੀ ਕਦਰਾਂ ਕੀਮਤਾਂ ਦਾ ਰਹਿਬਰੀ ਮਾਣ ਕੇ।

ਚਾਨਣ ਤਾਂ ਚਾਨਣ ਹੈ, ਇਸਦਾ ਰੂਪ ਕੌਣ ਵਟਾਵੇ, ਕਿਹੜਾ ਇਸਦੇ ਮੇਚ ਆਵੇ ਜੋ  ਬੁੱਝੇ ਨੈਣਾਂ ਦੇ ਨਾਵੇਂ ਰਿਸ਼ਮਾਂ ਦਾ ਸਾਗਰ ਲਾਵੇ।

ਚਾਨਣ ਦੀ ਆਬਸ਼ਾਰ ਜਦ ਰੂਹ ਵਿਚ ਉਤਰ ਆਵੇ ਤਾਂ ਚਾਨਣਾਂ ਦੀ ਹਮਸਫ਼ਰੀ ਮਾਣਮੱਤਾ ਸੰਯੋਗ ਬਣ ਕੇ ਸਾਡੇ ਜੀਵਨ ਦਾ ਦੱਗਦਾ ਸੱਚ ਬਣ ਜਾਂਦੀ ਜਿਸਨੇ ਆਪੇ ਨੂੰ ਪਛਾਨਣਾ ਅਤੇ ਨਿਖਾਰਨਾ ਹੁੰਦਾ।

ਚਾਨਣ ਦੇ ਗਾਡੀਰਾਹ ਦੇ ਮੁਸਾਫ਼ਰ ਬਣਨ ਦੀ ਕਾਮਨਾ ਕਰਿਓ ਤਾਂ ਹੀ ਚਾਨਣ ਸੁਹਜ-ਸੰਵੇਦਨਾ ਦਾ ਹਿੱਸਾ ਬਣ ਕੇ ਸਾਨੂੰ ਮੁਖਾਤਬ ਹੋਵੇਗਾ।

ਕਦੇ ਕਦੇ ਆਪੇ ਨੂੰ ਭਾਲਦਿਆਂ ਕੁਝ ਸਮਾਂ ਚਾਨਣਾਂ ਸੰਗ ਜਰੂਰ ਬਿਤਾਓ, ਚੌਮੁੱਖੀਆ ਦੀਵਾ ਤੁਹਾਡੇ ਘਰ ਦਾ ਭਾਗ ਬਣ ਜਾਵੇਗਾ।