ਚਲੋ ਪੁਸਤਕ ਰਿਲੀਜ਼ ਤਾਂ ਹੋਈ

-ਹਰੀ ਕ੍ਰਿਸ਼ਨ ਮਾਇਰ
ਸਮਾਗਮ ਇੱਕ ਪੁਸਤਕ ਲੋਕ ਅਰਪਣ ਦਾ ਸੀ। ਸ਼ਹਿਰ ਲਾਗੇ ਕਿਸੇ ਪਿੰਡ ਦੀ ਲੇਖਿਕਾ ਦਾ ਪਲੇਠਾ ਕਾਵਿ-ਸੰਗ੍ਰਹਿ ਰਿਲੀਜ਼ ਹੋਣਾ ਸੀ। ਸਮਾਗਮ ਸ਼ਹਿਰ ਦੇ ਲਿਖਾਰੀ ਭਵਨ ਵਿੱਚ ਹੋ ਰਿਹਾ ਸੀ। ਮੈਂ ਵੀ ਇਸ ਵਿੱਚ ਸ਼ਾਮਲ ਹੋਣ ਲਈ ਹਾਲ ਵਿੱਚ ਪ੍ਰਵੇਸ਼ ਕੀਤਾ। ਸਾਹਮਣੇ ਸੋਫਿਆਂ ‘ਤੇ ਕੁਝ ਬਜ਼ੁਰਗ ਲੇਖਕ ਬੈਠੇ ਸਨ। ਮੰਚ ਸੰਚਾਲਕ ਬੀਬੀ ਇਧਰ-ਉਧਰ ਲੋਕਾਂ ਕੋਲ ਜਾ ਕੇ ਸੂਚਨਾਵਾਂ ਇਕੱਤਰ ਕਰ ਰਹੀ ਸੀ। ਮੰਚ ‘ਤੇ ਕੁਰਸੀਆਂ ਅਜੇ ਖਾਲੀ ਹੀ ਪਈਆਂ ਸਨ।
ਮੰਚ ਤੋਂ ਅਨਾਊਂਸਮੈਂਟ ਹੋਈ। ਅੱਜ ਦਾ ਸਮਾਰੋਹ ਲਿਖਾਰੀ ਸਭਾ ਵੱਲੋਂ ਕਰਾਇਆ ਜਾ ਰਿਹਾ ਹੈ। ਮੈਂ ਸਭਾ ਦੇ ਪ੍ਰਧਾਨ ਨੂੰ ਮੰਚ ਉਤੇ ਸੁਸ਼ੋਬਿਤ ਹੋਣ ਦੀ ਬੇਨਤੀ ਕਰਦੀ ਹਾਂ। ਫਿਰ ਲੇਖਿਕਾ ਨੂੰ ਸੱਦਿਆ ਗਿਆ। ਫਿਰ ਇੱਕ ਸਥਾਨਕ ਅਖਬਾਰ ਦੇ ਸਹਿ ਸੰਪਾਦਕ ਨੂੰ ਅਤੇ ਫਿਰ ਇੱਕ ਗਾਇਕ ਤੇ ਨਗਰ ਨਿਗਮ ਦੇ ਇੱਕ ਕਰਮਚਾਰੀ ਨੂੰ ਸੱਦਿਆ ਗਿਆ। ਸੰਚਾਲਕ ਨੇ ਮੰਚ ਦੀ ਕਾਰਵਾਈ ਆਰੰਭ ਕੀਤੀ। ਪਹਿਲਾਂ ਸਹਿ ਸੰਪਾਦਕ ਨੂੰ ਬੁਲਾਇਆ। ਉਸ ਨੇ ਮੰਚ ‘ਤੇ ਆਉਂਦੇ ਸਾਰ ਕਿਹਾ, ‘‘ਕਿਤਾਬ ਤਾਂ ਅਜੇ ਮੇਰੇ ਕੋਲ ਪਹੁੰਚੀ ਨਹੀਂ। ਜਦੋਂ ਮਿਲੇਗਾ ਤਾਂ ਪੜ੍ਹਾਂਗਾ। ਹਾਂ ਇੱਕ ਗੀਤ ਦੇ ਦੋ ਪੈਰ੍ਹੇ ਸੁਣਾ ਕੇ ਖਿਮਾ ਚਾਹਾਂਗਾ। ਉਹ ਪਤਾ ਨਹੀਂ ਕੀਹਦੇ ਗੀਤ ਦੇ ਬੋਲ, ਬੋਲ ਕੇ ਚਲਾ ਗਿਆ। ਮੈਂ ਸੋਚਿਆ ਕਿ ਬੜੀ ਮਾੜੀ ਸ਼ੁਰੂਆਤ ਹੋਈ। ਫਿਰ ਕਿਤਾਬ ‘ਤੇ ਬੋਲਣ ਲਈ ਇੱਕ ਬੁਲਾਰਾ ਆਇਆ। ਉਸ ਦੇ ਰੋਹੀਲੇ ਸ਼ਬਦਾਂ ਤੋਂ ਲੱਗਦਾ ਸੀ ਕਿ ਇਹ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਚੰਗੀ ਛਿੱਲ ਉਧੇੜੇਗਾ। ਸੁਣਨ ਵਾਲਿਆਂ ਅਤੇ ਪੁਸਤਕ ਦੀ ਲੇਖਿਕਾ ਨੂੰ ਉਸਾਰੂ ਦਿਸ਼ਾ ਮਿਲਣ ਦੀ ਉਮੀਦ ਸੀ। ਉਸ ਨੇ ਬੱਸ ਇਹੀ ਕਿਹਾ ਕਿ ਪੁਸਤਕ ਦੀ ਸ਼ਾਇਰੀ ਇੱਕ ਕ੍ਰਿਸ਼ਮਾ ਹੈ, ਛੇਤੀ ਹੀ ਕਵਿੱਤਰੀ ਮੂਹਰਲੀ ਕਤਾਰ ਵਿੱਚ ਪੁੱਜ ਜਵੇਗੀ।
ਮੰਚ ਸੰਚਾਲਕ ਬੀਬੀ ਨੇ ਮੰਚ ‘ਤੇ ਬੈਠੇ ਪ੍ਰਧਾਨਗੀ ਮੰਡਲ ਨਾਲ ਨਜ਼ਰ ਮੇਲੀ ਅਤੇ ਹੌਲੀ ਦੇਣੇ ਮਾਈਕ ਤੋਂ ਪਰ੍ਹੇ ਹਟ ਕੇ ਬੋਲੀ, ‘‘ਹੁਣ ਕਰ ਦਿਆਂ ਲੋਕ ਅਰਪਣ ਦੀ ਅਨਾਊਂਸਮੈਂਟ?”
‘‘ਅਜੇ ਫੋਟੋਗਰਾਫਰ ਤਾਂ ਆਇਆ ਨਹੀਂ,” ਇੱਕ ਜਣਾ ਬੋਲਿਆ।
‘‘ਜੇ ਫੋਟੋ ਨਾ ਕਰਵਾਈ ਤਾਂ ਲੋਕ ਅਰਪਣ ਕਾਹਦਾ ਹੋਇਆ?” ਦੂਜਾ ਬੋਲਿਆ।
ਹੁਣ ਲੇਖਿਕਾ ਨੂੰ ਆਪਣੀ ਸਿਰਜਣ ਪ੍ਰਕਿਰਿਆ ‘ਤੇ ਝਾਤ ਪੁਆਉਣ ਲਈ ਮੰਚ ਉੱਤੇ ਬੁਲਾਇਆ ਗਿਆ। ਸ਼ਾਇਰਾ ਦੇ ਬੋਲਣ ‘ਚ ਸੁਹਿਰਦਤਾ ਸੀ, ਸੰਵੇਦਨਸ਼ੀਲਤਾ ਸੀ। ਮੇਰੇ ਮਨ ਵਿੱਚੋਂ ਆਵਾਜ਼ ਉਭਰੀ-ਪਹਿਲੇ ਪਹਿਲ ਤਾਂ ਸਾਰੇ ਏਦਾਂ ਦਾ ਲਿਖਦੇ ਹਨ। ਅੱਗੇ ਜਾ ਕੇ ਇਹ ਸੋਹਣੀਆਂ ਨਜ਼ਮਾਂ ਲਿਖਿਆ ਕਰੇਗੀ। ਆਸ ਹੈ। ਫਿਰ ਮੰਚ ਤੋਂ ਇੱਕ ਹੰਢੇ ਗੀਤਕਾਰ ਨੂੰ ਬੁਲਾਇਆ ਗਿਆ। ਉਹ ਪਲ ਭਰ ‘ਚ ਗੋਲੇ ਵਾਂਗ ਉਧੜਨ ਲੱਗਾ। ਕਹਿੰਦਾ। ਮੇਰੇ ਸੌ ਗੀਤ ਐਲਬਮਾਂ ਵਿੱਚ ਰਿਕਾਰਡ ਹੋਏ ਹਨ। ਮੈਂ ਉਸ ਦਾ ਨਾਂਅ ਪਹਿਲੀ ਦਫਾ ਸੁਣਿਆ ਸੀ। ਉਹ ਡੇਢ ਘੰਟਾ ਮੰਚ ਤੋਂ ਬੋਲਦਾ ਰਿਹਾ। ਬੇਸਿਰ ਪੈਰ ਬੋਲੀ ਗਿਆ। ਕਹਿੰਦਾ; ਮੈਂ ਸਭਿਆਚਾਰ ਦੀ ਝੋਲੀ ਮੂੰਹ ਤੱਕ ਭਰ ‘ਤੀ। ਮੈਂ ਸੋਚਿਆ, ਹੁਣ ਹੋਰ ਸਾਹਿਤਕ ਕਰਮੀ ਆਪਣਾ ਯੋਗਦਾਨ ਕਿਸ ਦੀ ਝੋਲੀ ਪਾਉਣਗੇ। ਝੋਲੀ ਤਾਂ ਹੰਢਿਆ ਗੀਤਕਾਰ ਹੀ ਭਰ ਗਿਆ। ਲੇਖਿਕਾ ਉਸ ਵੱਲ ਟਿਕਟਿਕੀ ਲਾਈ ਦੇਖ ਰਹੀ ਸੀ। ਸੋਚਦੀ ਹੋਵੇਗੀ ਕਿ ਜਾਂਦਾ-ਜਾਂਦਾ ਉਹ ਗੀਤਕਾਰ ਪੁਸਤਕ ਬਾਰੇ ਜ਼ਰੂਰ ਵਜ਼ਨਦਾਰ ਟਿੱਪਣੀ ਦੇ ਕੇ ਗੱਲ ਮੁਕਾਵੇਗਾ, ਪਰ ਲੋਕਾਂ ਨੇ ਵਿਚਾਲੇ ਹੀ ਤਾੜੀਆਂ ਮਾਰ ਦਿੱਤੀਆਂ। ਉਸ ਨੂੰ ਗੱਲ ਖਤਮ ਕਰਨ ਤੋਂ ਪਹਿਲਾਂ ਹੀ ਮੰਚ ਤੋਂ ਉਤਰਨਾ ਪਿਆ।
ਪੁਸਤਕ ਬਾਰੇ ਅਜੇ ਕੋਈ ਵੀ ਗੰਭੀਰ ਚਰਚਾ ਨਹੀਂ ਸੀ ਛਿੜੀ। ਮੰਚ ‘ਤੇ ਪਏ ਮੇਜ਼ ਉਪਰ ਚਮਕਦੇ ਕਾਗਜ਼ ਵਿੱਚ ਸੁਨਹਿਰੀ ਸੈਲੋਟੇਪਾਂ ਨਾਲ ਬੰਨ੍ਹੀਆਂ ਕਿਤਾਬਾਂ ਲੋਕ ਅਰਪਣ ਦੀ ਰਸਮ ਉਡੀਕ ਰਹੀਆਂ ਸਨ। ਇੱਕ ਵਾਰ ਮੁੜ ਕਵਿੱਤਰੀ ਆਪਣੀਆਂ ਦੋ ਨਜ਼ਮਾਂ ਮੰਚ ‘ਤੇ ਸੁਣਾ ਗਈ। ਫਿਰ ਇੱਕ ਜਥੇਬੰਦੀ ਦਾ ਆਗੂ ਸਟੇਜ ‘ਤੇ ਆ ਕੇ ਕਹਿੰਦਾ- ਸਾਡੀ ਜਥੇਬੰਦੀ ਇੱਥੇ ਹੀ ਸ਼ਾਮ ਨੂੰ ਸੱਤ ਵਜੇ ਹੱਥਾਂ ਦੀ ਕਰਾਮਾਤ ਨਾਟਕ ਖੇਡ ਰਹੀ ਹੈ। ਬੱਚਿਆਂ ਨੂੰ ਨਾਲ ਲੈ ਕੇ ਦੇਖਣ ਜ਼ਰੂਰ ਆਇਓ। ਇਹ ਆਗੂ ਵੀ ਮੌਕੇ ਦਾ ਲਾਭ ਉਠਾ ਗਿਆ। ਇੰਨੇ ਨੂੰ ਫੋਟੋਗਰਗਾਫਰ ਹਾਲ ਅੰਦਰ ਵੜਿਆ। ਆਵਾਜ਼ਾਂ ਆਉਣ ਲੱਗੀਆਂ-ਲਓ ਬਈ ਆ ਗਿਆ ਫੋਟੋਗਰਾਫਰ। ਮੰਚ ਤੋਂ ਬੋਲ ਉਭਰੇ-ਉਡੀਕ ਖਤਮ, ਮੰਚ ‘ਤੇ ਸਾਰੇ ਜਣੇ ਪੁਸਤਕ ਦੀ ਇੱਕ ਇੱਕ ਕਾਪੀ ਆਪਣੇ ਹੱਥਾਂ ਵਿੱਚ ਫੜ ਕੇ ਖਲੋ ਜਾਓ। ਪ੍ਰਧਾਨ ਜੀ, ਚਮਕੀਲਾ ਕਾਗਜ਼ ਉਤਾਰ ਕੇ ਦਸਖਤ ਕਰਨ ਉਪਰੰਤ ਕਿਤਾਬ ਲੇਖਿਕਾ ਨੂੰ ਭੇਟ ਕਰਨਗੇ। ਪੰਜ-ਸੱਤ ਜਣੇ ਇੱਕ ਇੱਕ ਕਿਤਾਬ ਨੂੰ ਹੱਥ ਪਾ ਕੇ ਖਲੋ ਗਏ। ਫੋਟੋਗਰਾਫਰ ਬੋਲਿਆ, ‘ਰੈਡੀ।’ ਤੇ ਫਲੈਸ਼ ਦਾ ਚਮਕਾਰਾ ਸਭਨਾਂ ਦੀ ਫੋਟੋ ਖਿੱਚ ਕੇ ਕੈਮਰੇ ਦੇ ਅੰਦਰ ਲੈ ਗਿਆ ਸੀ। ਮੰਚ ਸੰਚਾਲਕਾਂ ਨੇ ਲੇਖਿਕਾ ਨੂੰ ਪੁਸਤਕ ਦੇ ਲੋਕ ਅਰਪਣ ਹੋਣ ਉਤੇ ਮੁਬਾਰਕਬਾਦ ਆਖੀ। ਆਲ ਵਿੱਚ ਖੂਬ ਤਾੜੀਆਂ ਵੱਜੀਆਂ।
ਕਿਹਾ ਜਾ ਰਿਹਾ ਸੀ ਕਿ ਇਹ ਪਲ ਯਾਦਗਾਰੀ ਹੈ, ਇਤਿਹਾਸਕ ਵੀ। ਮੈਂ ਸੋਚਦਾਂ ਯਾਦਗਾਰੀ ਤਾਂ ਹੈ, ਜਦ ਤਰਸਾ-ਤਰਸਾ ਕੇ ਕਿਤਾਬ ਨੂੰ ਰਿਲੀਜ਼ ਕੀਤਾ ਗਿਆ ਹੈ। ਫੋਟੋਗਰਾਫਰ ਹੀ ਅੜਿੱਕਾ ਬਣਿਆ ਰਿਹਾ। ਇਹ ਪਲ ਇਤਿਹਾਸਕ ਇਸ ਲਈ ਹੈ ਕਿ ਇੰਨੇ ਮਾੜੇ ਤਰੀਕੇ ਨਾਲ ਕਦੇ ਕੋਈ ਪੁਸਤਕ ਰਿਲੀਜ਼ ਨਹੀਂ ਹੋਈ ਹੋਣੀ। ਪੁਸਤਕ ਬਾਰੇ ਕੋਈ ਗੰਭੀਰ ਚਰਚਾ ਹੀ ਨਹੀਂ ਹੋਈ, ਪਰ ਲੇਖਿਕਾ ਖੁਸ਼ ਸੀ, ਉਸ ਦੇ ਪਰਵਾਰਕ ਮੈਂਬਰ ਵੀ। ਲਿਖਾਰੀ ਸਭਾ ਦੇ ਪ੍ਰਧਾਨ ਤੇ ਮੈਂਬਰ ਖੁਸ਼ ਸਨ। ਪਹਿਲਾਂ ਹੀ ਤਿਆਰ ਕੀਤੇ ਪ੍ਰੈਸ ਨੋਟ ਦੂਜੇ ਦਿਨ ਅਖਬਾਰਾਂ ਵਿੱਚ ਲੱਗਣ ਲਈ ਵੰਡੇ ਗਏ ਸਨ। ਫੋਟੋਆਂ ਈ-ਮੇਲ ਕੀਤੀਆਂ ਜਾ ਰਹੀਆਂ ਸਨ। ਜੇ ਕੋਈ ਦੁਖੀ ਸੀ ਤਾਂ ਮੇਰੇ ਵਰਗੇ ਇੱਕ-ਦੁੱਕਾ ਲੋਕ, ਜਿਨ੍ਹਾਂ ਨੂੰ ਕਵਿਤਾ ਨਾਲ ਲਗਾਅ ਸੀ। ਮੇਰੇ ਮਨ ‘ਚੋਂ ਆਵਾਜ਼ ਉਭਰੀ, ‘ਚਲੋ ਪੁਸਤ ਰਿਲੀਜ਼ ਤਾਂ ਹੋਈ। ਭਲਾ ਜੇ ਕਿਤੇ ਫੋਟੋਗਰਾਫਰ ਆਉਂਦਾ ਹੀ ਨਾ ਫੇਰ।’