ਚਰਨਜੀਤ ਸਿੰਘ ਚੱਢਾ ਦਾ ਪੁੱਤਰ ਪੁਲਸ ਅੱਗੇ ਪੇਸ਼

ਚਰਨਜੀਤ ਸਿੰਘ ਚੱਢਾ

* ਚੀਫ ਖਾਲਸਾ ਦੀਵਾਨ ਨੇ ਅਗਲੀ ਕਾਰਵਾਈ ਲਈ ਮੀਟਿੰਗ ਸੱਦੀ
ਅੰਮ੍ਰਿਤਸਰ, 2 ਜਨਵਰੀ, (ਪੋਸਟ ਬਿਊਰੋ)- ਵੀਡੀਓ ਵਾਇਰਲ ਕੇਸ ਵਿੱਚ ਚਰਚਿਤ ਹੋਏ ਤੇ ਅਹੁਦੇ ਤੋਂ ਬਰਖਾਸਤ ਕਰ ਦਿੱਤੇ ਗਏ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਅੱਜ ਪੁਲਿਸ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਸਿੱਟ) ਅੱਗੇ ਪੇਸ਼ ਹੋ ਗਿਆ ਤੇ ਬਿਆਨ ਦਰਜ ਕਰਵਾਏ। ਇਸ ਦੀ ਕਾਰਵਾਈ ਸਿੱਟ ਦੇ ਐਸ ਪੀ ਰੈਂਕ ਦੇ ਪੁਲਸ ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ ਹੈ।
ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 8 ਜਨਵਰੀ ਨੂੰ ਇਹ ਰਿਪੋਰਟ ਅਦਾਲਤ ਨੂੰ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੱਢਾ ਨੂੰ ਵਿਦੇਸ਼ ਭੱਜਣ ਤੋ ਰੋਕਣ ਲਈ ਐਲ ਓ ਸੀ ਜਾਰੀ ਕਰ ਦਿਤੀ ਗਈ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਵਰਨਣ ਯੋਗ ਹੈ ਕਿ ਚੀਫ ਖਾਸਲਾ ਦੀਵਾਨ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਨਾਲ ਚਰਨਜੀਤ ਸਿੰਘ ਚੱਢਾ ਦਾ ਇੱਕ ਵੀਡੀਉ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ ਜਿਸ ਕਾਰਨ ਚੱਢਾ ਪਰਵਾਰ ਮੁਸੀਬਤ ਵਿੱਚ ਹੈ। ਚੱਢਾ ਨੇ ਇਸ ਵੀਡੀਓ ਨੂੰ ਜਾਅਲੀ ਦਸਦਿਆਂ ਆਖਿਆ ਸੀ ਕਿ ਉਹ 15 ਦਿਨਾਂ ਦੇ ਅੰਦਰ ਇਸ ਵੀਡੀਉ ਦੀ ਸੱਚਾਈ ਜ਼ਾਹਰ ਕਰ ਦੇਣਗੇ, ਪਰ ਸਬੰਧਤ ਮਹਿਲਾ ਨੇ ਕੇਸ ਦਰਜ ਕਰਵਾ ਦਿਤਾ ਤਾਂ ਚੱਢਾ ਦਾ ਝੂਠ ਜ਼ਾਹਰ ਹੋਣ ਪਿੱਛੋਂ ਉਹ ਗਾਇਬ ਹੋ ਗਿਆ ਸੀ। ਪੀੜਤ ਮਹਿਲਾ ਰਵਿੰਦਰ ਕੌਰ ਬਾਜਵਾ ਨੇ ਪੰਜਾਬ ਪੁਲਸ ਦੇ ਮੁਖੀ ਨੂੰ ਅਰਜ਼ੀ ਦਿੱਤੀ ਸੀ ਕਿ ਚੱਢਾ ਅਤੇ ਉਸ ਦਾ ਪੁੱਤਰ ਇੰਦਰਪ੍ਰੀਤ ਸਿੰਘ ਉਨ੍ਹਾਂ ਨੂੰ ਧਮਕਾ ਕੇ ਉਸ ਨਾਲ ਵਧੀਕੀ ਕਰਦੇ ਰਹੇ ਹਨ ਤੇ ਵੀਡੀਉ ਵਾਇਰਲ ਹੋਣ ਪਿੱਛੋਂ ਦੋਵਾਂ ਨੇ ਉਸ ਨੂੰ ਮੂੰਹ ਬੰਦ ਰੱਖਣ ਲਈ ਧਮਕੀ ਦਿੱਤੀ ਹੈ। ਉਸ ਦੀ ਦਰਖਾਸਤ ਉੱਤੇ ਥਾਣਾ ਇਸਲਾਮਾਬਾਦ ਵਿਖੇ ਯੌਨ ਸ਼ੋਸ਼ਣ ਤੇ ਧਮਕੀਆ ਦੇਣ ਦਾ ਕੇਸ ਦਰਜ ਕਰ ਕੀਤਾ ਗਿਆ ਸੀ। ਇਸ ਬਾਰੇ ਪਹਿਲਾਂ ਭਾਵੇਂ ਇਹ ਰੌਲਾ ਸੀ ਕਿ ਦੋਵੇਂ ਪਿਉ ਪੁੱਤਰ ਵਿਦੇਸ਼ ਦੌੜ ਗਏ ਹਨ, ਪਰ ਬਾਅਦ ਵਿਚ ਪਤਾ ਲੱਗਾ ਪੁੱਤਰ ਅੰਮ੍ਰਿਤਸਰ ਵਿਚ ਹੀ ਹੈ, ਪਰ ਪਿਉ ਦੇ ਪਟਨਾ ਸਾਹਿਬ ਹੋਣ ਦੀ ਚਰਚਾ ਸੀ। ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਅਪਣੇ ਆਪ ਨੂੰ ਬੇਕਸੂਰ ਦਸਦਿਆਂ ਅਦਾਲਤ ਵਿਚ ਅਗੇਤੀ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਐਡੀਸ਼ਨਲ ਸ਼ੈਸ਼ਨ ਜੱਜ ਅਮਰਜੀਤ ਸਿੰਘ ਨੇ ਪ੍ਰਵਾਨ ਕਰ ਕੇ ਉਸ ਨੂੰ ਚਾਰ ਦਿਨਾਂ ਦੇ ਅੰਦਰ ਪੁਲਿਸ ਕੋਲ ਪੇਸ਼ ਹੋ ਕੇ ਜਾਂਚ ਵਿਚ ਸ਼ਾਮਲ ਹੋਣ ਦਾ ਆਦੇਸ਼ ਦਿਤਾ ਤੇ ਪੁਲਿਸ ਨੂੰ 8 ਜਨਵਰੀ ਨੂੰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।
ਵਿਸ਼ੇਸ਼ ਜਾਂਚ ਟੀਮ ਦੇ ਮੁੱਖੀ ਹਰਜੀਤ ਸਿੰਘ ਧਾਰੀਵਾਲ ਨੇ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਦੇ ਜਾਂਚ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕਰਦਿਆ ਕਿਹਾ ਕਿ ਅਗਲੀ ਕਾਰਵਾਈ 8 ਜਨਵਰੀ ਨੂੰ ਅਦਾਲਤ ਵਿਚ ਰੀਪੋਰਟ ਪੇਸ਼ ਕਰਨ ਤੋਂ ਬਾਅਦ ਕੀਤੀ ਜਾਵੇਗੀ। ਧਾਲੀਵਾਲ ਦੇ ਮੁਤਾਬਕ ਸ਼ੋਸ਼ਲ ਮੀਡੀਏ ਉਤੇ ਚੱਢਾ ਦੇ ਪਟਨਾ ਸਾਹਿਬ ਵਿਖੇ ਹੋਣ ਬਾਰੇ ਤਸਵੀਰਾਂ ਤੇ ਵੀਡੀਉ ਦੀ ਉਹ ਜਾਂਚ ਕਰ ਰਹੇ ਹਨ, ਜੇ ਓਥੇ ਹੋਇਆ ਤਾਂ ਉਸ ਨੂੰ ਫੜ ਲਿਆ ਜਾਵੇਗਾ।
ਇਸ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਇੱਕ ਮੈਂਬਰ ਦੇ ਮੁਤਾਬਕ ਦੀਵਾਨ ਦੀ ਕਮੇਟੀ ਦੇ ਮੀਟਿੰਗ 10 ਜਨਵਰੀ ਨੂੰ ਬੁਲਾਈ ਗਈ ਹੈ, ਜਿਸ ਵਿਚ ਸਲਾਹਕਾਰ ਕਮੇਟੀ ਵਲੋਂ ਚੱਢਾ ਤੇ ਉਸ ਦੇ ਪੁੱਤਰ ਨੂੰ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਨੂੰ ਪ੍ਰਵਾਨ ਕੀਤਾ ਜਾਵੇਗਾ ਤੇ 21 ਦਿਨਾਂ ਦੇ ਅੰਦਰ ਐਗਜ਼ੈਕਟਿਵ ਕਮੇਟੀ ਦੇ ਫ਼ੈਸਲੇ ਨੂੰ ਜਰਨਲ ਹਾਊਸ ਵਿਚੋਂ ਪ੍ਰਵਾਨ ਕਰਵਾਇਆ ਜਾਵੇਗਾ।