ਚਰਨਜੀਤ ਚੱਢਾ ਦੀ ਅਗੇਤੀ ਜ਼ਮਾਨਤ ਮਨਜ਼ੂਰ


ਅੰਮ੍ਰਿਤਸਰ, 11 ਜਨਵਰੀ, (ਪੋਸਟ ਬਿਊਰੋ)- ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠਲੇ ਇਕ ਸਕੂਲ ਦੀ ਪ੍ਰਿੰਸੀਪਲ ਬੀਬੀ ਨਾਲ ਇਤਰਾਜ਼ ਯੋਗ ਵੀਡੀਓ ਵਾਇਰਲ ਹੋਣ ਦੇ ਕੇਸ ਵਿੱਚ ਇਸ ਸੰਸਥਾ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਅੱਜ ਇਥੇ ਅਦਾਲਤ ਨੇ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹੁਣ ਇਸ ਚਰਚਿਤ ਕੇਸ ਵਿੱਚ ਜੇਲ੍ਹ ਨਹੀਂ ਜਾਣਾ ਪਵੇਗਾ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਮਰਜੀਤ ਸਿੰਘ ਨੇ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾ ਫੈਸਲਾ ਕਰਦਿਆਂ ਉਨ੍ਹਾਂ ਨੂੰ 10 ਦਿਨਾਂ ਦੇ ਅੰਦਰ ਪੁਲਿਸ ਜਾਂਚ ਵਿੱਚ ਸ਼ਾਮਿਲ ਹੋ ਕੇ ਸਹਿਯੋਗ ਦੇਣ ਦਾ ਵੀ ਹੁਕਮ ਦਿੱਤਾ ਹੈ।
ਵਰਨਣ ਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਇਸ ਕੇਸ ਵਿੱਚ ਨਾਮਜ਼ਦ ਹੋਣ ਪਿੱਛੋਂ ਕਿਧਰੇ ਲੁਕ ਗਏ ਸਨ, ਪਰ ਇਸੇ ਦੌਰਾਨ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਜਦੋਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਤਾਂ ਚੱਢਾ ਵਲੋਂ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਪੇਸ਼ ਕੀਤੀ ਗਈ ਸੀ। ਇਸ ਉੱਤੇ ਉਨ੍ਹਾਂ ਨੂੰ 10 ਜਨਵਰੀ ਤੱਕ ਅੰਤ੍ਰਿਮ ਛੋਟ ਮਿਲ ਗਈ ਤੇ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਏ ਸਨ। ਬੀਤੇ 10 ਜਨਵਰੀ ਨੂੰ ਪੁਲਿਸ ਵਲੋਂ ਰਿਕਾਰਡ ਨਾ ਪੇਸ਼ ਕੀਤੇ ਜਾਣ ਕਾਰਨ ਅਦਾਲਤ ਨੇ ਸੁਣਵਾਈ ਅੱਜ ਲਈ ਤੈਅ ਕੀਤੀ ਸੀ, ਜਿਸ ਪਿੱਛੋਂ ਅੱਜ ਬਚਾਅ ਪੱਖ ਅਤੇ ਮੁਦਈ ਪੱਖ ਦੀ ਬਹਿਸ ਹੋਈ, ਜਿਸ ਵਿੱਚ ਮੁਦਈ ਔਰਤ ਵਲੋਂ ਪੇਸ਼ ਹੋਈ ਵਕੀਲ ਨਵਜੋਤ ਕੌਰ ਚੱਬਾ ਨੇ ਜ਼ਮਾਨਤ ਦੀ ਅਰਜ਼ੀ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਸ ਨਾਲ ਪੁਲਿਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਚਰਨਜੀਤ ਸਿੰਘ ਚੱਢਾ ਵਲੋਂ ਪੇਸ਼ ਹੋਏ ਵਕੀਲ ਐਸ ਐਸ ਚਾਹਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਵਿੱਚ ਚੱਢਾ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਚੱਢਾ ਦੀ ਵਡੇਰੀ ਉਮਰ ਦੇ ਹਵਾਲੇ ਨਾਲ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ, ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਜਲੰਧਰ ਦੇ ਕੁਝ ਲੋਕਾਂ ਦੇ ਖ਼ਿਲਾਫ਼ ਸਿ਼ਕਾਇਤ ਕੀਤੀ ਹੋਈ ਸੀ। ਅਦਾਲਤ ਨੇ ਸਾਰੇ ਪੱਖ ਸੁਣਨ ਪਿੱਛੋਂ ਚੱਢਾ ਨੂੰ ਪੇਸ਼ਗੀ ਜ਼ਮਾਨਤ ਦੇ ਕੇ ਜਾਂਚ ਵਿੱਚ ਸ਼ਾਮਿਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।