ਚਰਚਿਤ ‘ਸੰਤ’ ਰਾਮਪਾਲ ਨੇ ਜੇਲ੍ਹ ਵਿੱਚ ਟੀ ਵੀ ਅਤੇ ਕੇਬਲ ਸਹੂਲਤ ਮੰਗੀ


ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਸਤਲੋਕ ਆਸ਼ਰਮ (ਹਿਸਾਰ) ਦੇ ਮੁਖੀ ਸੰਤ ਰਾਮਪਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਰਾਹੀਂ ਜੇਲ੍ਹ ਵਿੱਚ ਟੈਲੀਵਿਜ਼ਨ ‘ਤੇ ਕੇਬਲ ਨੈਟਵਰਕ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਉੱਤੇ ਹਾਈ ਕੋਰਟ ਨੇ ਜੇਲ੍ਹ ਸੁਪਰਡੈਂਟ (ਹਿਸਾਰ) ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਕਿ ਉਸ ਦੇ ਵਿਰੁੱਧ ਕਿਉਂ ਨਾ ਉਲੰਘਣਾ ਦੀ ਕਾਰਵਾਈ ਕੀਤੀ ਜਾਵੇ।
ਮਿਲੀ ਜਾਣਕਾਰੀ ਅਨੁਸਾਰ ਰਾਮਪਾਲ ਨੇ ਆਪਣੇ ਵਕੀਲ ਗਗਨ ਪ੍ਰਦੀਪ ਸਿੰਘ ਬੱਲ ਰਾਹੀਂ ਪਟੀਸ਼ਨ ਵਿੱਚ ਹਾਈ ਕੋਰਟ ਦਾ ਧਿਆਨ ਦਿਵਾਇਆ ਹੈ ਕਿ ਹਰਿਆਣਾ ਸਰਕਾਰ ਵੱਲੋਂ ਬਣਾਏ ਨਿਯਮਾਂ ਦੇ ਮੁਤਾਬਕ ਵਿਚਾਰ ਅਧੀਨ ਬੰਦੀਆਂ ਨੂੰ ਜੇਲ੍ਹ ਵਿੱਚ ਟੈਲੀਵਿਜ਼ਨ ਤੇ ਕੇਬਲ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਨੂੰ ਆਧਾਰ ਬਣਾ ਕੇ ਜੇਲ੍ਹ ਸੁਪਰਡੈਂਟ ਕੋਲੋਂ ਸਹੂਲਤ ਮੰਗੀ ਗਈ ਸੀ, ਪਰ ਉਸ ਨੇ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਉੱਤੇ ਹਿਸਾਰ ਦੇ ਵਧੀਕ ਸੈਸ਼ਨ ਜੱਜ ਕੋਲ ਅਰਜ਼ੀ ਦਾਖਲ ਕੀਤੀ ਸੀ। ਹਿਸਾਰ ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਨਿਯਮਾਂ ਮੁਤਾਬਕ ਰਾਮਪਾਲ ਨੂੰ ਟੈਲੀਵਿਜ਼ਨ ਅਤੇ ਕੇਬਲ ਦੀ ਸਹੂਲਤ ਦਿੱਤੀ ਜਾਵੇ, ਪਰ ਸਹੂਲਤ ਨਹੀਂ ਦਿੱਤੀ ਗਈ, ਜਿਸ ‘ਤੇ ਹਿਸਾਰ ਅਦਾਲਤ ਵਿੱਚ ਫਿਰ ਪਹੁੰਚ ਕੀਤੀ ਗਈ ਤਾਂ ਸਰਕਾਰ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਰਾਮਪਾਲ ਨੂੰ ਇਹ ਸਹੂਲਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਸਹੂਲਤ ਬੈਰਕ ਵਿੱਚ ਦਿੱਤੀ ਜਾਂਦੀ ਹੈ ਅਤੇ ਰਾਮਪਾਲ ਵਿਸ਼ੇਸ਼ ਸੈਲ ਵਿੱਚ ਬੰਦ ਹੈ ਤੇ ਜੇ ਉਸ ਨੂੰ ਬੈਰਕ ਵਿੱਚ ਲਿਆਂਦਾ ਗਿਆ ਤਾਂ ਸੁਰੱਖਿਆ ਖਤਰੇ ਵਿੱਚ ਪੈਂਦੀ ਹੈ।
ਹਾਈ ਕੋਰਟ ਨੂੰ ਦੱਸਿਆ ਗਿਆ ਕਿ ਹਿਸਾਰ ਅਦਾਲਤ ਨੇ ਫਿਰ ਪਹਿਲਾਂ ਵਾਲਾ ਹੁਕਮ ਜਾਰੀ ਕਰਦਿਆਂ ਜੇਲ੍ਹ ਵਿੱਚ ਰਾਮਪਾਲ ਨੂੰ ਟੀ ਵੀ ਅਤੇ ਕੇਬਲ ਦੀ ਸਹੂਲਤ ਦੇਣ ਦੀ ਹਦਾਇਤ ਕੀਤੀ, ਪਰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਹੁਕਮ ਜਾਰੀ ਹੋਣ ਦੇ ਬਾਵਜੂਦ ਜੇਲ੍ਹ ਸੁਪਰਡੈਂਟ ਵੱਲੋਂ ਸਹੂਲਤ ਨਹੀਂ ਦਿੱਤੀ ਗਈ। ਇਸ ਅਰਜ਼ੀ ‘ਚ ਕਿਹਾ ਗਿਆ ਕਿ ਇਸ ਤਰ੍ਹਾਂ ਜੇਲ੍ਹ ਸੁਪਰਡੈਂਟ ਵੱਲੋਂ ਅਦਾਲਤੀ ਹੁਕਮਾਂ ਦੀ ਜਾਣਬੁਝ ਕੇ ਹੱਤਕ ਕੀਤੀ ਜਾ ਰਹੀ ਹੈ ਤੇ ਜੇਲ੍ਹ ਸੁਪਰਡੈਂਟ ਵਿਰੁੱਧ ਉਲੰਘਣਾ ਕਾਰਵਾਈ ਕੀਤੀ ਜਾਵੇ ਤੇ ਰਾਮਪਾਲ ਨੂੰ ਉਕਤ ਸਹੂਲਤ ਮੁਹੱਈਆ ਕਰਵਾਈ ਜਾਵੇ।