ਚਰਚਾਯੋਗ ਮਸਲਾ ਹੈ ਸਿਟੀ ਕਾਉਂਸਲਰਾਂ ਦੀ ਤਨਖਾਹ

22 ਮਾਰਚ ਨੂੰ ਉਂਟੇਰੀਓ ਦੀ ਸਨ-ਸ਼ਾਈਨ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਸਰਕਾਰੀ ਮੁਲਾਜ਼ਮਾਂ ਦੇ ਨਾਮ ਦਰਜ਼ ਹੁੰਦੇ ਹਨ ਜਿਹੜੇ ਇੱਕ ਸਾਲ ਵਿੱਚ 1 ਲੱਖ ਡਾਲਰ ਤੋਂ ਵੱਧ ਆਮਦਨ ਹਾਸਲ ਕਰਦੇ ਹਨ। ‘ਸਨ ਸ਼ਾਈਨ’ ਤੋਂ ਭਾਵ ਸੂਰਜ ਵਾਗੂੰ ਚਮਕਦੀ ਲਿਸਟ ਅਤੇ ਕੁੱਝ ਸਾਲ ਪਹਿਲਾਂ ਤੋਂ ਇਸ ਗੱਲ ਨੂੰ ਮੰਨ ਕੇ ਰੀਤ ਬਣੀ ਹੋਈ ਹੈ ਕਿ ਜੇ ਕਿਸੇ ਵਿਅਕਤੀ ਦੀ ਸਾਲਾਨਾ ਤਨਖਾਹ 1 ਲੱਖ ਡਾਲਰ ਤੋਂ ਵੱਧ ਹੈ, ਉਸ ਉੱਤੇ ਡਾਲਰਾਂ ਦੇ ਰੱਬੀ ਸੂਰਜ ਦੇ ਅੱਛੀ ਖਾਸੀ ਵਰਖਾ ਹੋ ਰਹੀ ਹੈ। ਇਸ ਸਾਲ ਦੀ ਲਿਸਟ ਵਿੱਚ ਸੱਭ ਤੋਂ ਟੌਪ ਤਨਖਾਹ ਲੈਣ ਵਾਲਾ ਅਧਿਕਾਰੀ ਉਂਟੇਰੀਓ ਪਾਵਰ ਜਨਰੇਸ਼ਨ ਦਾ ਮੁੱਖ ਕਾਰਜਕਾਰੀ ਅਫ਼ਸਰ ਜੈਫਰੀ ਲਾਇਸ਼ ਸੀ ਜਿਸਨੇ 2017 ਵਿੱਚ 15 ਲੱਖ 54 ਹਜ਼ਾਰ 456 ਡਾਲਰ 95 ਸੈਂਟ ਤਨਖਾਹ ਹਾਸਲ ਕੀਤੀ। ਪ੍ਰੋਵਿੰਸ ਦੀਆਂ ਵੱਖ ਵੱਖ ਖੇਤਰੀ ਪੁਲੀਸ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਵੱਡੀ ਗਿਣਤੀ ਵਿੱਚ ਪੁਲੀਸ ਅਫ਼ਸਰ ਅਤੇ ਸਕੂਲ ਬੋਰਡਾਂ ਦੇ ਅਧਿਆਪਕ , ਹਸਪਤਾਲਾਂ ਵਿੱਚ ਕੰਮ ਕਰਦੇ ਡਾਕਟਰ ਇਸ ਲਿਸਟ ਵਿੱਚ ਸ਼ਾਮਲ ਹੁੰਦੇ ਹਨ। ਪਰ ਅੱਜ ਸਾਡਾ ਮੁੱਦਾ ਮਿਉਂਸੀਪਲ ਕਾਉਂਸਲਰਾਂ ਦੀਆਂ ਤਨਖਾਹਾਂ ਬਾਰੇ ਗੱਲ ਕਰਨਾ ਹੈ।

ਜਦੋਂ ਤਨਖਾਹਾਂ ਦੀ ਗੱਲ ਚੱਲਦੀ ਹੈ ਤਾਂ ਉਸ ਵਿੱਚ ਤਨਖਾਹ ਅਤੇ ਲਾਭ ਸ਼ਾਮਲ ਕੀਤੇ ਜਾਂਦੇ ਹਨ ਪਰ ਕਈ ਮਿਉਂਸੀਪਲ ਕਾਉਂਸਲਰ ਵੱਖੋ ਵੱਖਰੀ ਕਮੇਟੀਆਂ ਜਾਂ ਰੀਜਨਲ ਕਮੇਟੀਆਂ ਉੱਤੇ ਬੈਠਦੇ ਹਨ ਜਿਸ ਵਾਸਤੇ ਤਨਖਾਹ ਕਿਸੇ ਬਾਹਰਲੇ ਸ੍ਰੋਤ ਤੋਂ ਆਉਂਦੀ ਹੈ। ਮਿਸਾਲ ਵਜੋਂ ਮਿਸੀਸਾਗਾ ਮਿਉਂਸੀਪਲ ਕਾਉਂਸਲਰ ਪੀਲ ਰੀਜਨਲ ਕਾਉਂਸਲ ਉੱਤੇ ਵੀ ਬੈਠਦੇ ਹਨ ਭਾਵ ਮਿਸੀਸਾਗਾ ਸਿਟੀ ਦਾ ਹਰੇਕ ਕਾਉਂਸਲਰ ਰੀਜਨਲ ਕਾਉਂਸਲ ਉੱਤੇ ਵੀ ਬੈਠਦਾ ਹੈ ਜਿਸਦੀ ਉਸਨੂੰ ਵੱਖ ਤਨਖਾਹ ਮਿਲਦੀ ਹੈ। ਰੀਜਨਲ ਕਾਉਂਸਲ ਦੀ ਤਨਖਾਹ ਨੂੰ ਹਿਸਾਬ ਵਿੱਚ ਨਹੀਂ ਰੱਖਿਆ ਜਾਂਦਾ ਕਿਉਂਕਿ ਇਸ ਤਨਖਾਹ ਨੂੰ ਪਾਰਟ ਟਾਈਮ ਵਰਕ ਸਮਝਿਆ ਜਾਂਦਾ ਹੈ। ਮਿਸੀਸਾਗਾ ਸਿਟੀ ਕਾਉਂਸਲਰਾਂ ਦੀ ਮੁੱਢਲੀ ਤਨਖਾਹ 86,900 ਡਾਲਰ ਹੈ ਜਿਸਦੇ ਉੱਤੇ 65 ਹਜ਼ਾਰ ਹੋਰ ਡਾਲਰ ਉਹਨਾਂ ਨੂੰ ਰੀਜਨਲ ਕਾਉਂਸਲ ਉੱਤੇ ਬੈਠਣ ਦੇ ਮਿਲਦੇ ਹਨ।

ਇਸੇ ਤਰਾਂ ਬਰੈਂਪਟਨ ਸਿਟੀ ਕਾਉਂਸਲਰਾਂ ਦੀ ਮੁੱਢਲੀ ਤਨਖਾਹ (base salary) 85 ਹਜ਼ਾਰ ਡਾਲਰ ਦੇ ਕਰੀਬ ਹੈ ਪਰ ਉਹ ਖੁਦ ਨੂੰ ਹਰ ਸਾਲ 12 ਹਜ਼ਾਰ ਦੇ ਕਰੀਬ ਪੈਨਸ਼ਨ ਭੱਤਾ ਵੀ ਦੇਂਦੇ ਹਨ। ਇਸੇ ਤਰਾਂ ਹਰ ਇੱਕ ਕਾਉਂਸਲਰ ਸਾਲ ਵਿੱਚ 15 ਤੋਂ 18 ਹਜ਼ਾਰ ਡਾਲਰ ਪ੍ਰਤੀ ਸਾਲ ਕਾਰ ਅਲਾਊਂਸ ਦੀ ਸ਼ਕਲ ਵਿੱਚ ਲੈਂਦਾ ਹੈ। ਇਸਤੋਂ ਇਲਾਵਾ ਕਾਉਂਸਲਰਾਂ ਲਈ ਬਹੁਤ ਖੁੱਲੇ ਡੁੱਲੇ ਸਿਹਤ ਲਾਭ ਹੁੰਦੇ ਹਨ। ਮਿਸਾਲ ਵਜੋਂ ਬਰੈਂਪਟਨ ਦਾ ਹਰੇਕ ਕਾਉਂਸਲਰ ਸਾਲ ਵਿੱਚ 10 ਹਜ਼ਾਰ ਡਾਲਰ ਤੱਕ ਨਰਸਿੰਗ ਸੇਵਾਵਾਂ ਲੈ ਸਕਦਾ ਹੈ। ਕਿਸੇ ਮਨੋਵਿਗਿਆਨਕ ਕੋਲੋਂ ਸੇਵਾਵਾਂ ਲੈਣ ਲਈ ਹਰ 30 ਮਿੰਟ ਲਈ 45 ਡਾਲਰ ਅਦਾ ਕਰ ਸਕਦਾ ਹੈ। ਇਸ ਉੱਤੇ ਕੋਈ ਸੀਮਾ ਨਹੀਂ ਕਿ ਉਹ ਕਿੰਨੀ ਵਾਰ ਸੇਵਾ ਲੈਣੀ ਹੈ ਅਤੇ ਨਾ ਹੀ ਕਿਸੇ ਡਾਕਟਰ ਤੋਂ ਪਰਚੀ ਲੈਣ ਦੀ ਲੋੜ ਹੈ। ਭੱਤਿਆਂ ਵਿੱਚ ਕਲੱਬਾਂ ਦੀਆਂ ਮੈਂਬਰਸਿ਼ੱਪਾਂ ਆਦਿ ਵੀ ਹੋ ਸਕਦੇ ਹਨ।

ਕਈ ਮਿਉਂਸਪੈਲਟੀਆਂ ਦੇ ਕਾਉਂਸਲਰਾਂ ਦੀ ਤਨਖਾਹ 2 ਲੱਖ ਡਾਲਰ ਸਾਲਾਨਾ ਤੋਂ ਵੀ ਵੱਧ ਹੈ। ਮਿਸੀਸਾਗਾ ਦੇ ਦੋ ਕਾਉਂਸਲਰਾਂ ਨੈਂਡੋ ਲਾਨੀਕਾ ਅਤੇ ਸੂ-ਮੈਕਫੈਡਨ ਨੇ 2017 ਵਿੱਚ 2 ਲੱਖ 4 ਹਜ਼ਾਰ ਡਾਲਰ ਤਨਖਾਹ ਵਜੋਂ ਪ੍ਰਾਪਤ ਕੀਤੇ। ਰੋਚਕ ਗੱਲ ਇਹ ਹੈ ਕਿ ਕਈ ਸਿਟੀ ਕਾਉਂਸਲਰਾਂ ਦੀ ਤਨਖਾਹ ਵੱਡੀ ਗਿਣਤੀ ਵਿੱਚ ਸਿਟੀ ਅਧਿਕਾਰੀਆਂ ਨਾਲੋਂ ਘੱਟ ਹੁੰਦੀ ਹੈ। ਜਿੱਥੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵੇਰਵੇ ਜਨਤਕ ਰੂਪ ਵਿੱਚ ‘ਸਨ ਸ਼ਾਈਨ ਲਿਸਟ’ ਤਹਿਤ ਜਾਰੀ ਕਰ ਦਿੱਤੇ ਜਾਂਦੇ ਹਨ, ਚੁਣੇ ਹੋਏ ਅਧਿਕਾਰੀਆਂ ਦੇ ਕੇਸ ਵਿੱਚ ਅਜਿਹਾ ਨਹੀਂ ਕੀਤਾ ਜਾਂਦਾ।

ਜਿੱਥੇ ਬਰੈਂਪਟਨ ਅਤੇ ਮਿਸੀਸਾਗਾ ਦੇ ਕਈ ਕਾਉਂਸਲਰ ਡੇਢ ਤੋਂ ਦੋ ਲੱਖ ਡਾਲਰ ਸਾਲਾਨਾ ਸਾਡੇ ਟੈਕਸ ਡਾਲਰਾਂ ਵਿੱਚੋਂ ਕੱਢਦੇ ਹਨ, ਉੱਥੇ ਪਿਕਰਿੰਗ ਲਾਗੇ ਪੈਂਦੀ ਮਿਉਂਸਪੈਲਟੀ ਕਲਾਰਿੰਗਟਨ ਵਿੱਚ ਕਾਉਂਸਲਰਾਂ ਦੀ ਮੁੱਢਲੀ ਤਨਖਾਹ ਸਿਰਫ਼ 36 ਹਜ਼ਾਰ 900 ਡਾਲਰ ਹੈ। ਤਨਖਾਹਾਂ ਬਾਰੇ ਚੱਲਦੇ ਇਸ ਰਾਮ ਘਚੋਲੇ ਦੇ ਸਨਮੁਖ ਹੋਣਾ ਇਹ ਚਾਹੀਦਾ ਹੈ ਕਿ ਸਿਟੀ ਕਾਉਂਸਲਰਾਂ ਅਤੇ ਮੇਅਰਾਂ ਦੀ ਤਨਖਾਹ ਪ੍ਰੋਵਿੰਸ ਵੱਲੋਂ ਫਿਕਸ ਕਰ ਦਿੱਤੀ ਜਾਣੀ ਚਾਹੀਦੀ ਹੈ। ਨਾਲ ਹੀ ਮੁਲਾਜ਼ਮਾਂ ਵਾਗੂੰ ਚੁਣੇ ਨੁਮਾਇੰਦਿਆਂ (elected officials) ਦੀ ਤਨਖਾਹ ਵੀ ਸਨ-ਸ਼ਾਈਨ ਲਿਸਟ ਵਿੱਚ ਜਾਰੀ ਕੀਤੇ ਜਾਣੇ ਚਾਹੀਦੇ ਹਨ। ਆਖਰ ਨੂੰ ਉਹਨਾਂ ਦੀਆਂ ਤਨਖਾਹਾਂ ਦਾ ਪੈਸਾ ਵੀ ਲੋਕਾਂ ਦੇ ਟੈਕਸ ਡਾਲਰਾਂ ਵਿੱਚੋਂ ਭਰਿਆ ਜਾਂਦਾ ਹੈ।